ਲੁਧਿਆਣਾ ਸਬਜ਼ੀ ਮੰਡੀ ‘ਚ ਸਿਹਤ ਵਿਭਾਗ ਦੀ ਛਾਪੇਮਾਰੀ, ਹਰਿਆਣਾ ਤੋਂ ਆਇਆ 650 ਕਿਲੋ ਪਨੀਰ ਜ਼ਬਤ
ਲੁਧਿਆਣਾ ਦੀ ਸਬਜ਼ੀ ਮੰਡੀ 'ਚ ਵੱਡੀ ਮਾਤਰਾ 'ਚ ਵਿਕ ਰਹੇ ਪਨੀਰ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਸਿਹਤ ਵਿਭਾਗ ਨੇ ਟਰੈਪ ਲਗਾਇਆ ਤੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਕਾਰਵਾਈ ਕੀਤੀ। ਇਸ ਦੌਰਾਨ ਹਰਿਆਣਾ ਦੇ ਨਰਵਾਣਾ ਤੋਂ ਆਈਆਂ ਦੋ ਗੱਡੀਆਂ ਨੂੰ ਰੋਕ ਕੇ ਉਨ੍ਹਾਂ 'ਚ ਮੌਜੂਦ ਪਨੀਰ ਦੀ ਜਾਂਚ ਕੀਤੀ ਗਈ।
ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਨੂੰ ਲੈ ਕੇ ਸਿਹਤ ਵਿਭਾਗ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਸਿਹਤ ਵਿਭਾਗ ਦੀ ਟੀਮ ਨੇ ਕਾਰਵਾਈ ਕਰਦਿਆਂ ਹਰਿਆਣਾ ਦੇ ਨਰਵਾਣਾ ਤੋਂ ਆਈਆਂ ਪਨੀਰ ਨਾਲ ਭਰੀਆਂ ਦੋ ਗੱਡੀਆਂ ਨੂੰ ਕਾਬੂ ਕੀਤਾ। ਇਨ੍ਹਾਂ ਗੱਡੀਆਂ ‘ਚੋਂ ਕਰੀਬ 650 ਕਿਲੋ ਪਨੀਰ ਬਰਾਮਦ ਹੋਇਆ ਹੈ। ਵਿਭਾਗ ਨੇ ਪਨੀਰ ਦੇ ਸੈਂਪਲ ਲੈ ਕੇ ਜਾਂਚ ਲਈ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਬਾਕੀ ਪਨੀਰ ਨੂੰ ਨਸ਼ਟ ਕਰਨ ਦੀ ਗੱਲ ਕਹੀ ਗਈ ਹੈ।
ਜਾਣਕਾਰੀ ਮੁਤਾਬਕ, ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਵੱਡੀ ਮਾਤਰਾ ‘ਚ ਵਿਕ ਰਹੇ ਪਨੀਰ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਸਿਹਤ ਵਿਭਾਗ ਨੇ ਟਰੈਪ ਲਗਾਇਆ ਤੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਕਾਰਵਾਈ ਕੀਤੀ। ਇਸ ਦੌਰਾਨ ਹਰਿਆਣਾ ਦੇ ਨਰਵਾਣਾ ਤੋਂ ਆਈਆਂ ਦੋ ਗੱਡੀਆਂ ਨੂੰ ਰੋਕ ਕੇ ਉਨ੍ਹਾਂ ‘ਚ ਮੌਜੂਦ ਪਨੀਰ ਦੀ ਜਾਂਚ ਕੀਤੀ ਗਈ।
ਕਰੀਬ 250 ਰੁਪਏ ਕਿਲੋ ਵਿਕ ਰਿਹਾ ਸੀ ਪਨੀਰ
ਦੱਸਿਆ ਜਾ ਰਿਹਾ ਹੈ ਕਿ ਸਬਜ਼ੀ ਮੰਡੀ ‘ਚ ਇਹ ਪਨੀਰ ਕਰੀਬ 250 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਸੀ। ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਭਾਗ ਨੇ ਪਨੀਰ ਨੂੰ ਆਪਣੇ ਕਬਜ਼ੇ ‘ਚ ਲੈ ਕੇ ਸੈਂਪਲ ਇਕੱਠੇ ਕੀਤੇ ਹਨ। ਹਾਲਾਂਕਿ, ਪਨੀਰ ਦੀ ਗੁਣਵੱਤਾ ਤੇ ਇਸ ‘ਚ ਕਿਸੇ ਤਰ੍ਹਾਂ ਦੀ ਮਿਲਾਵਟ ਹੋਣ ਬਾਰੇ ਅੰਤਿਮ ਨਤੀਜਾ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਸੈਂਪਲ ਲੈਣ ਤੋਂ ਬਾਅਦ ਪਨੀਰ ਕੀਤਾ ਜਾਵੇਗਾ ਨਸ਼ਟ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਨਦੀਪ ਕੌਰ ਆਲੂਵਾਲੀਆ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੂੰ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਸਿਹਤ ਵਿਭਾਗ ਨੇ ਯੋਜਨਾਬੱਧ ਢੰਗ ਨਾਲ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਗੱਡੀਆਂ ਹਰਿਆਣਾ ਦੇ ਨਰਵਾਣਾ ਤੋਂ ਆਈਆਂ ਸਨ ਤੇ ਇਨ੍ਹਾਂ ‘ਚੋਂ ਲਗਭਗ 650 ਕਿਲੋ ਪਨੀਰ ਬਰਾਮਦ ਕੀਤਾ ਗਿਆ ਹੈ। ਸਿਵਲ ਸਰਜਨ ਮੁਤਾਬਕ, ਪਨੀਰ ਦੇ ਸੈਂਪਲ ਲੈਣ ਤੋਂ ਬਾਅਦ ਬਾਕੀ ਪਨੀਰ ਨੂੰ ਨਸ਼ਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਮਲੇ ‘ਚ ਅਗਲੀ ਕਾਰਵਾਈ ਜਾਰੀ ਹੈ।
ਤਿਉਹਾਰਾਂ ਦੇ ਸੀਜ਼ਨ ਦੌਰਾਨ ਵਧਦੀ ਹੈ ਬਾਹਰੀ ਸੂਬਿਆਂ ਤੋਂ ਸਪਲਾਈ
ਡਾ. ਰਮਨਦੀਪ ਕੌਰ ਆਲੂਵਾਲੀਆ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀ ਮੰਗ ਵਧਣ ਕਾਰਨ ਬਾਹਰੀ ਸੂਬਿਆਂ ਤੋਂ ਵੀ ਅਜਿਹੇ ਉਤਪਾਦ ਪੰਜਾਬ ‘ਚ ਲਿਆਂਦੇ ਜਾਂਦੇ ਹਨ। ਇਸ ਲਈ ਲੋਕਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦਿਆਂ ਵਿਭਾਗ ਵੱਲੋਂ ਜਾਂਚ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੀ ਇਸ ਕਾਰਵਾਈ ਤੋਂ ਬਾਅਦ ਹੁਣ ਪਨੀਰ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਤੇ ਅਗਲੀ ਕਾਰਵਾਈ ‘ਤੇ ਨਜ਼ਰ ਰਹੇਗੀ।


