ਬਾਂਗਲਾਦੇਸ਼
ਬਾਂਗਲਾਦੇਸ਼ ਗਣਰਾਜ ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਦੇਸ਼ ਦੀਆਂ ਉੱਤਰੀ, ਪੂਰਬੀ ਅਤੇ ਪੱਛਮੀ ਸਰਹੱਦਾਂ ਭਾਰਤ ਨਾਲ ਅਤੇ ਦੱਖਣ-ਪੂਰਬੀ ਸਰਹੱਦ ਮਿਆਂਮਾਰ ਨਾਲ ਲੱਗਦੀਆਂ ਹਨ। ਦੱਖਣ ਵਿੱਚ ਬੰਗਾਲ ਦੀ ਖਾੜੀ ਹੈ। ਬੰਗਲਾਦੇਸ਼ ਅਤੇ ਭਾਰਤੀ ਰਾਜ ਪੱਛਮੀ ਬੰਗਾਲ ਇੱਕ ਬੰਗਾਲੀ ਬੋਲਣ ਵਾਲਾ ਖੇਤਰ, ਬੰਗਾਲ ਹੈ, ਜਿਸਦਾ ਇਤਿਹਾਸਕ ਨਾਮ ਬੰਗ ਜਾਂ ਬੰਗਲਾ ਹੈ। ਇਸ ਦੀ ਸੀਮਾ ਰੇਖਾ ਉਦੋਂ ਨਿਰਧਾਰਤ ਕੀਤੀ ਗਈ ਸੀ ਜਦੋਂ 1947 ਵਿਚ ਭਾਰਤ ਦੀ ਵੰਡ ਸਮੇਂ ਇਸ ਨੂੰ ‘ਪੂਰਬੀ ਪਾਕਿਸਤਾਨ’ ਦੇ ਨਾਂ ਨਾਲ ਪਾਕਿਸਤਾਨ ਦੇ ਪੂਰਬੀ ਹਿੱਸੇ ਵਜੋਂ ਘੋਸ਼ਿਤ ਕੀਤਾ ਗਿਆ।
ਬੰਗਲਾਦੇਸ਼ ਵਿੱਚ ਅਸ਼ਾਂਤੀ ਅਤੇ ਹਿੰਸਾ ਦੇ ਵਿਚਕਾਰ ਤਖਤਾਪਲਟ ਹੋਇਆ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫਾ ਦੇ ਕੇ ਦੇਸ਼ ਛੱਡ ਦਿੱਤਾ ਹੈ। ਥਲ ਸੈਨਾ ਮੁਖੀ ਵਕਾਰੁਜ਼ਮਾਨ ਨੇ ਦੇਸ਼ ਵਿੱਚ ਅੰਤਰਿਮ ਸਰਕਾਰ ਬਣਾਉਣ ਦਾ ਐਲਾਨ ਕੀਤਾ ਹੈ। ਦਰਅਸਲ, 5 ਜੂਨ ਨੂੰ ਬੰਗਲਾਦੇਸ਼ ਦੀ ਢਾਕਾ ਹਾਈ ਕੋਰਟ ਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਰਾਖਵਾਂਕਰਨ ਪ੍ਰਣਾਲੀ ਨੂੰ ਮੁੜ ਲਾਗੂ ਕਰਨ ਦਾ ਹੁਕਮ ਦਿੱਤਾ ਸੀ। ਸ਼ੇਖ ਹਸੀਨਾ ਨੇ 2018 ‘ਚ ਇਸ ‘ਤੇ ਪਾਬੰਦੀ ਲਗਾ ਦਿੱਤੀ ਸੀ।
1 ਜੁਲਾਈ ਨੂੰ ਪ੍ਰਦਰਸ਼ਨ ਸ਼ੁਰੂ ਹੋਏ ਅਤੇ ਵਿਦਿਆਰਥੀ ਸੜਕਾਂ ‘ਤੇ ਉਤਰ ਆਏ। 16 ਜੁਲਾਈ ਨੂੰ ਹਿੰਸਾ ਤੇਜ਼ ਹੋ ਗਈ ਸੀ ਅਤੇ 6 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਤੇਜ਼ ਹੋ ਗਈਆਂ। 18 ਜੁਲਾਈ ਨੂੰ ਹਸੀਨਾ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਸੀ, ਜਿਸ ਨੂੰ ਲੋਕਾਂ ਨੇ ਠੁਕਰਾ ਦਿੱਤਾ ਸੀ। ਸਰਕਾਰੀ ਇਮਾਰਤਾਂ ਨੂੰ ਅੱਗ ਲਗਾਈ ਜਾਣ ਲੱਗੀ। 18 ਜੁਲਾਈ ਨੂੰ 32 ਲੋਕਾਂ ਦੀ ਮੌਤ ਤੋਂ ਬਾਅਦ ਇੰਟਰਨੈੱਟ ‘ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਸੀ। ਵਿਰੋਧ ਪ੍ਰਦਰਸ਼ਨਾਂ ਦਰਮਿਆਨ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਰਾਖਵਾਂਕਰਨ ਘਟਾ ਦਿੱਤਾ, ਪਰ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ। ਆਲੋਚਕਾਂ ਨੂੰ ਇਹ ਫੈਸਲਾ ਪਸੰਦ ਨਹੀਂ ਆਇਆ।
4 ਅਗਸਤ ਨੂੰ ਪ੍ਰਦਰਸ਼ਨਕਾਰੀ ਫਿਰ ਸੜਕਾਂ ‘ਤੇ ਉਤਰ ਆਏ। ਹਿੰਸਕ ਝੜਪਾਂ ਹੋਈਆਂ ਅਤੇ 14 ਪੁਲਿਸ ਅਧਿਕਾਰੀਆਂ ਸਮੇਤ 68 ਲੋਕਾਂ ਦੀ ਮੌਤ ਹੋ ਗਈ। 5 ਅਗਸਤ ਨੂੰ ਮੁੜ ਰੋਸ ਮਾਰਚ ਬੁਲਾਇਆ ਗਿਆ। ਪ੍ਰਦਰਸ਼ਨਕਾਰੀ ਗੁੱਸੇ ‘ਚ ਆ ਗਏ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਚ ਦਾਖਲ ਹੋ ਗਏ। ਪ੍ਰਦਰਸ਼ਨਕਾਰੀਆਂ ਦੇ ਵਧਦੇ ਦਬਾਅ ਨੂੰ ਦੇਖਦੇ ਹੋਏ ਸ਼ੇਖ ਹਸੀਨਾ ਨੂੰ ਢਾਕਾ ਛੱਡਣਾ ਪਿਆ ਅਤੇ ਅਹੁਦੇ ਤੋਂ ਅਸਤੀਫਾ ਵੀ ਦੇਣਾ ਪਿਆ।