ਲੁਧਿਆਣਾ ‘ਚ ਤੇਜ਼ ਰਫ਼ਤਾਰ ਟਰਾਲੇ ਨੇ ਨੌਜਵਾਨ ਨੂੰ ਕੁਚਲਿਆ, ਮੌਕੇ ‘ਤੇ ਹੋਈ ਮੌਤ; ਘਟਨਾ CCTV ‘ਚ ਕੈਦ
ਲੁਧਿਆਣਾ ਦੇ ਕਸਬਾ ਰਾਏਕੋਟ ਦੇ ਸਰਦਾਰ ਹਰੀ ਸਿੰਘ ਨਲਵਾ ਚੌਂਕ ਨੇੜੇ ਬੀਤੀ ਦੇਰ ਸ਼ਾਮ ਕਰੀਬ 6 ਵਜੇ ਇੱਕ ਬੇਹੱਦ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਸੜਕ ਕਿਨਾਰੇ ਸਾਈਕਲ ਤੇ ਜਾ ਰਹੇ ਇੱਕ ਨੌਜਵਾਨ ਪ੍ਰਵਾਸੀ ਮਜ਼ਦੂਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਘਟਨਾ ਸਥਾਨ ਤੇ ਹੀ ਦਰਦਨਾਕ ਮੌਤ ਹੋ ਗਈ।
ਲੁਧਿਆਣਾ ਦੇ ਕਸਬਾ ਰਾਏਕੋਟ ਦੇ ਸਰਦਾਰ ਹਰੀ ਸਿੰਘ ਨਲਵਾ ਚੌਂਕ ਨੇੜੇ ਬੀਤੀ ਦੇਰ ਸ਼ਾਮ ਕਰੀਬ 6 ਵਜੇ ਇੱਕ ਬੇਹੱਦ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਸੜਕ ਕਿਨਾਰੇ ਸਾਈਕਲ ਤੇ ਜਾ ਰਹੇ ਇੱਕ ਨੌਜਵਾਨ ਪ੍ਰਵਾਸੀ ਮਜ਼ਦੂਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਘਟਨਾ ਸਥਾਨ ਤੇ ਹੀ ਦਰਦਨਾਕ ਮੌਤ ਹੋ ਗਈ। ਕੁੱਝ ਹੀ ਪਲਾਂ ਵਿੱਚ ਵਾਪਰੇ ਇਸ ਖ਼ੂਨੀ ਹਾਦਸੇ ਦੌਰਾਨ ਕੋਲੋਂ ਲੰਘ ਰਹੇ ਬੇਕਾਬੂ ਟਰਾਲੇ ਦੀ ਫ਼ੇਟ ਲੱਗਣ ਕਾਰਨ ਨੌਜਵਾਨ ਸਾਈਕਲ ਸਮੇਤ ਸੜਕ ਤੇ ਜਾ ਡਿੱਗਿਆ ਅਤੇ ਟਰਾਲੇ ਦੇ ਪਿਛਲੇ ਟਾਇਰ ਉਸ ਦੇ ਸਿਰ ਉੱਪਰੋਂ ਲੰਘ ਗਏ। ਇਹ ਸਮੁੱਚਾ ਹਾਦਸਾ ਸੜਕ ਕਿਨਾਰੇ ਸਥਿਤ ਇੱਕ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਿਆ।
ਹਿੰਮਤੀ ਟੈਕਸੀ ਚਾਲਕ ਨੇ ਪਿੱਛਾ ਕਰਕੇ ਫ਼ਰਾਰ ਟਰਾਲੇ ਨੂੰ ਦਬੋਚਿਆ
ਹਾਦਸੇ ਨੂੰ ਅੰਜਾਮ ਦੇਣ ਉਪਰੰਤ ਮੁਲਜ਼ਮ ਟਰਾਲਾ ਚਾਲਕ ਰੁਕਣ ਦੀ ਬਜਾਏ ਵਾਹਨ ਭਜਾ ਕੇ ਮੁੱਲਾਂਪੁਰ ਦਾਖਾ ਵੱਲ ਨੂੰ ਫ਼ਰਾਰ ਹੋ ਗਿਆ। ਇਸ ਦੌਰਾਨ ਘਟਨਾ ਨੂੰ ਅੱਖੀਂ ਦੇਖਣ ਵਾਲੇ ਕਸਬਾ ਧਨੌਲਾ ਦੇ ਇੱਕ ਦਲੇਰ ਟੈਕਸੀ ਚਾਲਕ ਨੇ ਆਪਣੀ ਗੱਡੀ ਰਾਹੀਂ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਟੈਕਸੀ ਚਾਲਕ ਨੇ ਹਿੰਮਤ ਵਿਖਾਉਂਦਿਆਂ ਮੁੱਲਾਂਪੁਰ ਦਾਖਾ ਪੁਲਿਸ ਸਟੇਸ਼ਨ ਨਜ਼ਦੀਕ ਟਰਾਲੇ ਨੂੰ ਘੇਰ ਕੇ ਰੋਕ ਲਿਆ ਅਤੇ ਚਾਲਕ ਨੂੰ ਤੁਰੰਤ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ।
ਮ੍ਰਿਤਕ ਬਾਲਾ ਜੀ ਹੋਟਲ ਚ ਕਰਦਾ ਸੀ ਕੰਮ
ਮ੍ਰਿਤਕ ਦੀ ਸ਼ਨਾਖ਼ਤ 28 ਸਾਲਾ ਸ਼ਗਨ ਕੁਮਾਰ ਪੁੱਤਰ ਭੋਲਾ ਰਾਮ ਵਾਸੀ ਡੇਡਾਸ਼ਾਹੀ (ਉੱਤਰ ਪ੍ਰਦੇਸ਼), ਹਾਲ ਵਾਸੀ ਸੰਧੂ ਕਲੋਨੀ ਸੀਲੋਆਣੀ ਰੋਡ, ਰਾਏਕੋਟ ਵਜੋਂ ਹੋਈ ਹੈ। ਮ੍ਰਿਤਕ ਰਾਏਕੋਟ ਸ਼ਹਿਰ ਵਿੱਚ ਸਥਿਤ ਬਾਲਾ ਜੀ ਹੋਟਲ ਵਿਖੇ ਹਲਵਾਈ ਦਾ ਕੰਮ ਕਰਦਾ ਸੀ। ਦੇਰ ਸ਼ਾਮ ਉਹ ਤਾਜਪੁਰ ਚੌਂਕ ਵੱਲੋਂ ਸਾਈਕਲ ਤੇ ਸਵਾਰ ਹੋ ਕੇ ਸਰਦਾਰ ਹਰੀ ਸਿੰਘ ਨਲਵਾ ਚੌਂਕ ਵੱਲ ਆ ਰਿਹਾ ਸੀ, ਪਰ ਜਿਵੇਂ ਹੀ ਉਹ ਬਾਲਾ ਜੀ ਹੋਟਲ ਦੇ ਅੱਗੇ ਪੁੱਜਿਆ ਤਾਂ ਪਿੱਛੋਂ ਆਏ ਤੇਜ਼ ਰਫ਼ਤਾਰ ਟਰਾਲੇ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪੁੱਜੇ ਮ੍ਰਿਤਕ ਦੇ ਛੋਟੇ ਭਰਾ ਰਾਧੇ ਸ਼ਾਮ ਨੇ ਲਾਸ਼ ਦੀ ਪਛਾਣ ਕੀਤੀ। ਭਰੇ ਮਨ ਨਾਲ ਉਸ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਰਾਏਕੋਟ ਵਿਖੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਟੱਬਰ ਦਾ ਪਾਲਣ-ਪੋਸ਼ਣ ਕਰ ਰਹੇ ਸਨ। ਉਸ ਨੇ ਦੱਸਿਆ ਕਿ ਸ਼ਗਨ ਕੁਮਾਰ ਵਿਆਹਿਆ ਹੋਇਆ ਸੀ ਅਤੇ ਉਸ ਦੀ ਇੱਕ ਦੋ ਸਾਲ ਦੀ ਮਾਸੂਮ ਬੱਚੀ ਹੈ। ਇਸ ਤੋਂ ਇਲਾਵਾ ਉਸ ਦੀ ਪਤਨੀ ਗਰਭਵਤੀ ਹੈ ਅਤੇ ਘਰ ਵਿੱਚ ਨਵੇਂ ਜੀਅ ਦੀ ਆਮਦ ਹੋਣ ਵਾਲੀ ਸੀ, ਪਰ ਇਸ ਅਣਕਿਆਸੇ ਭਾਣੇ ਨੇ ਪੂਰੇ ਪਰਿਵਾਰ ਦੀਆਂ ਖ਼ੁਸ਼ੀਆਂ ਮਿੱਟੀ ਵਿੱਚ ਮਿਲਾ ਦਿੱਤੀਆਂ ਹਨ।
ਪੁਲਿਸ ਨੇ ਲਾਸ਼ ਕਬਜ਼ੇ ਚ ਲੈ ਕੇ ਸ਼ੁਰੂ ਕੀਤੀ ਕਾਨੂੰਨੀ ਕਾਰਵਾਈ
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਡਿਊਟੀ ਅਫ਼ਸਰ ਏਐੱਸਆਈ ਸੁਖਦੇਵ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਜਗਰਾਓਂ ਦੇ ਮੁਰਦਾਘਰ ਵਿਖੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ
ਜਾਂਚ ਅਧਿਕਾਰੀ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਨੂੰਨ ਅਨੁਸਾਰ ਬਣਦੀਆਂ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਇਸ ਲਾਪਰਵਾਹੀ ਭਰੇ ਹਾਦਸੇ ਲਈ ਜ਼ਿੰਮੇਵਾਰ ਦੋਸ਼ੀ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ।


