ਬੰਗਲਾਦੇਸ਼ ਏਅਰਫੋਰਸ ਦਾ FT-7BGI ਫਾਈਟਰ ਜੈੱਟ ਕਰੈਸ਼, ਢਾਕਾ ਦੇ ਕਾਲਜ ‘ਤੇ ਡਿੱਗਿਆ, ਕਈ ਵਿਦਿਆਰਥੀਆਂ ਦੇ ਮਾਰੇ ਜਾਣ ਦਾ ਖਦਸ਼ਾ
Fighter Jet Crash in Bangladesh: ਬੰਗਲਾਦੇਸ਼ ਏਅਰਫੋਰਸ ਦਾ ਐਫ-7 ਜਹਾਜ਼ ਢਾਕਾ ਵਿੱਚ ਹਾਦਸਾਗ੍ਰਸਤ ਹੋ ਗਿਆ। ਇਹ ਜਹਾਜ਼ ਇੱਕ ਕਾਲਜ ਦੀ ਇਮਾਰਤ 'ਤੇ ਡਿੱਗਿਆ ਜਿੱਥੇ ਵਿਦਿਆਰਥੀ ਪੜ੍ਹ ਰਹੇ ਸਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਕਈ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ, ਹਾਲਾਂਕਿ ਮਰਨ ਵਾਲਿਆਂ ਦਾ ਸਹੀ ਅੰਕੜਾ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ।
ਬੰਗਲਾਦੇਸ਼ ਏਅਰਫੋਰਸ ਦਾ FT-7BGI ਲੜਾਕੂ ਜਹਾਜ਼ ਸੋਮਵਾਰ ਨੂੰ ਕਰੈਸ਼ ਹੋ ਗਿਆ। ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਢਾਕਾ ਵਿੱਚ ਇੱਕ ਕਾਲਜ ਦੀ ਇਮਾਰਤ ‘ਤੇ ਡਿੱਗ ਗਿਆ। ਇਸ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ, ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਦੇ ਵੀ ਮਾਰੇ ਜਾਣ ਦਾ ਖਦਸ਼ਾ ਹੈ। ਹਾਦਸਾ ਕਿਵੇਂ ਹੋਇਆ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾਗ੍ਰਸਤ ਹੋਇਆ ਲੜਾਕੂ ਜਹਾਜ਼ ਚੀਨ ਦੁਆਰਾ ਬਣਾਇਆ ਗਿਆ ਸੀ। ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਬੰਗਲਾਦੇਸ਼ੀ ਮੀਡੀਆ ਦੇ ਅਨੁਸਾਰ, ਹਵਾਈ ਸੈਨਾ ਦਾ FT-7BGI ਇੱਕ ਟ੍ਰੇਨਿੰਗ ਦੇਣ ਵਾਲਾ ਜਹਾਜ਼ ਹੈ। ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਦੇ ਅਨੁਸਾਰ, ਲੜਾਕੂ ਜਹਾਜ਼ ਨੇ ਦੁਪਹਿਰ 1:06 ਵਜੇ ਉਡਾਣ ਭਰੀ ਅਤੇ ਦੁਪਹਿਰ 1:30 ਵਜੇ ਇਹ ਹਾਦਸਾਗ੍ਰਸਤ ਹੋ ਗਿਆ। ਹਜ਼ਰਤ ਸ਼ਾਹਜਹਾਂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਹਾਦਸੇ ਵਿੱਚ ਪਾਇਲਟ ਦੀ ਮੌਤ ਹੋਣ ਦੀ ਖ਼ਬਰ ਹੈ, ਹਾਲਾਂਕਿ ਹਾਦਸੇ ਦੇ ਹੋਰ ਜ਼ਖਮੀਆਂ ਅਤੇ ਪੀੜਤਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਮਾਈਲਸਟੋਨ ਕਾਲਜ ਕੈਂਪਸ ਵਿੱਚ ਡਿੱਗਿਆ
ਬੰਗਲਾਦੇਸ਼ ਹਵਾਈ ਸੈਨਾ ਦਾ ਇਹ ਲੜਾਕੂ ਜਹਾਜ਼ ਢਾਕਾ ਦੇ ਉੱਤਰ ਵਿੱਚ ਸਥਿਤ ਮਾਈਲਸਟੋਨ ਕਾਲਜ ਕੈਂਪਸ ਵਿੱਚ ਡਿੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਵਿਦਿਆਰਥੀ ਕਾਲਜ ਵਿੱਚ ਮੌਜੂਦ ਸਨ, ਇਸ ਲਈ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਸੰਭਾਵਨਾ ਹੈ। ਢਾਕਾ ਦੀ ਫਾਇਰ ਸਰਵਿਸ ਦੇ ਅਨੁਸਾਰ, ਅੱਠ ਫਾਇਰ ਇੰਜਣਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਡੇਲੀ ਸਟਾਰ ਨੇ ਸਦਮਾਨ ਰੁਹਸਿਨ ਦੇ ਹਵਾਲੇ ਨਾਲ ਲਿਖਿਆ ਹੈ ਕਿ ਜਹਾਜ਼ ਸਿੱਧਾ ਕਾਲਜ ਦੀ ਇਮਾਰਤ ਨਾਲ ਟਕਰਾ ਗਿਆ ਹੈ।
ਇਹ ਵੀ ਪੜ੍ਹੋ
ਰਿਕਸ਼ੇ ਤੇ ਹਸਪਤਾਲ ਪਹੁੰਚਾਏ ਗਏ ਜਖ਼ਮੀ
ਚਸ਼ਮਦੀਦਾਂ ਅਨੁਸਾਰ, ਹਾਦਸੇ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਫੌਜ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜ ਲਈ ਪਹੁੰਚੀਆਂ, ਉਨ੍ਹਾਂ ਨੇ ਜ਼ਖਮੀ ਵਿਦਿਆਰਥੀਆਂ ਨੂੰ ਚੁੱਕ ਕੇ ਰਿਕਸ਼ਿਆਂ ਅਤੇ ਹੋਰ ਵਾਹਨਾਂ ਰਾਹੀਂ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ, ਹਾਦਸੇ ਵਿੱਚ ਮਰਨ ਵਾਲਿਆਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਤਿੰਨ ਮੰਜ਼ਿਲਾ ਇਮਾਰਤ ਨਾਲ ਟਕਰਾਇਆ ਜਹਾਜ਼
ਮਾਈਲਸਟੋਨ ਕਾਲਜ ਦੇ ਫਿਜਿਕਸ ਟੀਚਰ ਦੇ ਹਵਾਲੇ ਨਾਲ ਡੇਲੀ ਸਟਾਰ ਨੇ ਲਿਖਿਆ ਕਿ ਲੜਾਕੂ ਜਹਾਜ਼ ਮਾਈਲਸਟੋਨ ਕਾਲਜ ਕੈਂਪਸ ਵਿੱਚ ਬਣੀ ਤਿੰਨ ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਹਾਦਸਾ ਹੋਇਆ, ਉਹ ਕਾਲਜ ਦੀ 10 ਮੰਜ਼ਿਲਾ ਇਮਾਰਤ ਵਿੱਚ ਖੜ੍ਹੇ ਸਨ, ਜਦੋਂ ਕਿ ਲੜਾਕੂ ਜਹਾਜ਼ ਨੇੜੇ ਹੀ ਇੱਕ ਤਿੰਨ ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਵਿਦਿਆਰਥੀ ਇਮਾਰਤ ਵਿੱਚ ਫਸ ਗਏ। ਕਾਲਜ ਦੇ ਅਧਿਆਪਕ ਅਤੇ ਸਟਾਫ਼ ਉਨ੍ਹਾਂ ਨੂੰ ਬਚਾਉਣ ਲਈ ਭੱਜੇ, ਅਤੇ ਜਲਦੀ ਹੀ ਫੌਜ ਦੇ ਜਵਾਨ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਅਧਿਆਪਕ ਦੇ ਅਨੁਸਾਰ, ਇਮਾਰਤ ਵਿੱਚ ਬਹੁਤ ਸਾਰੇ ਵਿਦਿਆਰਥੀ ਬੁਰੀ ਤਰ੍ਹਾਂ ਝੁਲਸ ਗਏ ਹਨ।


