ਸਿਓਂਕ ਵਾਂਗ ਦੇਸ਼ ਨੂੰ ਖਾ ਰਹੇ ਗੱਦਾਰ, ਪਹਿਲਗਾਮ ਹਮਲੇ ਤੋਂ ਬਾਅਦ ਏਨੇ ਦੇਸ਼ਧ੍ਰੋਹੀਆਂ ਦੇ ਸਾਹਮਣੇ ਆਏ ਨਾਂ
Pak Spy Arrest from Punjab: ਜੰਮੂ-ਕਸ਼ਮੀਰ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਹੁਣ ਤੱਕ ਕਈ ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਯੂਟਿਊਬਰਾਂ, CRPF ਜਵਾਨਾਂ ਸਮੇਤ ਕਈ ਲੋਕਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਨ੍ਹਾਂ 'ਤੇ ਪਾਕਿਸਤਾਨ ਨੂੰ ਗੁਪਤ ਜਾਣਕਾਰੀ ਦੇਣ ਦਾ ਆਰੋਪ ਹੈ। ਇਹ ਲੋਕ ਕੁਝ ਪੈਸਿਆਂ ਲਈ ਪਾਕਿਸਤਾਨੀ ਖੁਫੀਆ ਏਜੰਸੀਆਂ ਨਾਲ ਜੁੜੇ ਹੋਏ ਸਨ।

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਦੇਸ਼ ਨਾਲ ਗੱਦਾਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਤੱਕ, ਬਹੁਤ ਸਾਰੇ ਅਜਿਹੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕੁਝ ਪੈਸਿਆਂ ਲਈ ਪਾਕਿਸਤਾਨ ਦੀ ਗੋਦ ਵਿੱਚ ਜਾ ਕੇ ਬੈਠ ਗਏ ਸਨ। ਉਹ ਦੁਸ਼ਮਣ ਦੇਸ਼ ਨੂੰ ਭਾਰਤ ਦੀ ਗੁਪਤ ਜਾਣਕਾਰੀ ਦੇ ਰਹੇ ਸਨ। ਇਨ੍ਹਾਂ ਵਿੱਚ ਮਸ਼ਹੂਰ ਯੂਟਿਊਬਰ ਤੋਂ ਲੈ ਕੇ ਸੀਆਰਪੀਐਫ ਜਵਾਨ ਤੱਕ ਸ਼ਾਮਲ ਹਨ। ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਇਹ ਗੱਦਾਰ ਕੌਣ ਹਨ, ਆਓ ਜਾਣਦੇ ਹਾਂ।
ਰੂਪਨਗਰ ਦਾ ਜਸਬੀਰ ਸਿੰਘ
ਗੱਦਾਰਾਂ ਦੀ ਸੂਚੀ ਵਿੱਚ ਸਭ ਤੋਂ ਨਵਾਂ ਨਾਮ ਜਸਬੀਰ ਸਿੰਘ ਹੈ। ਇਸਨੂੰ ਪੰਜਾਬ ਦੇ ਰੂਪਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਇੱਕ ਯੂਟਿਊਬਰ ਹੈ। ਉਸਨੂੰ ਪੰਜਾਬ ਪੁਲਿਸ ਨੇ ਜਾਸੂਸੀ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਸਬੀਰ ਸਿੰਘ ਜਾਨ ਮਹਿਲ ਨਾਮ ਦਾ ਇੱਕ ਯੂਟਿਊਬ ਚੈਨਲ ਚਲਾਉਂਦਾ ਹੈ ਅਤੇ ਹਰਿਆਣਾ ਤੋਂ ਗ੍ਰਿਫ਼ਤਾਰ ਕੀਤੀ ਗਈ ਯੂਟਿਊਬਰ ਜੋਤੀ ਮਲਹੋਤਰਾ ਦੇ ਸੰਪਰਕ ਵਿੱਚ ਵੀ ਸੀ।
ਜਸਬੀਰ ਸਿੰਘ ਪਾਕਿਸਤਾਨੀ ਖੁਫੀਆ ਏਜੰਸੀ ਦੇ ਇੰਟੈਲੀਜੈਂਸ ਅਫਸਰ ਸ਼ਾਕਿਰ ਦੇ ਸੰਪਰਕ ਵਿੱਚ ਸੀ। ਜਸਬੀਰ ਸਿੰਘ ਤਿੰਨ ਵਾਰ ਪਾਕਿਸਤਾਨ ਵੀ ਗਿਆ ਹੈ। ਉਸਦੇ ਇਲੈਕਟ੍ਰਾਨਿਕ ਡਿਵਾਈਸM ਤੋਂ ਕਈ ਪਾਕਿਸਤਾਨੀ ਨੰਬਰ ਮਿਲੇ ਹਨ। ਜਸਬੀਰ ਨੇ ਪਾਕਿਸਤਾਨੀ ਦੂਤਾਵਾਸ ਦੇ ਇੱਕ ਕਰਮਚਾਰੀ ਦਾਨਿਸ਼ ਦੇ ਸੱਦੇ ‘ਤੇ ਪਾਕਿਸਤਾਨ ਰਾਸ਼ਟਰੀ ਦਿਵਸ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕੀਤੀ, ਜੋ ਕਿ ਦਿੱਲੀ ਵਿੱਚ ਪਾਕਿਸਤਾਨੀ ਦੂਤਾਵਾਸ ਵਿੱਚ ਆਯੋਜਿਤ ਕੀਤਾ ਗਿਆ ਸੀ।
ਤਰਨਤਾਰਨ ਦਾ ਗਗਨਦੀਪ ਸਿੰਘ
ਇਸਤੋਂ ਪਹਿਲਾਂ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਤੇ ਤਰਨਤਾਰਨ ਪੁਲਿਸ ਦੀ ਸੁਯੰਕਤ ਕਾਰਵਾਈ ਚ ਆਪ੍ਰੇਸ਼ਨ ਸਿੰਦੂਰ ਸਬੰਧਤ ਜਾਣਕਾਰੀ ਪਾਕਿਸਤਾਨੀ ਆਈਐਸਆਈ ਏਜੰਟਾਂ ਨੂੰ ਭੇਜਣ ਵਾਲੇ ਜਾਸੂਸ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਹਿਚਾਣ ਮਹੱਲਾ ਰੋਡੂਪੁਰ ਗਲੀ ਨਜ਼ਰ ਸਿੰਘ ਵਾਲੀ ਤਰਨਤਾਰਨ ਨਿਵਾਸੀ ਗਗਨਦੀਪ ਸਿੰਘ ਵਜੋਂ ਹੋਈ ਹੈ। ਮੁਲਜ਼ਮ ਨੂੰ ਪਾਕਿਸਤਾਨ ਦੀਆਂ ਖੁਫ਼ੀਆ ਏਜੰਸੀਆਂ ਨੂੰ ਸੰਵੇਦਨਸ਼ੀਲ ਸੈਨਾ ਦੀ ਜਾਣਕਾਰੀ ਦੇਣ ਦੇ ਆਰੋਪ ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਚ ਸਾਹਮਣੇ ਆਇਆ ਹੈ ਕਿ ਗਗਨਦੀਪ ਸਿੰਘ ਪਿੱਛਲੇ ਪੰਜ ਸਾਲੋਂ ਤੋਂ ਪਾਕਿਸਤਾਨ ਅਧਾਰਿਤ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਦੇ ਨਾਲ ਸੰਪਰਕ ਚ ਸੀ। ਚਾਵਲਾ ਦੇ ਜ਼ਰੀਏ ਹੀ ਉਸ ਦੀ ਪਹਿਚਾਣ ਪਾਕਿਸਤਾਨ ਦੇ ਖੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਹੋਈ ਸੀ।
ਇਹ ਵੀ ਪੜ੍ਹੋ
ਮੁਲਜ਼ਮ ਨੇ ਭਾਰਤੀ ਸੈਨਾ ਦੀਆਂ ਗਤੀਵਿਧੀਆਂ, ਆਪਰੇਸ਼ਨ ਸਿੰਦੂਰ ਦੌਰਾਨ ਸੈਨਿਕਾਂ ਦੀ ਤੈਨਾਤੀ ਤੇ ਰਣਨੀਤਿਕ ਠਿਕਾਣਿਆਂ ਦੀ ਜਾਣਕਾਰੀ ਪਾਕਿਸਤਾਨ ਨਾਲ ਸਾਂਝੀ ਕੀਤੀ, ਜੋ ਦੇਸ਼ ਦੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਬਣ ਸਕਦੀ ਸੀ। ਮੁਲਜ਼ਮ ਤੋਂ ਇੱਕ ਮੋਬਾਇਲ ਫੋ਼ਨ ਮਿਲਿਆ ਹੈ, ਜਿਸ ਚ ਉਸ ਵੱਲੋਂ ਜਾਸੂਸੀ ਕਰਨ ਦੇ ਸਬੂਤ ਮੌਜ਼ੂਦ ਹਨ, ਜੋ ਉਸ ਨੇ ਆਈਐਸਆਈ ਏਜੰਟਾਂ ਨੂੰ ਭੇਜੀ ਸੀ। ਉਸ ਕੋਲ 20 ਤੋਂ ਵੱਧ ਪਾਕਿਸਤਾਨ ਦੇ ਖੁਫ਼ੀਆ ਅਧਿਕਾਰੀਆਂ ਦੇ ਨੰਬਰ ਸਨ। ਇਸ ਤੋਂ ਅਲਾਵਾ ਪਾਕਿਸਤਾਨੀ ਅਧਿਕਾਰੀਆਂ ਤੋਂ ਮਿਲੇ ਆਰਥਿਕ ਲੈਣ-ਦੇਣ ਦੀ ਜਾਣਕਾਰੀ ਵੀ ਫ਼ੋਨ ਚ ਮੌਜ਼ੂਦ ਹੈ।
ਸੀਆਰਪੀਐਫ ਜਵਾਨ ਮੋਤੀਰਾਮ ਜਾਟ ਨੇ ਵੀ ਕੀਤੀ ਗੱਦਾਰੀ
ਸੀਆਰਪੀਐਫ ਜਵਾਨ ਮੋਤੀਰਾਮ ਜਾਟ ਵੀ ਕੁਝ ਪੈਸਿਆਂ ਲਈ ਪਾਕਿਸਤਾਨ ਦੀ ਗੋਦ ਵਿੱਚ ਜਾ ਬੈਠਾ। ਉਸਨੂੰ ਐਨਆਈਏ (NIA) ਨੇ ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਦੇਣ ਦੇ ਆਰੋਪ ਹੇਠ ਗ੍ਰਿਫਤਾਰ ਕੀਤਾ ਹੈ। ਉਹ ਪਹਿਲਗਾਮ ਵਿੱਚ ਹੀ ਤਾਇਨਾਤ ਸੀ। ਹਮਲੇ ਤੋਂ 5 ਦਿਨ ਪਹਿਲਾਂ ਉਸਦਾ ਤਬਾਦਲਾ ਕਰ ਦਿੱਤਾ ਗਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਉਹ ਦੋ ਸਾਲਾਂ ਤੋਂ ਪਾਕਿਸਤਾਨੀ ਏਜੰਟਾਂ ਨੂੰ ਜਾਣਕਾਰੀ ਦੇ ਰਿਹਾ ਸੀ। ਉਸਨੂੰ ਹਰ ਜਾਣਕਾਰੀ ਲਈ 3500 ਰੁਪਏ ਮਿਲ ਰਹੇ ਸਨ। ਇਸ ਤੋਂ ਇਲਾਵਾ, ਉਸਨੂੰ ਖਾਸ ਜਾਣਕਾਰੀ ਦੇ ਬਦਲੇ 12 ਹਜ਼ਾਰ ਰੁਪਏ ਮਿਲਦੇ ਸਨ।
ਐਨਆਈਏ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਮੋਤੀਰਾਮ 2023 ਤੋਂ ਪਾਕਿਸਤਾਨ ਨਾਲ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਖੁਫੀਆ ਜਾਣਕਾਰੀ ਸਾਂਝੀ ਕਰ ਰਿਹਾ ਸੀ। ਮੋਤੀਰਾਮ ਸੀਆਰਪੀਐਫ ਦੀ 116ਵੀਂ ਬਟਾਲੀਅਨ ਵਿੱਚ ਸਹਾਇਕ ਸਬ ਇੰਸਪੈਕਟਰ (ਏਐਸਆਈ) ਵਜੋਂ ਤਾਇਨਾਤ ਸੀ। ਐਨਆਈਏ ਨੇ ਉਸਨੂੰ 26 ਮਈ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ।
ਅਜਨਾਲਾ ਤੋਂ ਕਾਬੂ ਹੋਏ ਦੋ ਮੁਲਜ਼ਮ
ਪੰਜਾਬ ਪੁਲਿਸ ਨੇ 4 ਮਈ ਨੂੰ ਅੰਮ੍ਰਿਤਸਰ ਦੇ ਅਜਨਾਲਾ ਦੇ ਵਸਨੀਕ ਫਲਕਸ਼ੇਰ ਮਸੀਹ ਅਤੇ ਸੂਰਜ ਮਸੀਹ ਨੂੰ ਆਈਐਸਆਈ ਨੂੰ ਸੰਵੇਦਨਸ਼ੀਲ ਜਾਣਕਾਰੀ ਅਤੇ ਤਸਵੀਰਾਂ ਲੀਕ ਕਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਕਿਹਾ ਕਿ ਦੋਵੇਂ ਕਥਿਤ ਤੌਰ ‘ਤੇ ਫੌਜ ਦੀਆਂ ਗਤੀਵਿਧੀਆਂ ਅਤੇ ਹੋਰ ਸੰਵੇਦਨਸ਼ੀਲ ਡੇਟਾ ਵਰਗੀ ਮਹੱਤਵਪੂਰਨ ਜਾਣਕਾਰੀ ਇਕੱਠੀ ਕਰਨ ਅਤੇ ਇਸਨੂੰ ਪਾਕਿਸਤਾਨ ਵਿੱਚ ਆਪਣੇ ਹੈਂਡਲਰਾਂ ਨੂੰ ਭੇਜਣ ਵਿੱਚ ਸ਼ਾਮਲ ਸਨ।
ਮਲੇਰਕੋਟਲਾ ਦੇ ਦੋ ਗੱਦਾਰ ਵੀ ਚੜ੍ਹੇ ਪੁਲਿਸ ਦੇ ਹੱਥੇ
ਪੰਜਾਬ ਪੁਲਿਸ ਨੇ 11 ਮਈ ਨੂੰ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਮਲੇਰਕੋਟਲਾ ਦੇ ਰਹਿਣ ਵਾਲੇ 31 ਸਾਲਾ ਗਜਾਲਾ ਅਤੇ ਯਾਮੀਨ ਮੁਹੰਮਦ ਵਜੋਂ ਹੋਈ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਹ ਗੁਪਤ ਜਾਣਕਾਰੀ ਸਾਂਝੀ ਕਰਨ ਦੇ ਬਦਲੇ ਔਨਲਾਈਨ ਭੁਗਤਾਨ ਪ੍ਰਾਪਤ ਕਰ ਰਹੇ ਸਨ। ਗਜਾਲਾ ਨੇ ਦੱਸਿਆ ਕਿ ਉਹ ਇਹ ਸਭ ਪੈਸੇ ਲਈ ਕਰ ਰਹੀ ਸੀ ਅਤੇ ਉਸਨੂੰ ਯੂਪੀਆਈ ਰਾਹੀਂ ਪੈਸੇ ਮਿਲ ਰਹੇ ਸਨ।
ਹਰਿਆਣਾ ਦਾ ਨੌਮਾਨ ਇਲਾਹੀ
ਹਰਿਆਣਾ ਪੁਲਿਸ ਨੇ 15 ਮਈ ਨੂੰ ਪਾਣੀਪਤ ਜ਼ਿਲ੍ਹੇ ਦੇ 24 ਸਾਲਾ ਨੌਮਾਨ ਇਲਾਹੀ ਨੂੰ ਪਾਕਿਸਤਾਨ ਵਿੱਚ ਕੁਝ ਵਿਅਕਤੀਆਂ ਨੂੰ ਸੰਵੇਦਨਸ਼ੀਲ ਜਾਣਕਾਰੀ ਪ੍ਰਦਾਨ ਕਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਲਾਹੀ ਇੱਕ ਫੈਕਟਰੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ ਅਤੇ ਪਾਣੀਪਤ ਦੀ ਹਾਲੀ ਕਲੋਨੀ ਵਿੱਚ ਆਪਣੀ ਭੈਣ ਅਤੇ ਭਰਜਾਈ ਨਾਲ ਰਹਿੰਦਾ ਸੀ।
ਜੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ
ਇਸ ਤੋਂ ਬਾਅਦ, 16 ਮਈ ਨੂੰ ਸਭ ਤੋਂ ਵੱਡੀ ਗ੍ਰਿਫ਼ਤਾਰੀ ਹੋਈ। ਇਸ ਦਿਨ, ਹਰਿਆਣਾ ਪੁਲਿਸ ਨੇ ਯੂਟਿਊਬਰ ਜੋਤੀ ਮਲਹੋਤਰਾ ਨੂੰ ਗ੍ਰਿਫ਼ਤਾਰ ਕੀਤਾ। ਹਰਿਆਣਾ ਪੁਲਿਸ ਦੇ ਅਨੁਸਾਰ, ਜੋਤੀ ‘ਟ੍ਰੈਵਲ ਵਿਦ ਜੇਓ’ ਯੂਟਿਊਬ ਚੈਨਲ ਚਲਾਉਂਦੀ ਹੈ। ਉਸਨੂੰ ਹਿਸਾਰ ਦੇ ਨਿਊ ਅਗਰਸੇਨ ਐਕਸਟੈਂਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜੋਤੀ ਪਾਕਿਸਤਾਨ ਦੂਤਾਵਾਸ ਦੇ ਅਧਿਕਾਰੀ ਦਾਨਿਸ਼ ਦੇ ਸੰਪਰਕ ਵਿੱਚ ਸੀ। ਹਿਸਾਰ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਦਰਜ ਐਫਆਈਆਰ ਦੇ ਅਨੁਸਾਰ, 2023 ਵਿੱਚ ਜੋਤੀ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਦਾਨਿਸ਼ ਨਾਮ ਦੇ ਇੱਕ ਵਿਅਕਤੀ ਦੇ ਸੰਪਰਕ ਵਿੱਚ ਆਈ, ਜਿੱਥੇ ਉਹ ਗੁਆਂਢੀ ਦੇਸ਼ ਦੀ ਯਾਤਰਾ ਲਈ ਵੀਜ਼ਾ ਲੈਣ ਗਈ ਸੀ।
ਨੁਹ ਦੇ ਇਨ੍ਹਾਂ ਲੋਕਾਂ ਨੇ ਵੀ ਵੇਚਿਆ ਇਮਾਨ
17 ਮਈ ਨੂੰ, ਹਰਿਆਣਾ ਪੁਲਿਸ ਨੇ ਨੂਹ ਤੋਂ ਅਰਮਾਨ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਉਹ ਪਾਕਿਸਤਾਨ ਨੂੰ ਭਾਰਤੀ ਫੌਜ ਬਾਰੇ ਜਾਣਕਾਰੀ ਦਿੰਦਾ ਸੀ। ਇਸ ਤੋਂ ਬਾਅਦ, 19 ਮਈ ਨੂੰ ਨੂਹ ਪੁਲਿਸ ਨੇ ਮੁਹੰਮਦ ਤਾਰੀਫ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਉਸ ‘ਤੇ ਫੌਜੀ ਗਤੀਵਿਧੀਆਂ ਬਾਰੇ ਗੁਪਤ ਜਾਣਕਾਰੀ ਪਾਕਿਸਤਾਨ ਨੂੰ ਲੀਕ ਕਰਨ ਦਾ ਆਰੋਪ ਹੈ। ਮੁਹੰਮਦ ਤਾਰੀਫ ਨੇ ਕਥਿਤ ਤੌਰ ‘ਤੇ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਕਰਮਚਾਰੀ ਨੂੰ ਸਿਮ ਕਾਰਡ ਦੇਣ ਅਤੇ ਪਾਕਿਸਤਾਨ ਜਾਣ ਦੀ ਗੱਲ ਕਬੂਲ ਕੀਤੀ ਹੈ।