ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਅੰਮ੍ਰਿਤਸਰ ਤੋਂ 2004 ਦੀਆਂ ਭਾਰਤੀ ਆਮ ਚੋਣਾਂ ਜਿੱਤੀਆਂ ਸਨ। ਜਦੋਂ 2009 ਵਿੱਚ ਆਮ ਚੋਣਾਂ ਹੋਈਆਂ ਤਾਂ ਨਤੀਜੇ ਉਦੋਂ ਵੀ ਨਤੀਜੇ ਉਨ੍ਹਾਂ ਦੇ ਹੱਕ ਵਿੱਚ ਆਏ, ਜਿਸ ਵਿੱਚ ਉਨ੍ਹਾਂ ਨੇ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ ਨੂੰ 6858 ਵੋਟਾਂ ਨਾਲ ਹਰਾਇਆ ਅਤੇ ਅੰਮ੍ਰਿਤਸਰ ਸੀਟ ਨੂੰ ਬਚਾਉਣ ਵਿੱਚ ਕਾਮਯਾਬ ਰਹੇ। ਸਿੱਧੂ ਨੇ 28 ਅਪ੍ਰੈਲ 2016 ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਸੀ, ਪਰ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਹੀ ਉਨ੍ਹਾਂ 18 ਜੁਲਾਈ 2016 ਨੂੰ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪਰਗਟ ਸਿੰਘ ਅਤੇ ਬੈਂਸ ਨਾਲ ਮਿਲ ਕੇ ਨਵੀਂ ਪਾਰਟੀ ਬਣਾਈ ਜਿਸ ਦਾ ਨਾਂ 'ਆਵਾਜ਼-ਏ-ਪੰਜਾਬ' ਰੱਖਿਆ ਗਿਆ। ਨਵਜੋਤ ਸਿੰਘ ਸਿੱਧੂ ਨੂੰ 1988 ਵਿੱਚ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ ਜੇਲ੍ਹ ਵੀ ਕੱਟਣੀ ਪਈ ਸੀ। 19 ਮਈ, 2022 ਨੂੰ ਰੋਡ ਰੇਜ ਕੇਸ ਵਿੱਚ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਸੀ, ਪਰ ਜੇਲ੍ਹ ਵਿੱਚ ਉਨ੍ਹਾਂ ਦੇ ਚੰਗੇ ਵਿਵਹਾਰ ਨੂੰ ਦੇਖਦੇ ਹੋਏ ਸਿੱਧੂ ਨੂੰ 10 ਮਹੀਨਿਆਂ ਬਾਅਦ ਹੀ ਰਿਹਾਅ ਕਰ ਦਿੱਤਾ ਗਿਆ।