Operation Prahar 2.0: ਪੰਜਾਬ ਪੁਲਿਸ ਵੱਲੋਂ ਸੂਬੇ ਭਰ ‘ਚ ਸਰਚ ਆਪ੍ਰੇਸ਼ਨ, ਨਸ਼ਾ ਤਸਕਰ ਅਤੇ ਭਗੌੜੇ ਕਾਬੂ, ਅਪਰਾਧੀਆਂ ‘ਚ ਦਹਿਸ਼ਤ ਦਾ ਮਾਹੋਲ
Operation Prahar 2.0: ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਭਗੌੜੇ ਅਪਰਾਧੀਆਂ ਵਿਰੁੱਧ ਵਿੱਢੀ ਗਈ ਸੂਬਾ ਪੱਧਰੀ ਮੁਹਿੰਮ 'ਆਪ੍ਰੇਸ਼ਨ ਪ੍ਰਹਾਰ 2.0' ਦੇ ਦੂਜੇ ਦਿਨ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਭਗੌੜੇ ਅਪਰਾਧੀਆਂ ਵਿਰੁੱਧ ਵਿੱਢੀ ਗਈ ਸੂਬਾ ਪੱਧਰੀ ਮੁਹਿੰਮ ‘ਆਪ੍ਰੇਸ਼ਨ ਪ੍ਰਹਾਰ 2.0’ ਦੇ ਦੂਜੇ ਦਿਨ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਚੱਲ ਰਹੇ ਇਸ 72 ਘੰਟਿਆਂ ਦੇ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਲੁਧਿਆਣਾ, ਕਪੂਰਥਲਾ, ਬਠਿੰਡਾ ਅਤੇ ਫ਼ਾਜ਼ਿਲਕਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੁਲਿਸ ਨੇ ਡਰੋਨ ਟੈਕਨਾਲੋਜੀ ਅਤੇ ਭਾਰੀ ਫੋਰਸ ਦੀ ਮਦਦ ਨਾਲ ਅਪਰਾਧੀਆਂ ਦਾ ਲੱਕ ਤੋੜ ਦਿੱਤਾ ਹੈ। ਹੁਣ ਤੱਕ ਸੂਬੇ ਭਰ ਵਿੱਚੋਂ 1200 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਲੁਧਿਆਣਾ: ਡਰੋਨ ਨਾਲ ਰੱਖੀ ਨਜ਼ਰ, 82 ਮੁਲਜ਼ਮ ਕਾਬੂ
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਆਈਜੀ ਡਾ. ਐਸ. ਭੂਪਤੀ ਦੀ ਅਗਵਾਈ ਹੇਠ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਜਿਵੇਂ ਸਬਜ਼ੀ ਮੰਡੀ, ਪੀਰੂ ਬੰਦਾ ਮੋਹੱਲਾ ਅਤੇ ਚਾਂਦਨੀ ਚੌਕ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ।
ਬਰਾਮਦਗੀ: 24 ਘੰਟਿਆਂ ਵਿੱਚ 125 ਥਾਵਾਂ ‘ਤੇ ਰੇਡ ਕਰਕੇ 82 ਮੁਲਜ਼ਮਾਂ ਨੂੰ ਫੜਿਆ ਗਿਆ, ਜਿਨ੍ਹਾਂ ਵਿੱਚ 3 ਭਗੌੜੇ (PO) ਵੀ ਸ਼ਾਮਲ ਹਨ।
ਸਾਮਾਨ: ਪੁਲਿਸ ਨੇ 122 ਗ੍ਰਾਮ ਹੈਰੋਇਨ, 2 ਪਿਸਤੌਲ, 17 ਮੋਬਾਈਲ ਅਤੇ ਨਸ਼ੀਲੀਆਂ ਵਸਤਾਂ ਬਰਾਮਦ ਕੀਤੀਆਂ।
ਤਕਨੀਕ: ਉੱਚੀਆਂ ਇਮਾਰਤਾਂ ਤੋਂ ਭੱਜਣ ਵਾਲੇ ਅਪਰਾਧੀਆਂ ਨੂੰ ਫੜਨ ਲਈ ਪਹਿਲੀ ਵਾਰ ਡਰੋਨ ਦੀ ਵਰਤੋਂ ਕੀਤੀ ਗਈ।
ਇਹ ਵੀ ਪੜ੍ਹੋ
ਕਪੂਰਥਲਾ: ਹੌਟ-ਸਪਾਟ ਇਲਾਕਿਆਂ ‘ਚ ਦਬਿਸ਼
ਐਸਐਸਪੀ ਗੌਰਵ ਤੂਰਾ ਅਨੁਸਾਰ ਕਪੂਰਥਲਾ ਪੁਲਿਸ ਨੇ ਨਸ਼ਿਆਂ ਦੇ ਗੜ੍ਹ ਮੰਨੇ ਜਾਂਦੇ ਮੋਹੱਲਾ ਮਹਿਤਾਬਗੜ੍ਹ ਸਮੇਤ ਕਈ ਥਾਵਾਂ ‘ਤੇ ਕਾਰਵਾਈ ਕੀਤੀ। ਇਸ ਦੌਰਾਨ 45 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਵਿੱਚੋਂ 15 ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਅਤੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ।
ਬਠਿੰਡਾ: ਕੁਝ ਹੀ ਘੰਟਿਆਂ ‘ਚ 71 ਗ੍ਰਿਫ਼ਤਾਰ
ਬਠਿੰਡਾ ਵਿੱਚ ਸਪੈਸ਼ਲ ਡੀਜੀਪੀ ਜਤਿੰਦਰ ਕੁਮਾਰ ਜੈਨ ਦੀ ਨਿਗਰਾਨੀ ਹੇਠ ਨਾਕਾਬੰਦੀ ਅਤੇ ਚੈਕਿੰਗ ਕੀਤੀ ਗਈ। ਇਸ ਮੁਹਿੰਮ ਵਿੱਚ ਹੈੱਡ ਕਾਂਸਟੇਬਲ ਤੋਂ ਲੈ ਕੇ ਐਸਐਸਪੀ ਰੈਂਕ ਤੱਕ ਦੇ ਅਧਿਕਾਰੀ ਫੀਲਡ ਵਿੱਚ ਉਤਰੇ। ਮਹਿਜ਼ ਕੁਝ ਘੰਟਿਆਂ ਵਿੱਚ 71 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਭਾਰੀ ਮਾਤਰਾ ਵਿੱਚ ਹੈਰੋਇਨ, ਸਮੈਕ, ਡਰੱਗ ਮਨੀ ਅਤੇ ਅਫ਼ੀਮ ਦਾ ਚੂਰਾ ਪੋਸਤ ਜ਼ਬਤ ਕੀਤਾ ਗਿਆ।
ਫ਼ਾਜ਼ਿਲਕਾ: 50 ਤੋਂ ਵੱਧ ਵਾਂਟੇਡ ਅਪਰਾਧੀ ਫੜੇ
ਐਸਐਸਪੀ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਫ਼ਾਜ਼ਿਲਕਾ ਪੁਲਿਸ ਨੇ ਐਕਸ਼ਨ ਮੋਡ ਵਿੱਚ ਆਉਂਦਿਆਂ 51 ਵਾਂਟੇਡ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿੱਚ ਕਤਲ, ਲੁੱਟ-ਖੋਹ ਅਤੇ ਅਸਲਾ ਐਕਟ ਦੇ ਮੁਲਜ਼ਮ ਸ਼ਾਮਲ ਹਨ। ਪੁਲਿਸ ਨੇ ਸਪੱਸ਼ਟ ਕੀਤਾ ਕਿ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਗੈਂਗਸਟਰਾਂ ਦੀਆਂ ਕੋਸ਼ਿਸ਼ਾਂ ਨਾਕਾਮ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਦੀ ਸਫਲਤਾ ਤੋਂ ਘਬਰਾ ਕੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਸੋਸ਼ਲ ਮੀਡੀਆ ਰਾਹੀਂ ਭਰਮਾਊ ਪੋਸਟਾਂ ਪਾ ਕੇ ਮੁਹਿੰਮ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਪੁਲਿਸ ਪੂਰੀ ਤਾਕਤ ਨਾਲ ਅੱਗੇ ਵਧ ਰਹੀ ਹੈ। ਮੋਹਾਲੀ ਵਿੱਚ ਬੀਐਮਡਬਲਯੂ (BMW) ਸਵਾਰ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਅਤੇ ਖੰਨਾ ਵਿੱਚ ਇੱਕ ਗਾਇਕਾ ਦੀ ਗ੍ਰਿਫ਼ਤਾਰੀ ਇਸ ਆਪ੍ਰੇਸ਼ਨ ਦੀ ਚੌਕਸੀ ਦਾ ਨਤੀਜਾ ਹੈ।


