ਜਲੰਧਰ ‘ਚ ਖਾਲਿਸਤਾਨੀ ਝੰਡਾ ਲਹਿਰਾਉਣ ਦਾ ਦਾਅਵਾ ਨਿਕਲਿਆ ਝੂਠਾ, ਅਫ਼ਵਾਹ ਫੈਲਾਉਣ ਵਾਲਿਆਂ ‘ਤੇ FIR ਦਰਜ
15 ਅਗਸਤ ਯਾਨੀ ਆਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ ਪੰਜਾਬ ਵਿੱਚ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਜਲੰਧਰ ਦੇ ਸ਼ਾਹਕੋਟ ਇਲਾਕੇ ਅਧੀਨ ਪੈਂਦੇ ਸਰਕਾਰੀ ਮਿਡਲ ਸਕੂਲ ਕੋਟਲਾ ਹੇਰਾਂ ਵਿਖੇ ਸਕੂਲ ਦੀ ਕੰਧ ਅਤੇ ਪ੍ਰਿੰਸੀਪਲ ਦੇ ਦਫ਼ਤਰ ਦੇ ਬਾਹਰ ਗੈਰ-ਕਾਨੂੰਨੀ ਅਤੇ ਅਲੱਗ-ਥਲੱਗ ਗਤੀਵਿਧੀਆਂ 'ਚ ਸ਼ਾਮਲ ਖ਼ਾਲਿਸਤਾਨੀ ਝੰਡਾ ਲਗਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਅਮਰੀਕਾ ਵਿੱਚ ਬੈਠੇ ਨਾਮਜ਼ਦ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਹਰਕਤ ਵਿੱਚ ਆ ਗਈ। ਵੀਡੀਓ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸਦਰ ਨਕੋਦਰ ਅਧੀਨ ਪੈਂਦੇ ਪਿੰਡ ਕੋਟਲਾ ਹੇਰਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਹੈ। ਹਾਲਾਂਕਿ, ਪੁਲਿਸ ਵੱਲੋਂ ਮੌਕੇ ‘ਤੇ ਕੀਤੀ ਗਈ ਬਾਰੀਕੀ ਨਾਲ ਜਾਂਚ ਤੋਂ ਬਾਅਦ ਇਹ ਦਾਅਵਾ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠਾ ਸਾਬਤ ਹੋਇਆ ਹੈ।
ਜਾਣਕਾਰੀ ਅਨੁਸਾਰ, ਉਕਤ ਵੀਡੀਓ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਡੀ.ਐੱਸ.ਪੀ. (ਸਬ ਡਿਵੀਜ਼ਨ ਨਕੋਦਰ) ਓਂਕਾਰ ਸਿੰਘ ਬਰਾੜ, ਥਾਣਾ ਸਦਰ ਨਕੋਦਰ ਦੇ ਮੁੱਖ ਅਫ਼ਸਰ ਅਤੇ ਪੁਲਿਸ ਟੀਮਾਂ ਵੱਲੋਂ ਤੁਰੰਤ ਉਕਤ ਸਰਕਾਰੀ ਸਕੂਲ ਦਾ ਦੌਰਾ ਕੀਤਾ ਗਿਆ। ਪੁਲਿਸ ਨੇ ਸਕੂਲ ਦੇ ਸਮੁੱਚੇ ਪਰਿਸਰ ਅਤੇ ਇਮਾਰਤ ਦੀ ਗੰਭੀਰਤਾ ਨਾਲ ਤਲਾਸ਼ੀ ਲਈ, ਪਰ ਜਾਂਚ ਦੌਰਾਨ ਸਕੂਲ ਦੇ ਕਿਸੇ ਵੀ ਹਿੱਸੇ ਵਿੱਚ ਅਜਿਹਾ ਕੋਈ ਵੀ ਝੰਡਾ ਨਹੀਂ ਮਿਲਿਆ।
ਅਫ਼ਵਾਹਾਂ ਫੈਲਾਉਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ
ਮੌਕੇ ‘ਤੇ ਕੀਤੀ ਗਈ ਪੜਤਾਲ ਦੌਰਾਨ ਸਪੱਸ਼ਟ ਹੋ ਗਿਆ ਕਿ ਵੀਡੀਓ ਵਿੱਚ ਕੀਤਾ ਗਿਆ ਦਾਅਵਾ ਤੱਥਾਂ ਤੋਂ ਪਰੇ ਅਤੇ ਭਰਮਾਊ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਝੂਠੀਆਂ ਵੀਡੀਓਜ਼ ਅਤੇ ਭ੍ਰਮਕ ਜਾਣਕਾਰੀ ਫੈਲਾ ਕੇ ਇਲਾਕੇ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਇਸ ਸਬੰਧ ਵਿੱਚ ਪੁਲਿਸ ਵੱਲੋਂ ਬਣਦੀਆਂ ਧਾਰਾਵਾਂ ਹੇਠ ਐੱਫ.ਆਈ.ਆਰ. (FIR) ਦਰਜ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਵਿਅਕਤੀ ਇਸ ਸ਼ਰਾਰਤ ਜਾਂ ਅਫ਼ਵਾਹ ਫੈਲਾਉਣ ਵਿੱਚ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।