ਝੋਟਾ ਕਤਲਕਾਂਡ: ਸਰਕਾਰ ਨੇ ਗੱਲਬਾਤ ਲਈ ਬਣਾਈ 3 ਮਹਿਲਾ IAS ਅਧਿਕਾਰੀਆਂ ਦੀ ਟੀਮ, ਇਨਸਾਫ਼ ਕਮੇਟੀ ਨਾਲ ਮੀਟਿੰਗ ਦੀ ਕੋਸ਼ਿਸ਼
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਰਾਹੀਂ ਇਨਸਾਫ਼ ਕਮੇਟੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਕਮੇਟੀ ਨੇ ਪੁਲਿਸ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਨਸਾਫ਼ ਕਮੇਟੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਜਾਂਚ ਦੀ ਮੰਗ ਕਰ ਰਹੀ ਹੈ।
ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਨੂੰ ਲੈ ਕੇ ਮਾਨਸਾ ‘ਚ ਚੱਲ ਰਿਹਾ ਧਰਨਾ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਮਾਮਲੇ ‘ਚ ਪੰਜਾਬ ਸਰਕਾਰ ਨੇ ਗੱਲਬਾਤ ਦੀ ਪਹਿਲ ਕਰਦਿਆਂ ਇਨਸਾਫ਼ ਕਮੇਟੀ ਨਾਲ ਵਾਰਤਾ ਲਈ ਤਿੰਨ ਮਹਿਲਾ IAS ਅਧਿਕਾਰੀਆਂ ਦੀ ਟੀਮ ਬਣਾਈ ਹੈ। ਇਸ ਟੀਮ ‘ਚ ਕੰਵਲਪ੍ਰੀਤ ਕੌਰ ਬਰਾੜ, ਅਪਨੀਤ ਰਿਆਤ ਤੇ ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਸ਼ਾਮਲ ਹਨ।
ਕੰਵਲਪ੍ਰੀਤ ਕੌਰ ਬਰਾੜ ਫ਼ਰੀਦਕੋਟ ਰੇਂਜ ਦੀ ਕਮਿਸ਼ਨਰ ਹਨ, ਜਦਕਿ ਅਪਨੀਤ ਰਿਆਤ ਪਹਿਲਾਂ ਮਾਨਸਾ ਦੀ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ। ਸਰਕਾਰ ਵੱਲੋਂ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਝੋਟਾ ਇਨਸਾਫ਼ ਕਮੇਟੀ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠੀ ਹੋਈ ਹੈ ਤੇ ਮਾਮਲੇ ‘ਚ ਇਨਸਾਫ਼ ਦੀ ਮੰਗ ਕਰ ਰਹੀ ਹੈ।
ਸੀਬੀਆਈ ਜਾਂਚ ਦੀ ਮੰਗ
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਰਾਹੀਂ ਇਨਸਾਫ਼ ਕਮੇਟੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਕਮੇਟੀ ਨੇ ਪੁਲਿਸ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਨਸਾਫ਼ ਕਮੇਟੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਜਾਂਚ ਦੀ ਮੰਗ, ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਡੀਜੀਪੀ ਦੇ ਅਸਤੀਫ਼ੇ ਸਮੇਤ ਹੋਰ ਮੰਗਾਂ ਕਰ ਰਹੀ ਹੈ। ਕਮੇਟੀ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਪਰਵਿੰਦਰ ਸਿੰਘ ਝੋਟਾ ਦੀ ਲਾਸ਼ ਦਾ ਪੋਸਟਮਾਰਟਮ ਤੇ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ। ਪਰਿਵਾਰ ਦਾ ਧਰਨਾ ਸੱਤਵੇਂ ਦਿਨ ‘ਚ ਦਾਖ਼ਲ ਹੋ ਗਿਆ ਹੈ ਤੇ ਝੋਟਾ ਦੀ ਲਾਸ਼ ਪਿਛਲੇ ਸੱਤ ਦਿਨਾਂ ਤੋਂ ਮਾਨਸਾ ਦੇ ਹਸਪਤਾਲ ‘ਚ ਰੱਖੀ ਹੋਈ ਹੈ।
ਅੱਜ ਪੰਜਾਬ ਭਰ ‘ਚ ‘ਆਪ’ ਆਗੂਆਂ ਦੇ ਘਰਾਂ ਦਾ ਹੋਵੇਗਾ ਘਿਰਾਓ
ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਵਿਰੋਧ ‘ਚ ਇਨਸਾਫ਼ ਕਮੇਟੀ ਨੇ ਅੱਜ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਕਮੇਟੀ ਮੁਤਾਬਕ, ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸ਼ਾਂਤਮਈ ਪ੍ਰਦਰਸ਼ਨ ਕੀਤੇ ਜਾਣਗੇ।
ਇਹ ਵੀ ਪੜ੍ਹੋ
ਇਸ ਸੰਘਰਸ਼ ਨੂੰ ਸੰਯੁਕਤ ਕਿਸਾਨ ਮੋਰਚਾ (SKM) ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ। ਮੋਰਚੇ ਨੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਰਣਨੀਤੀ ਤਿਆਰ ਕਰਕੇ ਇਸ ਮੁੱਦੇ ਨੂੰ ਵਿਆਪਕ ਪੱਧਰ ‘ਤੇ ਉਠਾਉਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਇਨਸਾਫ਼ ਕਮੇਟੀ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਲਗਾਏ ਗਏ ਸਰਕਾਰੀ ਪੋਸਟਰ ਪਾੜਨ ਦਾ ਵੀ ਫ਼ੈਸਲਾ ਕੀਤਾ ਹੈ।
ਝੋਟੇ ਪਿਤਾ ਦੀ ਮੰਗ
ਪਰਵਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਿਰਫ਼ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਨੂੰ ਫੜਨਾ ਹੀ ਕਾਫ਼ੀ ਨਹੀਂ ਹੈ, ਸਗੋਂ ਸਾਜ਼ਿਸ਼ ਰਚਣ ਵਾਲਿਆਂ ਦੀ ਵੀ ਪਛਾਣ ਹੋਣੀ ਚਾਹੀਦੀ ਹੈ।


