ਕਪੂਰਥਲਾ ਵਿਖੇ ਦੋ ਕਾਰਾਂ ਦੀ ਹੋਈ ਟੱਕਰ, ਪੁਲਿਸ ਮੁਲਾਜ਼ਮ ਸਮੇਤ ਦੋ ਜ਼ਖਮੀ
Kapurthala Accident: ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕੀ ਪੁਲਿਸ ਅਧਿਕਾਰੀ ਨਸ਼ੇ ਦੀ ਹਾਲਤ ਵਿਚ ਸੀ। ਜਿਸ ਕਾਰਨ ਇਹ ਹਾਦਸਾ ਹੋਇਆ। ਹਾਦਸੇ ਦੌਰਾਨ ਕਾਰਾਂ ਦੀ ਟੱਕਰ ਇਨ੍ਹੀਂ ਜ਼ਿਆਦਾ ਸੀ ਕੀ ਦੋਵੇਂ ਕਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਫਿਲਹਾਲ ਜ਼ਖਮੀ ਲੋਕਾਂ ਨੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।
ਕਪੂਰਥਲਾ ਜ਼ਿਲ੍ਹੇ ਦੇ ਫੱਤੂਢੀਂਗਾ ਰੋਡ ਤੇ ਪਰਵੇਜ਼ ਨਗਰ ਪਿੰਡ ਨੇੜੇ ਸ਼ੁੱਕਰਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿੱਥੇ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹਾਦਸੇ ਵਿੱਚ ਇੱਕ ਪੁਲਿਸ ਮੁਲਾਜ਼ਮ ਸਮੇਤ ਦੋ ਲੋਕ ਗੰਭੀਰ ਤੌਰ ਤੇ ਜ਼ਖ਼ਮੀ ਹੋ ਗਏ।
ਤੇਜ਼ ਰਫ਼ਤਾਰ ਕਾਰਨ ਹੋਈ ਟੱਕਰ
ਹਾਦਸਾ ਪਿੰਡ ਸੁਰਖਪੁਰ ਮੋੜ ਨੇੜੇ ਵਾਪਰਿਆ, ਜਿੱਥੇ ਰਾਤ ਦੇ ਸਮੇਂ ਟ੍ਰੈਫਿਕ ਘੱਟ ਹੋਣ ਦੇ ਬਾਵਜੂਦ ਤੇਜ਼ ਰਫ਼ਤਾਰ ਕਾਰਨ ਟੱਕਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਟੱਕਰ ਦੀ ਆਵਾਜ਼ ਸੁਣ ਕੇ ਨੇੜਲੇ ਇਲਾਕੇ ਦੇ ਲੋਕ ਅਤੇ ਰਾਹਗੀਰ ਤੁਰੰਤ ਮੌਕੇ ਤੇ ਪਹੁੰਚ ਗਏ ਅਤੇ ਜ਼ਖ਼ਮੀਆਂ ਨੂੰ ਕਾਰਾਂ ਚੋਂ ਬਾਹਰ ਕੱਢਿਆ। ਰਾਹਗੀਰਾਂ ਦੀ ਮਦਦ ਨਾਲ ਦੋਵੇਂ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਭੇਜਿਆ ਗਿਆ।
ਪੁਲਿਸ ਅਧਿਕਾਰੀ ਸੀ ਨਸ਼ੇ ਦੀ ਹਾਲਤ ਵਿਚ
ਜ਼ਖ਼ਮੀਆਂ ਵਿੱਚ ਇੱਕ ਕਾਰ ਚਾਲਕ ਅਤੇ ਪੁਲਿਸ ਵਿਭਾਗ ਨਾਲ ਸਬੰਧਿਤ ਅਧਿਕਾਰੀ ਅਰਸ਼ਵੀਰ ਸਿੰਘ ਵੀ ਸ਼ਾਮਲ ਹੈ। ਮੌਕੇ ਤੇ ਮੌਜੂਦ ਲੋਕਾਂ ਅਤੇ ਰਾਹਗੀਰਾਂ ਦਾ ਦਾਅਵਾ ਹੈ ਕਿ ਪੁਲਿਸ ਮੁਲਾਜ਼ਮ ਕਥਿਤ ਤੌਰ ਤੇ ਨਸ਼ੇ ਦੀ ਹਾਲਤ ਵਿੱਚ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਲਾਂਕਿ ਪੁਲਿਸ ਵੱਲੋਂ ਇਸ ਬਾਰੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।
ਮੌਕੇ ਤੇ ਪਹੁੰਚੀ ਪੁਲਿਸ
ਘਟਨਾ ਦੀ ਜਾਣਕਾਰੀ ਮਿਲਣ ਤੇ ਕੋਤਵਾਲੀ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ। ਕੋਤਵਾਲੀ ਥਾਣੇ ਦੇ ਸਟੇਸ਼ਨ ਹਾਊਸ ਅਫਸਰ (ਐਸਐਚਓ) ਇੰਸਪੈਕਟਰ ਬਲਵਿੰਦਰ ਸਿੰਘ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਾਂਚ ਅਧਿਕਾਰੀ ਏਐਸਆਈ ਗੁਰਮੇਲ ਸਿੰਘ ਵੱਲੋਂ ਮੁੱਢਲੀ ਜਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਆਪਸੀ ਸਮਝੌਤਾ ਹੋ ਗਿਆ ਹੈ ਅਤੇ ਦੋਵੇਂ ਪੱਖਾਂ ਨੇ ਅੱਗੇ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ਤੇ ਸਹਿਮਤੀ ਜਤਾਈ ਹੈ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਅਤੇ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣ ਦੇ ਮਸਲੇ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।


