ਐਲਨ ਮਸਕ ਨੇ ਲਾਂਚ ਕੀਤਾ Imagine Image 2.0 ਟੂਲ, ਤੁਰੰਤ ਬਣਾਏਗਾ ਤਸਵੀਰ
Imagine Image 2.0: xAI ਦਾ Imagine Image 2.0 ਹੁਣ Grok ਰਾਹੀਂ ਵਰਤਿਆ ਜਾ ਸਕਦਾ ਹੈ। ਨਵਾਂ ਮਾਡਲ OpenAI, Meta ਅਤੇ Google ਦੇ AI ਇਮੇਜ ਟੂਲਸਨੂੰ ਸਿੱਧੀ ਟੱਕਰ ਦਿੰਦਾ ਹੈ।
ਐਲਨ ਮਸਕ ਦੀ AI ਕੰਪਨੀ xAI ਨੇ ਨਵਾਂ Imagine Image 2.0 ਲਾਂਚ ਕਰ ਦਿੱਤਾ ਹੈ। ਇਹ AI ਮਾਡਲ ਸਿਰਫ਼ ਤਸਵੀਰਾਂ ਬਣਾਉਣ ਤੱਕ ਸੀਮਿਤ ਨਹੀਂ ਹੈ, ਸਗੋਂ ਤਸਵੀਰਾਂ ਨੂੰ ਐਡਿਟ ਕਰਨ ਲਈ ਵੀ ਕਈ ਨਵੇਂ ਟੂਲ ਦਿੰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਪ੍ਰੋਫੈਸ਼ਨਲ ਕੰਮ ਲਈ ਉਪਯੋਗੀ ਤਸਵੀਰਾਂ ਬਣਾਉਣ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿੱਚ ਬਿਹਤਰ ਟੈਕਸਟ, ਲੇਆਉਟ, ਐਡਿਟਿੰਗ ਅਤੇ ਡਿਜ਼ਾਈਨ ਨਾਲ ਜੁੜੇ ਫੀਚਰ ਮਿਲਦੇ ਹਨ। ਇਸ ਟੂਲ ਨੂੰ OpenAI ਅਤੇ Meta ਨੂੰ ਚੁਣੌਤੀ ਦੇਣ ਲਈ ਲਾਂਚ ਕੀਤਾ ਗਿਆ ਹੈ।
ਕੰਮ ਦੀਆਂ ਤਸਵੀਰਾਂ ਬਣਾਉਣ ‘ਤੇ ਜ਼ੋਰ
xAI ਨੇ Imagine Image 2.0 ਨੂੰ ਇਸ ਸੋਚ ਨਾਲ ਤਿਆਰ ਕੀਤਾ ਹੈ ਕਿ AI ਰਾਹੀਂ ਬਣਾਈਆਂ ਗਈਆਂ ਤਸਵੀਰਾਂ ਦਾ ਇਸਤੇਮਾਲ ਅਸਲ ਅਤੇ ਪ੍ਰੋਫੈਸ਼ਨਲ ਕੰਮਾਂ ਵਿੱਚ ਕੀਤਾ ਜਾ ਸਕੇ। ਕੰਪਨੀ ਮੁਤਾਬਕ, ਇਹ ਮਾਡਲ ਯੂਜ਼ਰ ਵੱਲੋਂ ਦਿੱਤੇ ਗਏ ਵਿਸਥਾਰਪੂਰਵਕ ਨਿਰਦੇਸ਼ਾਂ ਨੂੰ ਬਿਹਤਰ ਤਰੀਕੇ ਨਾਲ ਸਮਝ ਕੇ ਤਸਵੀਰ ਤਿਆਰ ਕਰ ਸਕਦਾ ਹੈ। ਇਸ ਵਿੱਚ ਟਾਈਪੋਗ੍ਰਾਫੀ, ਲੇਆਉਟ ਅਤੇ ਟੈਕਸਟ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਉਣ ‘ਤੇ ਵੀ ਜ਼ੋਰ ਦਿੱਤਾ ਗਿਆ ਹੈ। ਇਸ ਦਾ ਇਸਤੇਮਾਲ ਪੋਸਟਰ, ਪ੍ਰੈਜ਼ੈਂਟੇਸ਼ਨ, ਸੋਸ਼ਲ ਮੀਡੀਆ ਗ੍ਰਾਫਿਕਸ ਅਤੇ ਡਿਜ਼ਾਈਨ ਨਾਲ ਜੁੜੇ ਹੋਰ ਕੰਮਾਂ ਲਈ ਕੀਤਾ ਜਾ ਸਕਦਾ ਹੈ।
ਤਸਵੀਰ ਦੇ ਕਿਸੇ ਹਿੱਸੇ ਨੂੰ ਵੱਖਰੇ ਤੌਰ ‘ਤੇ ਕਰ ਸਕੋਗੇ ਐਡਿਟ
Imagine Image 2.0 ਵਿੱਚ ਐਡਿਟਿੰਗ ਲਈ ਕਈ ਨਵੇਂ ਫੀਚਰ ਦਿੱਤੇ ਗਏ ਹਨ। ਇਨ੍ਹਾਂ ਵਿੱਚ Magic Wand ਸਭ ਤੋਂ ਖਾਸ ਹੈ, ਜਿਸ ਦੀ ਮਦਦ ਨਾਲ ਯੂਜ਼ਰ ਪੂਰੀ ਤਸਵੀਰ ਨੂੰ ਦੁਬਾਰਾ ਬਣਾਏ ਬਿਨਾਂ ਇਸ ਦੇ ਕਿਸੇ ਖਾਸ ਹਿੱਸੇ ਵਿੱਚ ਬਦਲਾਅ ਕਰ ਸਕਦਾ ਹੈ। ਇਸ ਵਿੱਚ Segmentation Tool ਵੀ ਹੈ, ਜਿਸ ਨਾਲ ਤਸਵੀਰ ਦੇ ਕਿਸੇ ਖਾਸ ਹਿੱਸੇ ਨੂੰ ਸਹੀ ਤਰੀਕੇ ਨਾਲ ਚੁਣਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬੈਕਗ੍ਰਾਊਂਡ ਹਟਾ ਕੇ Transparent Image ਬਣਾਉਣ ਅਤੇ ਇੱਕ ਹੀ ਜਨਰੇਸ਼ਨ ਵਿੱਚ 5 ਤੱਕ ਤਸਵੀਰਾਂ ਨੂੰ ਰੈਫਰੈਂਸ ਵਜੋਂ ਵਰਤਣ ਦੀ ਸਹੂਲਤ ਵੀ ਦਿੱਤੀ ਗਈ ਹੈ।
ਟੈਂਪਲੇਟ ਨਾਲ ਆਸਾਨ ਹੋਵੇਗੀ ਇਮੇਜ ਬਣਾਉਣਾ
xAI ਨੇ Imagine Image 2.0 ਦੇ ਨਾਲ ਕਈ ਤਿਆਰ ਟੈਂਪਲੇਟ ਵੀ ਪੇਸ਼ ਕੀਤੇ ਹਨ। ਇਨ੍ਹਾਂ ਦੀ ਵਰਤੋਂ ਫੋਟੋ ਐਡਿਟਿੰਗ, ਪ੍ਰੋਫੈਸ਼ਨਲ ਹੈੱਡਸ਼ਾਟ, ਪ੍ਰੋਡਕਟ ਫੋਟੋਗ੍ਰਾਫੀ, ਆਈਕਨ ਅਤੇ ਗੇਮ ਐਸੈਟ ਵਰਗੇ ਕੰਮਾਂ ਲਈ ਕੀਤੀ ਜਾ ਸਕਦੀ ਹੈ। ਯਾਨੀ ਹਰ ਵਾਰ ਸ਼ੁਰੂ ਤੋਂ ਲੰਮਾ ਪ੍ਰੌਮਪਟ ਲਿਖਣ ਦੀ ਲੋੜ ਨਹੀਂ ਹੋਵੇਗੀ। ਯੂਜ਼ਰ ਆਪਣੀ ਲੋੜ ਮੁਤਾਬਕ ਟੈਂਪਲੇਟ ਚੁਣ ਕੇ ਜ਼ਰੂਰੀ ਜਾਣਕਾਰੀ ਦੇ ਸਕਦਾ ਹੈ ਅਤੇ ਉਸ ਦੇ ਆਧਾਰ ‘ਤੇ ਤਸਵੀਰ ਤਿਆਰ ਕਰ ਸਕਦਾ ਹੈ। ਫਿਲਹਾਲ ਇਹ Grok ਰਾਹੀਂ iOS, Android ਅਤੇ ਵੈੱਬ ‘ਤੇ ਉਪਲਬਧ ਹੈ। xAI ਭਵਿੱਖ ਵਿੱਚ ਇਸ ਦਾ API ਵੀ ਉਪਲਬਧ ਕਰਵਾਉਣ ਦੀ ਤਿਆਰੀ ਕਰ ਰਹੀ ਹੈ।