ਜਲੰਧਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਲਈ ਤਿਆਰ, ਅੰਤਰਰਾਸ਼ਟਰੀ ਟੀਮਾਂ ਆਉਣੀਆਂ ਸ਼ੁਰੂ
ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਤੇ ਇਸ 'ਚ ਹਿੱਸਾ ਲੈਣ ਵਾਲੀਆਂ ਅੰਤਰਰਾਸ਼ਟਰੀ ਟੀਮਾਂ ਦੀ ਆਮਦ ਸ਼ੁਰੂ ਹੋਣ ਜਾ ਰਹੀ ਹੈ। ਹਾਕੀ ਇੰਡੀਆ ਦੇ ਉਪ ਪ੍ਰਧਾਨ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਤਿਆਰੀਆਂ ਅਤੇ ਵੱਖ-ਵੱਖ ਟੀਮਾਂ ਦੇ ਪਹੁੰਚਣ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਲੰਧਰ ਲਈ ਇਹ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦਾ ਹਾਕੀ ਦੇ ਖੇਤਰ 'ਚ ਸ਼ਾਨਦਾਰ ਇਤਿਹਾਸ ਰਿਹਾ ਹੈ।
ਪੰਜਾਬ ‘ਚ ਹੋਣ ਵਾਲੇ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਲਈ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਕੌਮਾਂਤਰੀ ਖੇਡ ਸਮਾਗਮ ਲਈ ਜਲੰਧਰ ਅਤੇ ਮੋਹਾਲੀ ਨੂੰ ਮੇਜ਼ਬਾਨ ਵਜੋਂ ਚੁਣਿਆ ਗਿਆ ਹੈ ਤੇ ਟੂਰਨਾਮੈਂਟ ਦਾ ਸ਼ਡਿਊਲ ਵੀ ਜਾਰੀ ਕੀਤਾ ਜਾ ਚੁੱਕਾ ਹੈ। ਜਲੰਧਰ ‘ਚ 27 ਅਕਤੂਬਰ ਤੋਂ 2 ਨਵੰਬਰ, 2026 ਤੱਕ ਮੁਕਾਬਲੇ ਕਰਵਾਏ ਜਾਣਗੇ, ਜਦਕਿ ਮੋਹਾਲੀ ‘ਚ 4 ਤੇ 5 ਨਵੰਬਰ ਨੂੰ ਪੂਲ ਮੁਕਾਬਲਿਆਂ ਤੇ ਕਾਂਸੀ, ਚਾਂਦੀ ਤੇ ਸੋਨੇ ਦੇ ਤਮਗਿਆਂ ਲਈ ਮੁਕਾਬਲੇ ਖੇਡੇ ਜਾਣਗੇ।
ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ ਤੇ ਇਸ ‘ਚ ਹਿੱਸਾ ਲੈਣ ਵਾਲੀਆਂ ਅੰਤਰਰਾਸ਼ਟਰੀ ਟੀਮਾਂ ਦੀ ਆਮਦ ਸ਼ੁਰੂ ਹੋਣ ਜਾ ਰਹੀ ਹੈ। ਹਾਕੀ ਇੰਡੀਆ ਦੇ ਉਪ ਪ੍ਰਧਾਨ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਤਿਆਰੀਆਂ ਅਤੇ ਵੱਖ-ਵੱਖ ਟੀਮਾਂ ਦੇ ਪਹੁੰਚਣ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਲੰਧਰ ਲਈ ਇਹ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦਾ ਹਾਕੀ ਦੇ ਖੇਤਰ ‘ਚ ਸ਼ਾਨਦਾਰ ਇਤਿਹਾਸ ਰਿਹਾ ਹੈ। ਇਹ ਟੂਰਨਾਮੈਂਟ ਏਸ਼ੀਆ ਦੀਆਂ ਵੱਖ-ਵੱਖ ਟੀਮਾਂ ਨੂੰ ਇੱਕ ਮੰਚ ‘ਤੇ ਲਿਆਉਣ ਦੇ ਨਾਲ-ਨਾਲ ਪੰਜਾਬ ਦੇ ਹਾਕੀ ਪ੍ਰਤੀ ਜਨੂੰਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਜਾਗਰ ਕਰੇਗਾ।
18 ਅਕਤੂਬਰ ਤੋਂ ਸ਼ੁਰੂ ਭਾਰਤੀ ਟੀਮ ਦਾ ਕੈਂਪ
ਨਿਰਧਾਰਤ ਸ਼ਡਿਊਲ ਅਨੁਸਾਰ, ਭਾਰਤੀ ਪੁਰਸ਼ ਹਾਕੀ ਟੀਮ 18 ਅਕਤੂਬਰ ਤੋਂ ਜਲੰਧਰ ‘ਚ ਆਪਣਾ ਕੈਂਪ ਸ਼ੁਰੂ ਕਰ ਦਿੱਤਾ ਹੈ। ਭਾਰਤੀ ਦਲ ਦੇ ਠਹਿਰਨ ਲਈ ਜਲੰਧਰ ਦੇ ਬਲੂਮ ਹੋਟਲ ‘ਚ ਪ੍ਰਬੰਧ ਕੀਤੇ ਗਏ ਹਨ। ਟੀਮ ਦੇ ਖਿਡਾਰੀ ਵੱਖ-ਵੱਖ ਸਮੇਂ ‘ਤੇ ਸ਼ਹਿਰ ਪਹੁੰਚਣਗੇ।
ਹੋਰ ਭਾਗ ਲੈਣ ਵਾਲੀਆਂ ਟੀਮਾਂ ਵੀ ਟੂਰਨਾਮੈਂਟ ਤੋਂ ਪਹਿਲਾਂ ਜਲੰਧਰ ਪਹੁੰਚਣਗੀਆਂ। ਜਾਪਾਨ ਦੀ 23 ਮੈਂਬਰੀ ਟੀਮ ਦੇ 22 ਅਕਤੂਬਰ ਨੂੰ ਪਹੁੰਚਣ ਦੀ ਸੰਭਾਵਨਾ ਹੈ। ਇਸ ਟੀਮ ਦੇ ਠਹਿਰਨ ਦਾ ਪ੍ਰਬੰਧ ਡਬਲਯੂਜੇ ਗ੍ਰੈਂਡ ਵਿੱਚ ਕੀਤਾ ਗਿਆ ਹੈ।
ਇਸੇ ਤਰ੍ਹਾਂ, ਮਲੇਸ਼ੀਆ ਦੀ 28 ਮੈਂਬਰੀ ਟੀਮ 23 ਅਕਤੂਬਰ ਨੂੰ ਪਹੁੰਚਣ ਦੀ ਉਮੀਦ ਹੈ ਤੇ ਉਸ ਦੇ ਰਹਿਣ ਲਈ ਫਾਰਚੂਨ ਐਵੇਨਿਊ ‘ਚ ਪ੍ਰਬੰਧ ਕੀਤੇ ਗਏ ਹਨ। ਬੰਗਲਾਦੇਸ਼ ਦੀ 21 ਮੈਂਬਰੀ ਟੀਮ ਵੀ 23 ਅਕਤੂਬਰ ਨੂੰ ਜਲੰਧਰ ਪਹੁੰਚੇਗੀ ਅਤੇ ਰਮਾਡਾ ਬਾਇ ਵਿੰਡਹੈਮ ‘ਚ ਠਹਿਰੇਗੀ। ਹਾਲਾਂਕਿ, ਬੰਗਲਾਦੇਸ਼ ਦੀ ਉਡਾਣ ਤੇ ਪਹੁੰਚਣ ਦਾ ਸਮਾਂ ਹਾਲੇ ਤੈਅ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ
ਕੋਰੀਆ ਦੀ 24 ਮੈਂਬਰੀ ਟੀਮ ਦੇ 24 ਅਕਤੂਬਰ ਨੂੰ ਪਹੁੰਚਣ ਦੀ ਉਮੀਦ ਹੈ। ਇਸ ਟੀਮ ਲਈ ਗੋਲਡਨ ਟਿਊਲਿਪ ਹੋਟਲ ‘ਚ ਪ੍ਰਬੰਧ ਕੀਤੇ ਗਏ ਹਨ। ਇਸੇ ਦਿਨ ਚੀਨ ਦੀ 28 ਮੈਂਬਰੀ ਟੀਮ ਵੀ ਜਲੰਧਰ ਪਹੁੰਚ ਸਕਦੀ ਹੈ, ਜਿਸ ਦੇ ਠਹਿਰਨ ਦਾ ਪ੍ਰਬੰਧ ਹੋਟਲ ਅੰਬੈਸਡਰ ‘ਚ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਉਦਘਾਟਨ
ਨਿਤਿਨ ਕੋਹਲੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ‘ਚ ਜੁਟੀ ਹੋਈ ਹੈ। ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖ਼ੁਦ ਬਰਲਟਨ ਪਾਰਕ ਸਟੇਡੀਅਮ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਸਟੇਡੀਅਮ ‘ਚ ਲਾਈਟਿੰਗ ਸਿਸਟਮ, ਸਕੋਰਬੋਰਡ ਤੇ ਨਵੀਨੀਕਰਨ ਨਾਲ ਸਬੰਧਤ ਕੰਮਾਂ ਦੀ ਸਮੀਖਿਆ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਟੂਰਨਾਮੈਂਟ ਦਾ ਉਦਘਾਟਨ ਕਰਨਗੇ। ਇਸ ਨਾਲ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਰਸਮੀ ਸ਼ੁਰੂਆਤ ਹੋਵੇਗੀ।
ਖਿਡਾਰੀਆਂ ਤੇ ਦਰਸ਼ਕਾਂ ਲਈ ਹੋਣਗੇ ਵਿਸ਼ੇਸ਼ ਪ੍ਰਬੰਧ
ਨਿਤਿਨ ਕੋਹਲੀ ਨੇ ਕਿਹਾ ਕਿ ਟੂਰਨਾਮੈਂਟ ਦੌਰਾਨ ਖਿਡਾਰੀਆਂ, ਅਧਿਕਾਰੀਆਂ ਅਤੇ ਦਰਸ਼ਕਾਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦਿਆਂ ਰਿਹਾਇਸ਼, ਆਵਾਜਾਈ, ਸੁਰੱਖਿਆ ਤੇ ਸਟੇਡੀਅਮ ਨਾਲ ਸਬੰਧਤ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਕੌਮਾਂਤਰੀ ਟੀਮਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਵਿਸ਼ੇਸ਼ ਟਰਾਂਸਪੋਰਟ ਪ੍ਰਬੰਧ ਵੀ ਕੀਤੇ ਜਾਣਗੇ, ਤਾਂ ਜੋ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ, ਜਲੰਧਰ ਦੀ ਹਾਕੀ ‘ਚ ਮਾਣਮੱਤੀ ਪਰੰਪਰਾ ਰਹੀ ਹੈ ਤੇ ਇਸ ਪੱਧਰ ਦੇ ਕੌਮਾਂਤਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਸ਼ਹਿਰ ਤੇ ਪੰਜਾਬ ਲਈ ਵੱਡਾ ਮੌਕਾ ਹੈ। ਟੀਮਾਂ ਦੀ ਆਮਦ ਤੇ ਭਾਰਤੀ ਟੀਮ ਦੇ ਕੈਂਪ ਦੀ ਸ਼ੁਰੂਆਤ ਇਸ ਵੱਡੇ ਖੇਡ ਸਮਾਗਮ ਲਈ ਚੱਲ ਰਹੀਆਂ ਤਿਆਰੀਆਂ ਨੂੰ ਦਰਸਾਉਂਦੀ ਹੈ। ਉਨ੍ਹਾਂ ਪੰਜਾਬ ‘ਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਹਾਕੀ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਹਿਯੋਗ ਦੀ ਸ਼ਲਾਘਾ ਵੀ ਕੀਤੀ।
ਨੌਜਵਾਨ ਖਿਡਾਰੀਆਂ ਨੂੰ ਮਿਲੇਗੀ ਪ੍ਰੇਰਣਾ
ਨਿਤਿਨ ਕੋਹਲੀ ਨੇ ਭਰੋਸਾ ਜਤਾਇਆ ਕਿ ਪੰਜਾਬ ਸਰਕਾਰ ਤੇ ਸਬੰਧਤ ਵਿਭਾਗਾਂ ਦੇ ਸਾਂਝੇ ਯਤਨਾਂ ਨਾਲ ਟੂਰਨਾਮੈਂਟ ਦਾ ਸਫਲ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਨੌਜਵਾਨ ਖਿਡਾਰੀਆਂ ਨੂੰ ਹਾਕੀ ਵੱਲ ਪ੍ਰੇਰਿਤ ਕਰਨ ਦੇ ਨਾਲ-ਨਾਲ ਜਲੰਧਰ ਦੀ ਪਛਾਣ ਨੂੰ ਇੱਕ ਮਹੱਤਵਪੂਰਨ ਹਾਕੀ ਕੇਂਦਰ ਵਜੋਂ ਹੋਰ ਮਜ਼ਬੂਤ ਕਰੇਗਾ। ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਜਲੰਧਰ ਤੇ ਮੋਹਾਲੀ ਨੂੰ ਕੌਮਾਂਤਰੀ ਖੇਡ ਨਕਸ਼ੇ ‘ਤੇ ਆਪਣੀ ਪਛਾਣ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਪੰਜਾਬ ਦੀ ਅਮੀਰ ਹਾਕੀ ਵਿਰਾਸਤ ਨੂੰ ਕੌਮਾਂਤਰੀ ਪੱਧਰ ‘ਤੇ ਨਵੀਂ ਪਛਾਣ ਮਿਲਣ ਦੀ ਉਮੀਦ ਹੈ।


