ਲਾਅ ਕਾਲਜ ਗੋਲੀਕਾਂਡ: ਮੁੰਡਾ ਚੁੱਕਦਾ ਸੀ ਕੁੜੀ ਦੀ ਪੜ੍ਹਾਈ ਦਾ ਖ਼ਰਚਾ ਜਾਂ ਕਰਦਾ ਸੀ ਇਕਤਰਫ਼ਾ ਪਿਆਰ? ਨਵਾਂ ਐਂਗਲ ਆਇਆ ਸਾਹਮਣੇ
ਇਹ ਪੂਰੀ ਘਟਨਾ ਦੇ ਪਿੱਛੇ ਦੋ ਵੱਖ-ਵੱਖ ਐਂਗਲ ਸਾਹਮਣੇ ਆ ਰਹੇ ਹਨ। ਮ੍ਰਿਤਕ ਲੜਕੀ ਸੰਦੀਪ ਕੌਰ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਮੁਲਜ਼ਮ ਲੜਕਾ ਉਨ੍ਹਾਂ ਦੀ ਧੀ ਨੂੰ ਇਕਤਰਫ਼ਾ ਪਿਆਰ ਕਰਦਾ ਸੀ ਤੇ ਉਸ ਨੂੰ ਤੰਗ-ਪਰੇਸ਼ਾਨ ਕਰਦਾ ਸੀ। ਜਦਕਿ, ਇਸ ਮਾਮਲੇ 'ਚ ਗੁਪਤ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖ਼ਬਰ ਹੈ ਕਿ ਪ੍ਰਿੰਸ ਰਾਜ ਲੜਕੀ ਸੰਦੀਪ ਕੌਰ ਦਾ ਖ਼ਰਚਾ ਚੁੱਕਦਾ ਸੀ, ਪਰ ਜਦੋਂ ਲੜਕੀ ਦੀ ਮੰਗਣੀ ਹੋ ਗਈ ਤਾਂ ਉਹ ਗੁੱਸੇ 'ਚ ਆ ਗਿਆ ਤੇ ਉਸ ਨੇ ਇਹ ਕਦਮ ਚੁੱਕਿਆ।
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਉਸਮਾਂ ਸਥਿਤ ਮਾਈ ਭਾਗੋ ਲਾਅ ਕਾਲਜ ‘ਚ ਬੀਤੇ ਦਿਨ, ਸੋਮਵਾਰ ਦੀ ਸਵੇਰੇ ਇੱਕ ਰੂਹ ਕੰਬਾਊ ਘਟਨਾ ਵਾਪਰੀ। ਇੱਥੇ ਇੱਕ ਲੜਕੇ ਵੱਲੋਂ ਲੜਕੀ ਨੂੰ ਮੱਥੇ ‘ਚ ਗੋਲੀ ਮਾਰ ਦਿੱਤੀ ਗਈ ਤੇ ਇਸ ਤੋਂ ਬਾਅਦ ਉਸ ਲੜਕੇ ਨੇ ਖ਼ੁਦ ਦੇ ਸਿਰ ‘ਤੇ ਗਨ ਤਾਣ ਕੇ ਗੋਲੀ ਚਲਾ ਦਿੱਤੀ। ਲੜਕੀ ਸੰਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਲੜਕਾ ਪ੍ਰਿੰਸ ਰਾਜ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਹਾਲਾਂਕਿ, ਇਸ ਮਾਮਲੇ ‘ਤੇ ਲੜਕੇ ਪਰਿਵਾਰ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ। ਉਸ ਦੇ ਘਰ ‘ਤੇ ਤਾਲਾ ਲੱਗਿਆ ਹੋਇਆ ਹੈ। ਪੁਲਿਸ ਵੱਲੋਂ ਵੀ ਲੜਕੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਇਹ ਪੂਰੀ ਘਟਨਾ ਦੇ ਪਿੱਛੇ ਦੋ ਵੱਖ-ਵੱਖ ਐਂਗਲ ਸਾਹਮਣੇ ਆ ਰਹੇ ਹਨ। ਮ੍ਰਿਤਕ ਲੜਕੀ ਸੰਦੀਪ ਕੌਰ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਮੁਲਜ਼ਮ ਲੜਕਾ ਉਨ੍ਹਾਂ ਦੀ ਧੀ ਨੂੰ ਇਕਤਰਫ਼ਾ ਪਿਆਰ ਕਰਦਾ ਸੀ ਤੇ ਉਸ ਨੂੰ ਤੰਗ-ਪਰੇਸ਼ਾਨ ਕਰਦਾ ਸੀ। ਜਦਕਿ, ਇਸ ਮਾਮਲੇ ‘ਚ ਗੁਪਤ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖ਼ਬਰ ਹੈ ਕਿ ਪ੍ਰਿੰਸ ਰਾਜ ਲੜਕੀ ਸੰਦੀਪ ਕੌਰ ਦਾ ਖ਼ਰਚਾ ਚੁੱਕਦਾ ਸੀ, ਪਰ ਜਦੋਂ ਲੜਕੀ ਦੀ ਮੰਗਣੀ ਹੋ ਗਈ ਤਾਂ ਉਹ ਗੁੱਸੇ ‘ਚ ਆ ਗਿਆ ਤੇ ਉਸ ਨੇ ਇਹ ਕਦਮ ਚੁੱਕਿਆ।
ਪਹਿਲਾਂ ਐਂਗਲ: ਇਕਤਰਫ਼ਾ ਪਿਆਰ ‘ਚ ਰਿਜੈਕਸ਼ਨ ਤੋਂ ਬਾਅਦ ਚੁੱਕਿਆ ਖੌਫ਼ਨਾਕ ਕਦਮ
ਮ੍ਰਿਤਕ ਲੜਕੀ ਸੰਦੀਪ ਕੌਰ ਦੀ ਭੈਣ ਮਨਪ੍ਰੀਤ ਕੌਰ ਨੇ ਪੁਲਿਸ ਤੇ ਮੀਡੀਆ ਨੂੰ ਦੱਸਿਆ ਕਿ ਪ੍ਰਿੰਸ ਰਾਜ ‘ਤੇ ਇਕਤਰਫ਼ਾ ਪਿਆਰ ਦਾ ਪਾਗਲਪਣ ਸਵਾਰ ਸੀ। ਉਹ ਸੰਦੀਪ ਕੌਰ ਨੂੰ ਤੰਗ-ਪਰੇਸ਼ਾਨ ਕਰਦਾ ਸੀ। ਉਹ ਅਕਸਰ ਉਨ੍ਹਾਂ ਦੇ ਘਰ ਨੇੜੇ ਚੱਕਰ ਮਾਰਦਾ ਰਹਿੰਦਾ ਸੀ। ਸੰਦੀਪ ਕੌਰ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੁੰਦੀ, ਪਿਓ ਦਾ ਪਰਛਾਵਾਂ ਸਿਰ ‘ਤੇ ਨਾ ਹੋਣ ਕਰਕੇ ਉਹ ਆਪਣੇ ਘਰ ਦੇ ਹਾਲਾਤਾਂ ‘ਤੇ ਧਿਆਨ ਦੇਣਾ ਚਾਹੁੰਦੀ ਹੈ ਤੇ ਉਹ ਆਪਣੇ ਭਵਿੱਖ ਨੂੰ ਸੁਧਾਰਨ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ।
ਪਰ… ਪ੍ਰਿੰਸ ਰਾਜ ਦਾ ਪਾਗਲਪਣ ਵਧਦਾ ਗਿਆ। ਉਹ ਸੰਦੀਪ ਕੌਰ ਨੂੰ ਪਰੇਸ਼ਾਨ ਕਰਦਾ ਸੀ ਤੇ ਕਹਿੰਦਾ ਸੀ ਕਿ ਮੈਂ ਤੈਨੂੰ ਪਸੰਦ ਕਰਦਾ ਹਾਂ। ਪਰ ਜਦੋਂ, ਲੜਕੀ ਦੀ ਮੰਗਣੀ ਤਿੰਨ ਮਹੀਨੇ ਪਹਿਲਾਂ ਹੋ ਗਈ ਤਾਂ ਪ੍ਰਿੰਸ ਰਾਜ ਇਸ ਗੱਲ ਨੂੰ ਸਹਾਰ ਨਾ ਸਕਿਆ। ਸੋਮਵਾਰ ਦੀ ਸਵੇਰ ਉਸ ਦਾ ਪਾਗਲਪਣ ਇੰਨਾ ਵੱਧ ਗਿਆ ਕਿ ਉਸ ਨੇ ਪਹਿਲਾਂ ਦਾ ਸੰਦੀਪ ਕੌਰ ਨੂੰ ਗੋਲੀ ਮਾਰ ਦਿੱਤੀ ਤੇ ਬਾਅਦ ‘ਚ ਖ਼ੁਦ ਦੇ ਵੀ ਗੋਲੀ ਮਾਰ ਲਈ। ਮ੍ਰਿਤਕ ਲੜਕੀ ਦੀ ਮਾਂ ਰਜਿੰਦਰ ਕੌਰ ਨੇ ਦੱਸਿਆ ਕਿ ਪ੍ਰਿੰਸ ਰਾਜ ਪਹਿਲਾਂ ਵੀ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਦੀ ਧੀ ਨੂੰ ਧਮਕੀਆਂ ਦੇ ਚੁੱਕਿਆ ਸੀ। ਰਜਿੰਦਰ ਕੌਰ ਨੇ ਦੱਸਿਆ ਕਿ ਉਸ ਦੀਆਂ 7 ਧੀਆਂ ਹਨ ਤੇ ਇੱਕ 12 ਸਾਲ ਦਾ ਪੁੱਤਰ ਹੈ।
ਇਹ ਵੀ ਪੜ੍ਹੋ
ਦੂਜਾ ਐਂਗਲ: ਪ੍ਰਿੰਸ ਰਾਜ ਚੁੱਕਦਾ ਸੀ ਸੰਦੀਪ ਕੌਰ ਦੀ ਪੜ੍ਹਾਈ ਦਾ ਖ਼ਰਚਾ
ਲਾਅ ਕਾਲਜ ਗੋਲੀਕਾਂਡ ਮਾਮਲੇ ‘ਚ ਗੁਪਤ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਲੜਕਾ ਪ੍ਰਿੰਸ ਰਾਜ ਲੜਕੀ ਸੰਦੀਪ ਕੌਰ ਦੀ ਪੜ੍ਹਾਈ ਦਾ ਖ਼ਰਚਾ ਚੁੱਕਦਾ ਸੀ। ਪ੍ਰਿੰਸ ਰਾਜ ਲੜਕੀ ਦੀ ਪੜ੍ਹਾਈ ਦਾ ਖ਼ਰਚਾ ਚੁੱਕਦਾ ਸੀ। ਇਸ ਬਾਰੇ ਲੜਕੀ ਦੇ ਪਰਿਵਾਰ ਨੂੰ ਵੀ ਪਤਾ ਸੀ।
ਹਾਲਾਂਕਿ, ਜਦੋਂ ਪ੍ਰਿੰਸ ਰਾਜ ਨੂੰ ਪਤਾ ਚੱਲਿਆ ਕਿ ਸੰਦੀਪ ਕੌਰ ਦੀ ਕੀਤੇ ਹੋਰ ਮੰਗਣੀ ਹੋ ਗਈ ਹੈ ਤਾਂ ਉਹ ਇਸ ਗੱਲ ਤੋਂ ਭੜਕ ਗਿਆ। ਇਸ ਤੋਂ ਬਾਅਦ ਉਸ ਨੇ ਗੁੱਸੇ ‘ਚ ਆ ਕੇ ਲੜਕੀ ਨੂੰ ਗੋਲੀ ਮਾਰ ਦਿੱਤੀ ਤੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਪ੍ਰਿੰਸ ਨੇ ਕਿੱਥੋਂ ਲਿਆਂਦਾ ਸੀ ਪਿਸਤੌਲ?
ਜਾਣਕਾਰੀ ਮੁਤਾਬਕ, ਪ੍ਰਿੰਸ ਰਾਜ ਦਾ ਪਿਤਾ ਸੀਆਰਪੀਐਫ ਦਾ ਜਵਾਨ ਹੈ। ਦੱਸਿਆ ਗਿਆ ਕਿ ਪ੍ਰਿੰਸ ਰਾਜ ਦੇ ਪਿਤਾ ਛੁੱਟੀ ਲੈ ਕੇ ਘਰ ਆਏ ਹੋਏ ਸਨ, ਇਸ ਦੌਰਾਨ ਉਹ ਆਪਣੀ ਸਰਵਿਸ ਪਿਸਟਲ ਵੀ ਨਾਲ ਲੈ ਕੇ ਆਏ ਸਨ। ਪ੍ਰਿੰਸ ਨੇ ਮੌਕਾ ਦੇਖ ਕੇ ਪਿਤਾ ਦਾ ਪਿਸਟਲ ਚੁੱਕ ਲਿਆ ਤੇ ਇਸ ਨੂੰ ਲਾਅ ਕਾਲਜ ਅੰਦਰ ਲੈ ਕੇ ਦਾਖ਼ਲ ਹੋ ਗਿਆ। ਉਸ ਨੇ ਕਲਾਸ ‘ਚ ਆ ਕੇ ਆਪਣੇ ਪਿਤਾ ਦੇ ਸਰਵਿਸ ਰਿਵਾਲਵਰ ਨਾਲ ਪਹਿਲਾਂ ਦਾ ਸੰਦੀਪ ਕੌਰ ਦੇ ਸਿਰ ‘ਤੇ ਗੋਲੀ ਮਾਰੀ ਤੇ ਫ਼ਿਰ ਆਪਣੇ ਸਿਰ ‘ਤੇ ਵੀ ਪਿਸਟਲ ਰੱਖ ਕੇ ਟਰਿੱਗਰ ਦਬਾ ਦਿੱਤਾ। ਪ੍ਰਿੰਸ ਰਾਜ ਦੀ ਇੱਕ ਭੈਣ ਵੀ ਹੈ, ਜੋ ਕਿ ਉਸ ਤੋਂ ਛੋਟੀ ਹੈ।
ਪ੍ਰਿੰਸ ਰਾਜ ਦੀ ਹਾਲਤ ‘ਤੇ ਡਾਕਟਰ ਦਾ ਅਪਡੇਟ
ਮੈਡੀਕਲ ਸੁਪਰਡੈਂਟ ਕਰਮਜੀਤ ਸਿੰਘ ਨੇ ਦੱਸਿਆ ਕਿ ਤਰਨਤਾਰਨ ‘ਚ ਵਾਪਰੀ ਘਟਨਾ ਤੋਂ ਬਾਅਦ ਪ੍ਰਿੰਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਉਹ ਇਸ ਸਮੇਂ ਵੈਂਟੀਲੇਟਰ ‘ਤੇ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਿੰਸ ਨੂੰ ਸੀਟੀ ਸਕੈਨ ਲਈ ਲਿਜਾਇਆ ਗਿਆ ਹੈ। ਡਾਕਟਰ ਦੇ ਅਨੁਸਾਰ, ਪ੍ਰਿੰਸ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਤੇ ਅਗਲੇ 24 ਘੰਟੇ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਗੋਲੀ ਅਜੇ ਵੀ ਪ੍ਰਿੰਸ ਦੇ ਦਿਮਾਗ ‘ਚ ਹੈ ਤੇ ਸੀਟੀ ਸਕੈਨ ਦੇ ਨਤੀਜੇ ਆਉਣ ਤੋਂ ਬਾਅਦ ਹੀ ਅਗਲੇ ਇਲਾਜ ਬਾਰੇ ਫੈਸਲਾ ਲਿਆ ਜਾਵੇਗਾ।
ਮੈਡੀਕਲ ਸੁਪਰਡੈਂਟ ਨੇ ਇਹ ਵੀ ਕਿਹਾ ਕਿ ਅਜਿਹੇ ਮਾਮਲਿਆਂ ‘ਚ ਬਚਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਉਨ੍ਹਾਂ ਨੇ ਆਈਸੀਯੂ ‘ਚ ਡਾਕਟਰਾਂ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਮਰੀਜ਼ ਦੀ ਹਾਲਤ ਨੂੰ ਬਹੁਤ ਨਾਜ਼ੁਕ ਦੱਸਿਆ ਹੈ।
ਸੀਸੀਟੀਵੀ ‘ਚ ਕੈਦ ਹੋਇਆ ਪੂਰਾ ਗੋਲੀਕਾਂਡ
ਕਾਲਜ ਦੇ ਸੀਸੀਟੀਵੀ ਫੁਟੇਜ ਚ ਮੌਤ ਦਾ ਇੱਕ ਦ੍ਰਿਸ਼ ਕੈਦ ਹੋਇਆ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਵੇਰੇ 9:15 ਵਜੇ ਦੇ ਕਰੀਬ ਕਲਾਸਾਂ ਸ਼ੁਰੂ ਨਹੀਂ ਹੋਈਆਂ ਸਨ ਤੇ ਵਿਦਿਆਰਥੀ ਆਪਸ ਚ ਗੱਲਾਂ ਕਰ ਰਹੇ ਸਨ। ਫਿਰ, ਪ੍ਰਿੰਸ ਰਾਜ ਇੱਕ ਪਿਸਤੌਲ ਨਾਲ ਲੈਸ, ਕਲਾਸ ਚ ਦਾਖਲ ਹੋਇਆ। ਉਹ ਸਿੱਧਾ ਪਿੱਛੇ ਵਾਲੇ ਬੈਂਚ ਵੱਲ ਚਲਾ ਗਿਆ, ਜਿੱਥੇ 20 ਸਾਲਾ ਸੰਦੀਪ ਕੌਰ ਆਪਣੀ ਸਹੇਲੀ ਨਾਲ ਖੜ੍ਹੀ ਸੀ।
ਪ੍ਰਿੰਸ ਲੜਕੀ ਸੰਦੀਪ ਕੋਲ ਗਿਆ ਤੇ ਕੁੱਝ ਸਕਿੰਟਾਂ ਲਈ ਬਹਿਸ ਕੀਤੀ। ਸੰਦੀਪ ਕੁੱਝ ਸਮਝਦੀ, ਉਸ ਨੇ ਪਿਸਤੌਲ ਕੱਢੀ ਤੇ ਸੰਦੀਪ ਦੇ ਸਿਰ ਤੇ ਤਾਨ ਕੇ ਟਰਿੱਗਰ ਦਬਾ ਦਿੱਤਾ। ਸੰਦੀਪ ਜ਼ਮੀਨ ਤੇ ਡਿੱਗ ਪਈ, ਉਸ ਦਾ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ। ਨੇੜੇ ਖੜ੍ਹਾ ਉਸ ਦੀ ਦੋਸਤ ਚੀਕਦੀ ਕਿ ਇਸ ਤੋਂ ਪਹਿਲਾਂ ਹੀ ਦੋਸ਼ੀ ਵਿਦਿਆਰਥੀ ਨੇ ਜਲਦੀ ਹੀ ਪਿਸਤੌਲ ਦੁਬਾਰਾ ਲੋਡ ਕਰ ਲਈ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ।
ਕਾਲਜ ਦੀ ਸੁਰੱਖਿਆ ਤੇ ਉੱਠੇ ਗੰਭੀਰ ਸਵਾਲ
ਇਸ ਖ਼ੂਨੀ ਘਟਨਾ ਨੇ ਕਾਲਜ ਦੀ ਸੁਰੱਖਿਆ ਵਿਵਸਥਾ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਪੀੜਤ ਪਰਿਵਾਰ ਨੇ ਸਵਾਲ ਚੁੱਕਿਆ ਹੈ ਕਿ ਕੋਈ ਵਿਦਿਆਰਥੀ ਪਿਸਤੌਲ ਲੈ ਕੇ ਕਲਾਸਰੂਮ ਤੱਕ ਕਿਵੇਂ ਪਹੁੰਚ ਗਿਆ? ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਘਟਨਾ ਤੋਂ ਬਾਅਦ ਕਰੀਬ 15 ਮਿੰਟ ਤੱਕ ਕਾਲਜ ਦਾ ਗੇਟ ਬੰਦ ਰੱਖਿਆ ਗਿਆ। ਸੂਚਨਾ ਮਿਲਦੇ ਪੁਲਿਸ ਫੋਰਸ ਮੌਕੇ ਤੇ ਪਹੁੰਚੀ। ਪੁਲਿਸ ਨੇ ਕਲਾਸਰੂਮ ‘ਚ ਲੱਗੇ CCTV ਕੈਮਰਿਆਂ ਦੀ ਫੁਟੇਜ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


