ਫਿਰ ਸੁਣਾਈ ਦੇਵੇਗੀ ਰਾਫੇਲ ਦੀ ਗੂੰਜ! 114 ਨਵੇਂ ਫਾਈਟਰ ਜੈੱਟਾਂ ਲਈ ਫਰਾਂਸ ਦਾ ਵੱਡਾ ਪ੍ਰਸਤਾਵ, ਭਾਰਤ ਵਿੱਚ ਬਣਣਗੇ 94 ਜਹਾਜ਼
Rafale Fighter Jet: ਇਸ ਸਮਝੌਤੇ ਨਾਲ ਭਾਰਤ ਦੇ ਰੱਖਿਆ ਖੇਤਰ ਵਿੱਚ ਸਰਕਾਰੀ ਅਤੇ ਨਿੱਜੀ ਭਾਗੀਦਾਰਾਂ ਨੂੰ ਅਤਿ-ਆਧੁਨਿਕ ਲੜਾਕੂ ਜਹਾਜ਼ (ਫਾਈਟਰ ਜੈੱਟ) ਬਣਾਉਣ ਦਾ ਤਜਰਬਾ ਮਿਲੇਗਾ। ਇਸ ਦੇ ਨਾਲ ਹੀ, ਇਸ ਸੌਦੇ ਵਿੱਚ ਤਕਨਾਲੋਜੀ ਟ੍ਰਾਂਸਫਰ (Technology Transfer) ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਭਾਰਤੀ ਹਵਾਈ ਸੈਨਾ ਲਈ 114 ਰਾਫੇਲ ਲੜਾਕੂ ਜਹਾਜ਼ਾਂ ਖਰੀਦਣ ਬਾਰੇ ਭਾਰਤ ਦੀ ਯੋਜਨਾ ਇੱਕ ਹੋਰ ਕਦਮ ਅੱਗੇ ਵੱਧ ਗਈ ਹੈ। ਫਰਾਂਸ ਨੇ ਵਿਸਥਾਰਤ ਤਕਨੀਕੀ (Technical) ਅਤੇ ਵਪਾਰਕ (Commercial) ਪ੍ਰਸਤਾਵ ਜਮ੍ਹਾਂ ਕਰਵਾ ਦਿੱਤੇ ਹਨ, ਜੋ ਸਮਝੌਤੇ ‘ਤੇ ਦਸਤਖ਼ਤ ਹੋਣ ਤੋਂ ਪਹਿਲਾਂ ਹੋਣ ਵਾਲੀ ਆਖਰੀ ਗੱਲਬਾਤ ਦਾ ਰਾਹ ਸਾਫ਼ ਕਰਨਗੇ। ਮਾਮਲੇ ਨਾਲ ਜਾਣੂ ਸੂਤਰਾਂ ਮੁਤਾਬਕ ਇਹ ਪ੍ਰਸਤਾਵ ਭਾਰਤ ਵੱਲੋਂ ਮਈ ਮਹੀਨੇ ਵਿੱਚ ਜਾਰੀ ਕੀਤੇ ਗਏ ‘ਲੇਟਰ ਆਫ਼ ਰਿਕਵੈਸਟ’ (Letter of Request) ਦੇ ਜਵਾਬ ਵਿੱਚ ਸੌਂਪੇ ਗਏ ਹਨ।
ਲਗਭਗ 3.25 ਲੱਖ ਕਰੋੜ ਰੁਪਏ ਦੀ ਇਸ ਡੀਲ ‘ਤੇ ਸਰਕਾਰ-ਤੋਂ-ਸਰਕਾਰ (G2G) ਮਾਡਲ ਤਹਿਤ ਕੰਮ ਕੀਤਾ ਜਾ ਰਿਹਾ ਹੈ। ਇਸ ਸਮਝੌਤੇ ਵਿੱਚ ਸੌਵਰਨ ਗਾਰੰਟੀ (Sovereign Guarantee) ਅਤੇ ਟੈਕਨੋਲੋਜੀ ਟ੍ਰਾਂਸਫਰ (Technology Transfer) ਵੀ ਸ਼ਾਮਲ ਹੋਣਗੇ। ਪ੍ਰਸਤਾਵ ਅਨੁਸਾਰ, 114 ਵਿੱਚੋਂ 94 ਰਾਫੇਲ ਲੜਾਕੂ ਜਹਾਜ਼ ਭਾਰਤ ਵਿੱਚ ਹੀ ਡਸੌਲਟ ਏਵੀਏਸ਼ਨ (Dassault Aviation) ਵੱਲੋਂ ਸਥਾਨਕ ਕੰਪਨੀਆਂ ਨਾਲ ਮਿਲ ਕੇ ਤਿਆਰ ਕੀਤੇ ਜਾਣਗੇ। ਭਾਰਤ ਦੀ ਯੋਜਨਾ ਇੱਕ ਪੂਰੀ ਤਰ੍ਹਾਂ ਕਾਰਗਰ ਫਾਈਟਰ ਏਅਰਕ੍ਰਾਫਟ ਉਤਪਾਦਨ ਲਾਈਨ ਸਥਾਪਿਤ ਕਰਨ ਦੀ ਹੈ, ਜਿਸ ਵਿੱਚ ਸਮੇਂ ਦੇ ਨਾਲ ਘੱਟੋ-ਘੱਟ 50 ਫ਼ੀਸਦੀ ਸਵਦੇਸ਼ੀ ਸਮੱਗਰੀ (Indigenous Content) ਸ਼ਾਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਫਰਾਂਸ ਪਹਿਲੀ ਵਾਰ ਕਰੇਗਾ ਇਹ ਕੰਮ
ਭਾਰਤੀ ਹਵਾਈ ਸੈਨਾ (IAF) ਦੀਆਂ ਤੁਰੰਤ ਆਪਰੇਸ਼ਨਲ ਲੋੜਾਂ ਨੂੰ ਪੂਰਾ ਕਰਨ ਲਈ 20 ਰਾਫੇਲ ਲੜਾਕੂ ਜਹਾਜ਼ ਫਰਾਂਸ ਤੋਂ ‘ਫਲਾਈਅਵੇ ਕੰਡੀਸ਼ਨ’ (ਉਡਾਣ ਲਈ ਪੂਰੀ ਤਰ੍ਹਾਂ ਤਿਆਰ ਹਾਲਤ) ਵਿੱਚ ਸਿੱਧੇ ਭਾਰਤ ਨੂੰ ਸਪੁਰਦ ਕੀਤੇ ਜਾਣਗੇ। ਇਹ ਜਹਾਜ਼ ਭਾਰਤੀ ਹਵਾਈ ਸੈਨਾ ਦੇ ਬੇੜੇ ਵਿੱਚ ਪਹਿਲਾਂ ਤੋਂ ਮੌਜੂਦ 36 ਰਾਫੇਲ ਫਾਈਟਰ ਜੈੱਟਾਂ ਅਤੇ ਭਾਰਤੀ ਜਲ ਸੈਨਾ ਵੱਲੋਂ ਆਰਡਰ ਕੀਤੇ 26 ਨੇਵਲ ਰਾਫੇਲ ਜਹਾਜ਼ਾਂ ਨਾਲ ਸ਼ਾਮਲ ਹੋਣਗੇ। ਇਸ ਤੋਂ ਇਲਾਵਾ, ਭਾਰਤੀ ਜਲ ਸੈਨਾ ਆਪਣੇ ਏਅਰਕ੍ਰਾਫਟ ਕੈਰੀਅਰਾਂ ਤੋਂ ਆਪਰੇਸ਼ਨ ਲਈ 30 ਤੋਂ ਵੱਧ ਵਾਧੂ ਰਾਫੇਲ ਜੈੱਟ ਵੀ ਖਰੀਦ ਸਕਦੀ ਹੈ, ਕਿਉਂਕਿ ਉਸ ਦਾ ਪੁਰਾਣਾ MiG-29K ਲੜਾਕੂ ਜਹਾਜ਼ਾਂ ਦਾ ਬੇੜਾ ਹੁਣ ਰਿਟਾਇਰਮੈਂਟ ਦੇ ਨੇੜੇ ਪਹੁੰਚ ਚੁੱਕਾ ਹੈ।
ਇਹ ਪ੍ਰੋਜੈਕਟ ਪਹਿਲੀ ਵਾਰ ਹੋਵੇਗਾ ਜਦੋਂ ਰਾਫੇਲ ਲੜਾਕੂ ਜਹਾਜ਼ ਫਰਾਂਸ ਤੋਂ ਬਾਹਰ ਟੈਕਨਾਲੋਜੀ ਟ੍ਰਾਂਸਫਰ (Technology Transfer) ਦੇ ਨਾਲ ਤਿਆਰ ਕੀਤੇ ਜਾਣਗੇ। ਡਸੌਲਟ ਏਵੀਏਸ਼ਨ (Dassault Aviation) ਇਸ ਲੋਕਲਾਈਜ਼ੇਸ਼ਨ ਪ੍ਰੋਜੈਕਟ ਦੀ ਅਗਵਾਈ ਕਰੇਗੀ। ਇਸ ਵਿੱਚ ਹੋਰ ਫਰਾਂਸੀਸੀ ਕੰਪਨੀਆਂ ਵੀ ਸਹਿਯੋਗ ਦੇਣਗੀਆਂ, ਜਿਵੇਂ ਕਿ ਇੰਜਣ ਬਣਾਉਣ ਵਾਲੀ ਸੈਫਰਾਨ (Safran), ਐਵੀਓਨਿਕਸ ਸਿਸਟਮ ਮੁਹੱਈਆ ਕਰਵਾਉਣ ਵਾਲੀ ਥੇਲਸ (Thales) ਅਤੇ ਹਥਿਆਰ ਪ੍ਰਣਾਲੀਆਂ ਦੇਣ ਵਾਲੀ MBDA।
ਇਸੇ ਸਾਲ ਹੋ ਸਕਦੀ ਹੈ ਡੀਲ
ਸਮਝੌਤੇ ‘ਤੇ ਦਸਤਖ਼ਤ ਹੋਣ ਤੋਂ ਬਾਅਦ ਟਾਟਾ ਐਡਵਾਂਸਡ ਸਿਸਟਮਜ਼ ਲਿਮਿਟੇਡ (TASL) ਵਰਗੀਆਂ ਭਾਰਤੀ ਕੰਪਨੀਆਂ ਨੂੰ ਇਸ ਪ੍ਰੋਜੈਕਟ ਵਿੱਚ ਵੱਡਾ ਹਿੱਸਾ ਮਿਲਣ ਦੀ ਉਮੀਦ ਹੈ। ਟਾਟਾ ਦਾ ਡਸੌਲਟ ਏਵੀਏਸ਼ਨ ਨਾਲ ਜਹਾਜ਼ ਦੇ ਫਿਊਜ਼ਲਾਜ਼ (Fuselage) ਅਤੇ ਹੋਰ ਅਹਿਮ ਪੁਰਜ਼ੇ ਬਣਾਉਣ ਲਈ ਪਹਿਲਾਂ ਹੀ ਸਮਝੌਤਾ ਹੋ ਚੁੱਕਾ ਹੈ।
ਇਹ ਵੀ ਪੜ੍ਹੋ
ਸੂਤਰਾਂ ਮੁਤਾਬਕ, ਸਰਕਾਰ ਦਾ ਟੀਚਾ ਇਸੇ ਵਿੱਤੀ ਸਾਲ ਦੌਰਾਨ ਇਸ ਸਮਝੌਤੇ ‘ਤੇ ਦਸਤਖ਼ਤ ਕਰਨ ਦਾ ਹੈ। ਟੈਕਨਾਲੋਜੀ ਨਾਲ ਜੁੜੀਆਂ ਸ਼ਰਤਾਂ ਅਤੇ ਕੀਮਤ ਨੂੰ ਅੰਤਿਮ ਰੂਪ ਦੇਣ ਲਈ ਅਗਸਤ ਦੇ ਅੰਤ ਜਾਂ ਸਤੰਬਰ ਦੀ ਸ਼ੁਰੂਆਤ ਵਿੱਚ ਕਈ ਦੌਰ ਦੀ ਗੱਲਬਾਤ ਹੋਣ ਦੀ ਉਮੀਦ ਹੈ।
ਰੱਖਿਆ ਮੰਤਰਾਲੇ ਵੱਲੋਂ ਅੰਤਿਮ ਪੇਸ਼ਕਸ਼ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਇਸ ਪ੍ਰਸਤਾਵ ਨੂੰ ਮਨਜ਼ੂਰੀ ਲਈ ਕੈਬਿਨੇਟ ਕਮੇਟੀ ਆਨ ਸਿਕਿਉਰਿਟੀ (CCS) ਕੋਲ ਭੇਜਿਆ ਜਾਵੇਗਾ। ਇਸ ਤੋਂ ਬਾਅਦ ਫਰਾਂਸ ਨੂੰ ਇੱਕ ਅਧਿਕਾਰਤ ‘ਲੇਟਰ ਆਫ ਐਕਸੈਪਟੈਂਸ’ (Letter of Acceptance) ਜਾਰੀ ਕੀਤਾ ਜਾਵੇਗਾ, ਜਿਸ ਨਾਲ ਇਸ ਖਰੀਦ ਪ੍ਰਕਿਰਿਆ ਨੂੰ ਅੰਤਿਮ ਰੂਪ ਮਿਲ ਜਾਵੇਗਾ।


