ਕਾਂਵੜ ਯਾਤਰਾ
ਹਿੰਦੂ ਧਰਮ ਵਿੱਚ ਸਾਵਣ ਦੇ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਕਾਂਵੜ ਯਾਤਰਾ ਵੀ ਸ਼ੁਰੂ ਹੋ ਜਾਂਦੀ ਹੈ। ਸਾਵਣ ਦੇ ਨਾਲ-ਨਾਲ ਕਾਂਵੜ ਯਾਤਰਾ ਨੂੰ ਲੈ ਕੇ ਸ਼ਿਵ ਭਗਤਾਂ ‘ਚ ਭਾਰੀ ਉਤਸ਼ਾਹ ਹੈ। ਹਰ ਸਾਲ ਲੱਖਾਂ ਕਾਂਵੜੀਏ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਆਪਣੇ ਇਲਾਕੇ ਦੇ ਸ਼ਿਵ ਮੰਦਰਾਂ ਵਿਚ ਜਾ ਕੇ ਸ਼ਿਵਲਿੰਗ ਦਾ ਜਲਾਭਿਸ਼ੇਕ ਕਰਦੇ ਹਨ। ਸ਼ਾਸਤਰਾਂ ਵਿੱਚ ਕਾਂਵੜ ਯਾਤਰਾ ਸਬੰਧੀ ਕਈ ਮਹੱਤਵਪੂਰਨ ਨਿਯਮ ਦੱਸੇ ਗਏ ਹਨ, ਜਿਨ੍ਹਾਂ ਦੀ ਯਾਤਰਾ ਦੌਰਾਨ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਕਾਂਵੜ ਯਾਤਰਾ ਦੇ ਨਿਯਮਾਂ ਸਬੰਧੀ ਕੋਈ ਢਿੱਲ ਨਹੀਂ ਦਿੱਤੀ ਗਈ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਕਾਂਵੜ ਯਾਤਰਾ ਨੂੰ ਪੂਰਾ ਕਰਨ ਵਾਲਿਆਂ ‘ਤੇ ਭੋਲੇਨਾਥ ਦਾ ਵਿਸ਼ੇਸ਼ ਆਸ਼ੀਰਵਾਦ ਹੁੰਦਾ ਹੈ। ਹਜ਼ਾਰਾਂ, ਲੱਖਾਂ ਲੋਕ ਕਾਂਵੜ ਨੂੰ ਲੈ ਕੇ ਭਗਵਾਨ ਸ਼ਿਵ ਨੂੰ ਜਲ ਚੜ੍ਹਾਉਣ ਲਈ ਪੈਦਲ ਕਾਂਵੜ ਯਾਤਰਾ ‘ਤੇ ਨਿਕਲਦੇ ਹਨ। ਕਾਂਵੜ ਯਾਤਰਾ ਇੱਕ ਤੀਰਥ ਯਾਤਰਾ ਦੇ ਰੂਪ ਵਿੱਚ ਮੰਨੀ ਜਾਂਦੀ ਹੈ, ਜਿਸ ਦਾ ਲੋਕ ਸਾਲ ਭਰ ਇੰਤਜ਼ਾਰ ਕਰਦੇ ਹਨ।
ਸਾਵਣ ਦੇ ਮਹੀਨੇ ਵਿੱਚ ਸ਼ਿਵ ਭਗਤ ਗੰਗਾ ਦੇ ਕਿਨਾਰੇ ਇੱਕ ਕਲਸ਼ ਵਿੱਚ ਗੰਗਾ ਜਲ ਭਰ ਕੇ, ਕਾਂਵੜ ਉੱਤੇ ਬੰਨ੍ਹ ਕੇ, ਮੋਢਿਆਂ ਉੱਤੇ ਟੰਗ ਕੇ ਆਪਣੇ-ਆਪਣੇ ਖੇਤਰ ਦੇ ਸ਼ਿਵਾਲਿਆ ਵਿੱਚ ਲੈ ਕੇ ਆਉਂਦੇ ਹਨ ਅਤੇ ਸ਼ਿਵਲਿੰਗ ਉੱਤੇ ਗੰਗਾ ਜਲ ਚੜ੍ਹਾਉਂਦੇ ਹਨ। ਸ਼ਾਸਤਰਾਂ ਅਨੁਸਾਰ ਕਾਂਵੜ ਯਾਤਰਾ ਦੀ ਸ਼ੁਰੂਆਤ ਕਰਨ ਵਾਲੇ ਸਭ ਤੋਂ ਪਹਿਲਾਂ ਭਗਵਾਨ ਪਰਸ਼ੂਰਾਮ ਸਨ। ਪਰਸ਼ੂਰਾਮ ਨੇ ਗੜ੍ਹਮੁਕਤੇਸ਼ਵਰ ਧਾਮ ਤੋਂ ਗੰਗਾ ਜਲ ਲਿਆ ਕੇ ਯੂਪੀ ਦੇ ਬਾਗਪਤ ਨੇੜੇ ਸਥਿਤ ‘ਪੁਰਾ ਮਹਾਦੇਵ’ ਦਾ ਗੰਗਾ ਜਲ ਨਾਲ ਅਭਿਸ਼ੇਕ ਕੀਤਾ ਸੀ। ਉਦੋਂ ਤੋਂ ਹੀ ਕਾਂਵੜ ਯਾਤਰਾ ਕਰਨ ਦੀ ਪਰੰਪਰਾ ਚੱਲੀ ਆ ਰਹੀ ਹੈ।