ਈਰਾਨ ਇਜਰਾਇਲ ਜੰਗ
ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਆਪਣੇ ਸਿਖਰ ‘ਤੇ ਹੈ। ਦੋਵਾਂ ਦੇਸ਼ਾਂ ਵਿਚ ਹਮਲੇ ਅਤੇ ਜਵਾਬੀ ਹਮਲੇ ਦਾ ਦੌਰ ਚੱਲ ਰਿਹਾ ਹੈ। ਈਰਾਨ ਅਤੇ ਇਜ਼ਰਾਈਲ ਵਿਚਕਾਰ ਯੁੱਧ 1 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ। ਸੀਰੀਆ ਦੀ ਰਾਜਧਾਨੀ ਦਮਿਸ਼ਕ ‘ਚ ਈਰਾਨ ਦੇ ਦੂਤਘਰ ‘ਤੇ ਹਮਲਾ ਕੀਤਾ ਗਿਆ। ਇਸ ਹਮਲੇ ‘ਚ ਈਰਾਨ ਦੇ ਚੋਟੀ ਦੇ ਕਮਾਂਡਰ ਦੀ ਮੌਤ ਵੀ ਹੋ ਗਈ ਸੀ। ਇਸ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇਸ ਹਮਲੇ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਕਿ ਈਰਾਨ ਜਵਾਬ ਦੇਵੇਗਾ। ਹਮਲੇ ਦੇ 14 ਦਿਨ ਬਾਅਦ ਯਾਨੀ 14 ਅਪ੍ਰੈਲ ਨੂੰ ਈਰਾਨ ਨੇ ਇਜ਼ਰਾਈਲ ‘ਤੇ ਹਮਲਾ ਕੀਤਾ।
ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਇਹੀ ਕਾਰਨ ਨਹੀਂ ਹੈ। ਦਰਅਸਲ, ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਚੱਲ ਰਹੀ ਹੈ। ਇਸ ਦੀ ਸ਼ੁਰੂਆਤ 7 ਅਕਤੂਬਰ ਨੂੰ ਹੋਈ ਸੀ। ਇਸ ਯੁੱਧ ਤੋਂ ਬਾਅਦ ਲਾਲ ਸਾਗਰ ਵਿੱਚ ਵੀ ਤਣਾਅ ਵਧ ਗਿਆ। ਯਮਨ ਦੇ ਹੂਤੀ ਬਾਗੀ ਇੱਥੇ ਪੱਛਮੀ ਦੇਸ਼ਾਂ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਹੂਤੀ ਨੂੰ ਈਰਾਨ ਦਾ ਸਮਰਥਨ ਹਾਸਲ ਹੈ। ਉਹ ਹਮਾਸ ਦਾ ਵੀ ਸਮਰਥਨ ਕਰਦਾ ਰਿਹਾ ਹੈ।
ਉੱਧਰ, ਇਜ਼ਰਾਈਲ ਨੇ ਈਰਾਨ ਦੇ ਪੀਪਲਜ਼ ਮੁਜਾਹਿਦੀਨ ਵਰਗੇ ਈਰਾਨੀ ਬਾਗੀਆਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਸੀਰੀਆ ਵਿੱਚ ਈਰਾਨੀ ਸਹਿਯੋਗੀਆਂ ਵਿਰੁੱਧ ਹਵਾਈ ਹਮਲੇ ਕੀਤੇ ਹਨ ਅਤੇ ਈਰਾਨੀ ਪ੍ਰਮਾਣੂ ਵਿਗਿਆਨੀਆਂ ਨੂੰ ਮਾਰਿਆ ਹੈ। 2018 ਵਿੱਚ, ਇਜ਼ਰਾਈਲੀ ਫੌਜ ਨੇ ਸੀਰੀਆ ਵਿੱਚ ਈਰਾਨੀ ਫੌਜ ‘ਤੇ ਸਿੱਧਾ ਹਮਲਾ ਕੀਤਾ ਸੀ। ਈਰਾਨ ਅਤੇ ਇਜ਼ਰਾਈਲ ਲੰਬੇ ਸਮੇਂ ਤੋਂ ਇੱਕ ਦੂਜੇ ਨਾਲ ਪ੍ਰੌਕਸੀ ਵਾਰ ਲੜ ਰਹੇ ਹਨ। ਹਾਲਾਂਕਿ, ਦੋਵਾਂ ਦੇਸ਼ਾਂ ਵਿਚਕਾਰ ਕਦੇ ਵੀ ਸਿੱਧੀ ਵੱਡੀ ਜੰਗ ਨਹੀਂ ਹੋਈ ਹੈ।
ਈਰਾਨ ‘ਤੇ ਹਮਾਸ ਅਤੇ ਹਿਜ਼ਬੁੱਲਾ ਵਰਗੇ ਸੰਗਠਨਾਂ ਰਾਹੀਂ ਅਕਸਰ ਇਜ਼ਰਾਈਲ ਜਾਂ ਉਸ ਦੇ ਦੂਤਾਵਾਸ ‘ਤੇ ਹਮਲੇ ਕਰਨ ਦਾ ਆਰੋਪ ਲੱਗਦਾ ਰਿਹਾ ਹੈ। ਜਦਿਕ ਇਜ਼ਰਾਈਲ ਇਨ੍ਹਾਂ ਹਮਲਿਆਂ ਦਾ ਜਵਾਬ ਹਮਾਸ, ਹਿਜ਼ਬੁੱਲਾ ਜਾਂ ਈਰਾਨੀ ਟਿਕਾਣਿਆਂ ‘ਤੇ ਸਿੱਧੇ ਹਮਲੇ ਕਰਕੇ ਦਿੰਦਾ ਹੈ। 1 ਅਪ੍ਰੈਲ, 2024 ਨੂੰ ਸੀਰੀਆ ਵਿੱਚ ਈਰਾਨੀ ਦੂਤਾਵਾਸ ਦੇ ਨੇੜੇ ਇਜ਼ਰਾਈਲੀ ਫੌਜ ਦਾ ਹਵਾਈ ਹਮਲਾ ਇਸ ਪ੍ਰੌਕਸੀ ਵਾਰ ਦਾ ਹੀ ਹਿੱਸਾ ਸੀ। ਇਸ ਵਿੱਚ ਈਰਾਨ ਦੇ ਦੋ ਟਾਪ ਆਰਮੀ ਕਮਾਂਡਰਾਂ ਸਮੇਤ 13 ਲੋਕ ਮਾਰੇ ਗਏ ਸਨ।