ਕਪਿਲ ਸ਼ਰਮਾ ਨੂੰ ਸਟਾਰ ਬਣਾਉਣ ਪਿੱਛੇ ਦੋਸਤ ਚੰਦਨ ਪ੍ਰਭਾਕਰ ਦਾ ਵੱਡਾ ਯੋਗਦਾਨ, ਆਪਣੇ ਕਰੀਅਰ ਦੀ ਪਰਵਾਹ ਕੀਤੇ ਬਿਨਾਂ ਦਿਵਾਈ ਸੀ ਐਂਟਰੀ
Kapil Sharma vs Chandan Prabhakar friendship: ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਚੰਦਨ ਨੇ ਦੱਸਿਆ ਕਿ ਉਹ ਅਤੇ ਕਪਿਲ ਮੁੰਬਈ ਵਿੱਚ ਸ਼ੋਅ ਦੇ ਆਡੀਸ਼ਨ ਲਈ ਗਏ ਸਨ। ਉੱਥੇ ਕਪਿਲ ਨੂੰ ਰਿਜੈਕਟ ਕਰ ਦਿੱਤਾ ਗਿਆ, ਜਦਕਿ ਚੰਦਨ ਦੀ ਚੋਣ ਹੋ ਗਈ ਸੀ। ਇਸ ਤੋਂ ਬਾਅਦ ਕਪਿਲ ਨੇ ਦਿੱਲੀ ਵਿੱਚ ਵੀ ਆਡੀਸ਼ਨ ਦਿੱਤਾ, ਪਰ ਉੱਥੇ ਵੀ ਉਨ੍ਹਾਂ ਨੂੰ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ।
ਅੰਮ੍ਰਿਤਸਰ ਦੇ ਰਹਿਣ ਵਾਲੇ ਕਪਿਲ ਸ਼ਰਮਾ ਨੂੰ ਕਾਮੇਡੀ ਦੀ ਦੁਨੀਆ ਵਿੱਚ ਪਛਾਣ ਦਿਵਾਉਣ ਵਿੱਚ ਉਨ੍ਹਾਂ ਦੇ ਬਚਪਨ ਦੇ ਦੋਸਤ ਚੰਦਨ ਪ੍ਰਭਾਕਰ ਦੀ ਵੱਡੀ ਭੂਮਿਕਾ ਰਹੀ ਹੈ। ਚੰਦਨ ਨੇ ਆਪਣਾ ਕਰੀਅਰ ਦਾਅ ‘ਤੇ ਲਗਾ ਕੇ ਕਪਿਲ ਦੀ ਦਿ ਗ੍ਰੇਟ ਇੰਡਿਅਨ ਲਾਫਟਰ ਚੈਲੇਂਜ ਵਿੱਚ ਐਂਟਰੀ ਕਰਵਾਈ ਸੀ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਚੰਦਨ ਨੇ ਦੱਸਿਆ ਕਿ ਉਹ ਅਤੇ ਕਪਿਲ ਮੁੰਬਈ ਵਿੱਚ ਸ਼ੋਅ ਦੇ ਆਡੀਸ਼ਨ ਲਈ ਗਏ ਸਨ। ਉੱਥੇ ਕਪਿਲ ਨੂੰ ਰਿਜੈਕਟ ਕਰ ਦਿੱਤਾ ਗਿਆ, ਜਦਕਿ ਚੰਦਨ ਦੀ ਚੋਣ ਹੋ ਗਈ ਸੀ। ਇਸ ਤੋਂ ਬਾਅਦ ਕਪਿਲ ਨੇ ਦਿੱਲੀ ਵਿੱਚ ਵੀ ਆਡੀਸ਼ਨ ਦਿੱਤਾ, ਪਰ ਉੱਥੇ ਵੀ ਉਨ੍ਹਾਂ ਨੂੰ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ।
ਚੰਦਨ ਨੇ ਕਪਿਲ ਨੂੰ ਸ਼ੋਅ ਵਿੱਚ ਸ਼ਾਮਲ ਕਰਨ ਲਈ ਮੇਕਰਜ਼ ਨੂੰ ਕਾਫ਼ੀ ਬੇਨਤੀ ਕੀਤੀ। ਮੇਕਰਜ਼ ਨੇ ਸ਼ਰਤ ਰੱਖੀ ਕਿ ਕਪਿਲ ਨੂੰ ਜਗ੍ਹਾ ਦੇਣ ਲਈ ਕਿਸੇ ਇੱਕ ਕੰਟੈਸਟੈਂਟ ਨੂੰ ਸ਼ੋਅ ਛੱਡਣਾ ਪਵੇਗਾ। ਚੰਦਨ ਨੇ ਬਿਨਾਂ ਦੇਰੀ ਕੀਤੇ ਸ਼ੋਅ ਛੱਡ ਦਿੱਤਾ ਅਤੇ ਕਪਿਲ ਦੀ ਐਂਟਰੀ ਕਰਵਾ ਦਿੱਤੀ। ਇਥੋਂ ਹੀ ਕਪਿਲ ਦੇ ਕਰੀਅਰ ਨੂੰ ਵੱਡੀ ਉਡਾਣ ਮਿਲੀ। ਹਾਲਾਂਕਿ, ਕੁਝ ਮਹੀਨਿਆਂ ਬਾਅਦ ਮੇਕਰਜ਼ ਨੇ ਚੰਦਨ ਨੂੰ ਦੁਬਾਰਾ ਸ਼ੋਅ ਵਿੱਚ ਬੁਲਾ ਲਿਆ। ਚੰਦਨ ਪ੍ਰਭਾਕਰ ਨੂੰ ਦਿ ਕਪਿਲ ਸ਼ਰਮਾ ਸ਼ੋਅ ਵਿੱਚ ਚੰਦੂ ਚਾਹ ਵਾਲੇ ਦੇ ਕਿਰਦਾਰ ਨਾਲ ਵੀ ਕਾਫ਼ੀ ਪਛਾਣ ਮਿਲੀ। ਹਾਲ ਹੀ ਦੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਪਿਲ ਸ਼ਰਮਾ ਨਾਲ ਆਪਣੀ ਦੋਸਤੀ ਅਤੇ ਕਰੀਅਰ ਨਾਲ ਜੁੜੇ ਕਈ ਦਿਲਚਸਪ ਕਿੱਸੇ ਸਾਂਝੇ ਕੀਤੇ।
ਜਾਣੋ ਕਿਵੇਂ ਦੋਸਤ ਬਣੇ ਕਪਿਲ ਅਤੇ ਚੰਦਨ…
ਸਕੂਲ ਦੇ ਦਿਨਾਂ ਦੀ ਦੋਸਤੀ
ਕਪਿਲ ਸ਼ਰਮਾ ਅਤੇ ਚੰਦਨ ਪ੍ਰਭਾਕਰ ਦੀ ਮੁਲਾਕਾਤ ਅੰਮ੍ਰਿਤਸਰ ਵਿੱਚ ਸਕੂਲ ਦੇ ਦਿਨਾਂ ਦੌਰਾਨ ਹੋਈ ਸੀ। ਦੋਵਾਂ ਦੀ ਰਚਨਾਤਮਕ ਸੋਚ ਅਤੇ ਅਦਾਕਾਰੀ ਪ੍ਰਤੀ ਜਨੂੰਨ ਨੇ ਉਨ੍ਹਾਂ ਨੂੰ ਇੱਕ-ਦੂਜੇ ਦੇ ਨੇੜੇ ਲਿਆ ਦਿੱਤਾ। ਦੋਵਾਂ ਨੇ ਮਿਲ ਕੇ ਸਕੂਲ ਦੇ ਪ੍ਰੋਗਰਾਮਾਂ, ਲੋਕਲ ਥੀਏਟਰ ਅਤੇ ਨੁੱਕੜ ਨਾਟਕਾਂ ਵਿੱਚ ਪਰਫਾਰਮ ਕਰਨਾ ਸ਼ੁਰੂ ਕੀਤਾ। ਚੰਦਨ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਅੰਮ੍ਰਿਤਸਰ ਦੇ ਲੋਕਲ ਥੀਏਟਰ ਵਿੱਚ ਵੀ ਕਾਫ਼ੀ ਮਿਹਨਤ ਕੀਤੀ। ਸ਼ੁਰੂਆਤੀ ਦਿਨਾਂ ਵਿੱਚ ਜਦੋਂ ਉਨ੍ਹਾਂ ਕੋਲ ਸਟੇਜ ‘ਤੇ ਪਾਉਣ ਲਈ ਸਹੀ ਕੱਪੜੇ ਜਾਂ ਕਾਸਟਿਊਮ ਨਹੀਂ ਹੁੰਦੇ ਸਨ, ਤਾਂ ਦੋਵੇਂ ਆਪਣੇ ਪਿਤਾ ਅਤੇ ਚਾਚਾ ਦੇ ਪੁਰਾਣੇ ਸਫਾਰੀ ਸੂਟ ਪਾ ਕੇ ਸਟੇਜ ‘ਤੇ ਅਦਾਕਾਰੀ ਕਰਨ ਲਈ ਨਿਕਲ ਜਾਂਦੇ ਸਨ।
ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ
ਚੰਦਨ ਪ੍ਰਭਾਕਰ ਸਿਰਫ਼ ਇੱਕ ਕਾਮੇਡੀ ਕਲਾਕਾਰ ਹੀ ਨਹੀਂ ਹਨ, ਸਗੋਂ ਉਹ ਕਾਫ਼ੀ ਪੜ੍ਹੇ-ਲਿਖੇ ਵੀ ਹਨ। ਚੰਦਨ ਨੇ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਵਿੱਚ ਦਾਖਲਾ ਲਿਆ ਅਤੇ ਆਪਣੀ ਡਿਗਰੀ ਪੂਰੀ ਕੀਤੀ। ਡਿਗਰੀ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਵੀ ਸ਼ੁਰੂ ਕਰ ਦਿੱਤੀ। ਹਾਲਾਂਕਿ, ਕੁਝ ਸਮੇਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ 9 ਤੋਂ 5 ਵਾਲੀ ਇਹ ਨੌਕਰੀ ਉਨ੍ਹਾਂ ਲਈ ਨਹੀਂ ਬਣੀ। ਕਲਾ ਅਤੇ ਅਦਾਕਾਰੀ ਪ੍ਰਤੀ ਉਨ੍ਹਾਂ ਦਾ ਜਨੂੰਨ ਉਨ੍ਹਾਂ ਨੂੰ ਦੁਬਾਰਾ ਇਸ ਖੇਤਰ ਵੱਲ ਲੈ ਆਇਆ ਅਤੇ ਉਨ੍ਹਾਂ ਨੇ ਨੌਕਰੀ ਛੱਡ ਕੇ ਪੂਰੀ ਤਰ੍ਹਾਂ ਐਂਟਰਟੇਨਮੈਂਟ ਇੰਡਸਟਰੀ ਵੱਲ ਰੁਖ ਕਰ ਲਿਆ।
ਚੰਦਨ ਪ੍ਰਭਾਕਰ ਨੇ ਕਹੀਆਂ ਇਹ ਵੱਡੀਆਂ ਗੱਲਾਂ
2007 ਵਿੱਚ ‘ਦਿ ਗ੍ਰੇਟ ਇੰਡਿਅਨ ਲਾਫਟਰ ਚੈਲੈਂਜ’ ਦਾ ਆਡੀਸ਼ਨ
ਚੰਦਨ ਪ੍ਰਭਾਕਰ ਨੇ ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਸਾਲ 2007 ਭਾਰਤੀ ਟੈਲੀਵਿਜ਼ਨ ਅਤੇ ਸਟੈਂਡ-ਅਪ ਕਾਮੇਡੀ ਦੇ ਇਤਿਹਾਸ ਵਿੱਚ ਇੱਕ ਵੱਡਾ ਮੋੜ ਸੀ। ਇਸੇ ਸਾਲ ਦੇਸ਼ ਦੇ ਸਭ ਤੋਂ ਪ੍ਰਸਿੱਧ ਕਾਮੇਡੀ ਸ਼ੋਅ ‘ਦਿ ਗ੍ਰੇਟ ਇੰਡਿਅਨ ਲਾਫਟਰ ਚੈਲੈਂਜ’ ਦੇ ਆਡੀਸ਼ਨ ਸ਼ੁਰੂ ਹੋਏ ਸਨ। ਅੰਮ੍ਰਿਤਸਰ ਤੋਂ ਚਾਰ ਦੋਸਤ—ਚੰਦਨ ਪ੍ਰਭਾਕਰ, ਰਾਜੀਵ ਠਾਕੁਰ, ਸੁਦੇਸ਼ ਲਹਿਰੀ ਅਤੇ ਕਪਿਲ ਸ਼ਰਮਾ ਆਡੀਸ਼ਨ ਦੇਣ ਲਈ ਮੁੰਬਈ ਪਹੁੰਚੇ ਸਨ।
ਇਹ ਵੀ ਪੜ੍ਹੋ
ਕਪਿਲ ਹੋਏ ਰਿਜੈਕਟ, ਬਾਕੀ ਹੋਏ ਸਿਲੈਕਟ
ਚੰਦਨ ਨੇ ਦੱਸਿਆ ਕਿ ਸ਼ੁਰੂਆਤੀ ਆਡੀਸ਼ਨ ਵਿੱਚ ਉਨ੍ਹਾਂ ਦੇ ਨਾਲ ਰਾਜੀਵ ਠਾਕੁਰ ਅਤੇ ਸੁਦੇਸ਼ ਲਹਿਰੀ ਦੀ ਚੋਣ ਹੋ ਗਈ ਸੀ, ਪਰ ਮੇਕਰਜ਼ ਨੇ ਕਪਿਲ ਸ਼ਰਮਾ ਨੂੰ ਰਿਜੈਕਟ ਕਰ ਦਿੱਤਾ। ਕਪਿਲ ਇਸ ਗੱਲ ਤੋਂ ਕਾਫ਼ੀ ਨਿਰਾਸ਼ ਹੋ ਗਏ ਸਨ। ਦੋਸਤ ਦੇ ਰਿਜੈਕਸ਼ਨ ਤੋਂ ਚੰਦਨ ਵੀ ਦੁਖੀ ਹੋਏ ਸਨ।
ਕਪਿਲ ਨੂੰ ਦਿੱਲੀ ਆਡੀਸ਼ਨ ਲਈ ਭੇਜਿਆ
ਚੰਦਨ ਪ੍ਰਭਾਕਰ ਨੇ ਦੱਸਿਆ ਕਿ ਕਪਿਲ ਨਿਰਾਸ਼ ਸਨ, ਤਾਂ ਉਨ੍ਹਾਂ ਨੇ ਕਪਿਲ ਨੂੰ ਕੁਝ ਕਾਮੇਡੀ ਸਕ੍ਰਿਪਟਾਂ ਲਿਖ ਕੇ ਦਿੱਤੀਆਂ ਅਤੇ ਦਿੱਲੀ ਵਿੱਚ ਹੋਣ ਵਾਲੇ ਆਡੀਸ਼ਨ ਵਿੱਚ ਸ਼ਾਮਲ ਹੋਣ ਲਈ ਕਿਹਾ। ਚੰਦਨ ਦੀ ਪਹਿਲਾਂ ਹੀ ਚੋਣ ਹੋ ਚੁੱਕੀ ਸੀ। ਜਿਸ ਦਿਨ ਕਪਿਲ ਦਾ ਦਿੱਲੀ ਵਿੱਚ ਆਡੀਸ਼ਨ ਸੀ, ਉਸ ਦਿਨ ਚੰਦਨ ਦੀ ਕਿਸੇ ਹੋਰ ਸ਼ੋਅ ਦੀ ਸ਼ੂਟਿੰਗ ਸੀ। ਪਰ ਕਪਿਲ ਦੀ ਜ਼ਿੱਦ ‘ਤੇ ਚੰਦਨ ਆਪਣੀ ਸ਼ੂਟਿੰਗ ਵਿਚਕਾਰ ਛੱਡ ਕੇ ਬਿਨਾਂ ਕਿਸੇ ਨੂੰ ਦੱਸੇ ਕਪਿਲ ਨਾਲ ਦਿੱਲੀ ਪਹੁੰਚ ਗਏ। ਕਪਿਲ ਨੇ ਦਿੱਲੀ ਵਿੱਚ ਆਡੀਸ਼ਨ ਦਿੱਤਾ, ਪਰ ਉੱਥੇ ਵੀ ਉਨ੍ਹਾਂ ਨੂੰ ਰਿਜੈਕਸ਼ਨ ਮਿਲੀ।
ਮੇਕਰਜ਼ ਅੱਗੇ ਕਪਿਲ ਲਈ ਜੋੜੇ ਹੱਥ
ਚੰਦਨ ਨੇ ਦੱਸਿਆ ਕਿ ਜਦੋਂ ਉਹ ਅਤੇ ਰਾਜੀਵ ਮੁੰਬਈ ਪਹੁੰਚੇ ਅਤੇ ‘ਦਿ ਗ੍ਰੇਟ ਇੰਡਿਅਨ ਲਾਫਟਰ ਚੈਲੈਂਜ’ ਦੀਆਂ ਰਿਹਰਸਲਾਂ ਸ਼ੁਰੂ ਹੋਈਆਂ, ਤਾਂ ਦੋਵਾਂ ਨੇ ਮੇਕਰਜ਼ ਅਤੇ ਅਸਿਸਟੈਂਟ ਡਾਇਰੈਕਟਰਾਂ ਅੱਗੇ ਕਪਿਲ ਦੀ ਸਿਫਾਰਸ਼ ਕਰਨੀ ਸ਼ੁਰੂ ਕਰ ਦਿੱਤੀ। ਚੰਦਨ ਵਾਰ-ਵਾਰ ਮੇਕਰਜ਼ ਨੂੰ ਕਹਿੰਦੇ ਸਨ ਕਿ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ, ਜਿਸ ਵਿਅਕਤੀ ਵਿੱਚ ਅਸਲੀ ਟੈਲੈਂਟ ਹੈ, ਤੁਸੀਂ ਉਸ ਨੂੰ ਛੱਡ ਦਿੱਤਾ ਹੈ। ਆਖ਼ਿਰਕਾਰ ਉਨ੍ਹਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਅਤੇ ਮਿੰਨਤਾਂ ਰੰਗ ਲਿਆਈਆਂ। ਮੇਕਰਜ਼ ਨੇ ਕਿਹਾ ਕਿ ਠੀਕ ਹੈ, ਅਸੀਂ ਕਪਿਲ ਸ਼ਰਮਾ ਨੂੰ ਬੁਲਾ ਲੈਂਦੇ ਹਾਂ, ਪਰ ਇਸ ਦੇ ਬਦਲੇ ਤੁਹਾਨੂੰ (ਚੰਦਨ ਨੂੰ) ਇਹ ਸ਼ੋਅ ਛੱਡ ਕੇ ਵਾਪਸ ਜਾਣਾ ਹੋਵੇਗਾ।
ਚੰਦਨ ਨੇ ਛੱਡਿਆ ਸ਼ੋਅ ਅਤੇ ਕਰਵਾਈ ਕਪਿਲ ਦੀ ਐਂਟਰੀ
ਚੰਦਨ ਨੇ ਦੱਸਿਆ ਕਿ ਉਨ੍ਹਾਂ ਨੇ ਮੇਕਰਜ਼ ਨੂੰ ਕਿਹਾ ਕਿ ਕਪਿਲ ਨੂੰ ਐਂਟਰੀ ਦੇ ਦਿਓ, ਇਸ ਦੇ ਬਦਲੇ ਉਹ ਖੁਦ ਸ਼ੋਅ ਛੱਡ ਦੇਣਗੇ। ਚੰਦਨ ਮੁਤਾਬਕ, ਉਨ੍ਹਾਂ ਨੇ ਉਸੇ ਸਮੇਂ ਆਪਣਾ ਸਮਾਨ ਪੈਕ ਕੀਤਾ ਅਤੇ ਅੰਮ੍ਰਿਤਸਰ ਵਾਪਸ ਆ ਗਏ। ਇੱਥੇ ਆ ਕੇ ਉਨ੍ਹਾਂ ਨੇ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ। ਕੁਝ ਮਹੀਨਿਆਂ ਬਾਅਦ ਮੇਕਰਜ਼ ਨੇ ਉਨ੍ਹਾਂ ਨੂੰ ਮੁੜ ਸ਼ੋਅ ਵਿੱਚ ਬੁਲਾ ਲਿਆ।
ਗ੍ਰੈਂਡ ਫਿਨਾਲੇ ਵਿੱਚ ‘ਕਪਿਲ ਸ਼ਰਮਾ’ ਦੀ ਇਤਿਹਾਸਕ ਜਿੱਤ
ਚੰਦਨ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਈਲਡ ਕਾਰਡ ਜਾਂ ਵਿਸ਼ੇਸ਼ ਐਂਟਰੀ ਰਾਹੀਂ ਦੁਬਾਰਾ ਸ਼ੋਅ ਵਿੱਚ ਸੱਦਾ ਦਿੱਤਾ ਗਿਆ। ਜਦੋਂ ‘ਦਿ ਗ੍ਰੇਟ ਇੰਡਿਅਨ ਲਾਫਟਰ ਚੈਲੈਂਜ 3’ ਦਾ ਗ੍ਰੈਂਡ ਫਿਨਾਲੇ ਹੋਇਆ, ਤਾਂ ਟ੍ਰਾਫੀ ਦੀ ਦੌੜ ਵਿੱਚ ਦੋ ਪੱਕੇ ਦੋਸਤ ਕਪਿਲ ਸ਼ਰਮਾ ਅਤੇ ਚੰਦਨ ਪ੍ਰਭਾਕਰ ਆਹਮੋ-ਸਾਹਮਣੇ ਸਨ। ਆਖ਼ਿਰਕਾਰ ਕਪਿਲ ਸ਼ਰਮਾ ਇਸ ਸ਼ੋਅ ਦੇ ਜੇਤੂ ਬਣੇ, ਜਦਕਿ ਚੰਦਨ ਪ੍ਰਭਾਕਰ ਰਨਰ-ਅਪ ਰਹੇ। ਇਸ ਸ਼ੋਅ ਤੋਂ ਬਾਅਦ ਕੁਝ ਸਮੇਂ ਲਈ ਦੋਵਾਂ ਦੇ ਰਸਤੇ ਵੱਖ-ਵੱਖ ਪ੍ਰੋਜੈਕਟਾਂ ਕਾਰਨ ਅਲੱਗ ਹੋ ਗਏ।
2013 ਵਿੱਚ ਕਾਮੇਡੀ ਨਾਈਟਸ ਵਿਦ ਕਪਿਲ ਦੀ ਸ਼ੁਰੂਆਤ
ਚੰਦਨ ਨੇ ਇਸ ਤੋਂ ਪਹਿਲਾਂ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਸਾਲ 2013 ਵਿੱਚ ਜਦੋਂ ਕਪਿਲ ਸ਼ਰਮਾ ਨੇ ਆਪਣਾ ਖੁਦ ਦਾ ਸ਼ੋਅ ‘ਕਾਮੇਡੀ ਨਾਈਟਸ ਵਿਦ ਕਪਿਲ’ ਸ਼ੁਰੂ ਕੀਤਾ, ਤਾਂ ਉਨ੍ਹਾਂ ਨੇ ਆਪਣੇ ਸਭ ਤੋਂ ਪੁਰਾਣੇ ਸਾਥੀ ਯਾਨੀ ਚੰਦਨ ਪ੍ਰਭਾਕਰ ਨੂੰ ਆਪਣੇ ਨਾਲ ਜੋੜਿਆ। ਚੰਦਨ ਨੂੰ ਇਸ ਸ਼ੋਅ ਵਿੱਚ ‘ਚੰਦੂ ਚਾਹਵਾਲਾ’ ਦਾ ਆਈਕਾਨਿਕ ਕਿਰਦਾਰ ਦਿੱਤਾ ਗਿਆ। ਚੰਦਨ ਲਈ ਇਹ ਕਿਰਦਾਰ ਨਿਭਾਉਣਾ ਕਾਫ਼ੀ ਮੁਸ਼ਕਲ ਅਤੇ ਚੁਣੌਤੀਪੂਰਨ ਸੀ, ਕਿਉਂਕਿ ਸ਼ੋਅ ਵਿੱਚ ਅਕਸਰ ਉਨ੍ਹਾਂ ਦੇ ਚਿਹਰੇ, ਕੱਪੜਿਆਂ ਅਤੇ ਗਰੀਬੀ ਨੂੰ ਲੈ ਕੇ ਮਜ਼ਾਕ ਕੀਤਾ ਜਾਂਦਾ ਸੀ। ਕਪਿਲ ਅਕਸਰ ਸ਼ੋਅ ਵਿੱਚ ਆਨ-ਸਕ੍ਰੀਨ ਅਤੇ ਆਫ-ਸਕ੍ਰੀਨ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਰਦੇ ਸਨ, “ਜੇਕਰ ਮੈਂ ਇਸ ਨੂੰ ਅੰਮ੍ਰਿਤਸਰ ਤੋਂ ਫੜ ਕੇ ਮੁੰਬਈ ਨਾ ਲਿਆਉਂਦਾ, ਤਾਂ ਇਹ ਅੱਜ ਵੀ ਉੱਥੇ ਹੀ ਭਟਕ ਰਿਹਾ ਹੁੰਦਾ।” ਹਾਲਾਂਕਿ, ਚੰਦਨ ਇਸ ਗੱਲ ਨੂੰ ਦੋਸਤ ਦੇ ਪਿਆਰ ਅਤੇ ਸ਼ੋਅ ਦੀ ਸਕ੍ਰਿਪਟ ਦਾ ਹਿੱਸਾ ਮੰਨ ਕੇ ਹੱਸਦੇ ਹੋਏ ਸਹਿ ਲੈਂਦੇ ਸਨ।
ਆਸਟ੍ਰੇਲੀਆ ਟੂਰ ਅਤੇ ਏਅਰ ਇੰਡੀਆ ਫਲਾਈਟ ਵਿਵਾਦ
ਚੰਦਨ ਦੱਸਦੇ ਹਨ ਕਿ ਮਾਰਚ 2017 ਵਿੱਚ ਕਪਿਲ ਸ਼ਰਮਾ ਅਤੇ ਚੰਦਨ ਪ੍ਰਭਾਕਰ ਦੀ ਸਾਲਾਂ ਪੁਰਾਣੀ ਦੋਸਤੀ ਵਿੱਚ ਉਸ ਸਮੇਂ ਵੱਡੀ ਦਰਾਰ ਆ ਗਈ, ਜਦੋਂ ਇੱਕ ਇੰਟਰਨੈਸ਼ਨਲ ਟੂਰ ਦੌਰਾਨ ਵੱਡਾ ਵਿਵਾਦ ਹੋ ਗਿਆ। ਆਸਟ੍ਰੇਲੀਆ ਸ਼ੋਅ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਤਿੱਖੀ ਬਹਿਸ ਹੋ ਗਈ। ਚੰਦਨ ਨੇ ਸਾਫ਼ ਸ਼ਬਦਾਂ ਵਿੱਚ ਕਪਿਲ ਨੂੰ ਕਿਹਾ ਕਿ “ਤੂੰ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦਾ।” ਇਸ ਤੋਂ ਬਾਅਦ ਚੰਦਨ ਨੇ ਉੱਥੇ ਅੱਗੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਵਾਪਸ ਭਾਰਤ ਆਉਂਦੇ ਸਮੇਂ ਏਅਰ ਇੰਡੀਆ ਦੀ ਫਲਾਈਟ ਵਿੱਚ ਕਪਿਲ ਸ਼ਰਮਾ, ਸੁਨੀਲ ਗਰੋਵਰ ਅਤੇ ਚੰਦਨ ਵਿਚਕਾਰ ਵਿਵਾਦ ਹੋਰ ਵੱਧ ਗਿਆ। ਮੁੰਬਈ ਪਹੁੰਚਦੇ ਹੀ ਚੰਦਨ ਪ੍ਰਭਾਕਰ, ਸੁਨੀਲ ਗਰੋਵਰ ਅਤੇ ਕੁਝ ਹੋਰ ਮੈਂਬਰਾਂ ਨੇ ਕਪਿਲ ਦੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਆਪਣਾ ਨਾਤਾ ਤੋੜ ਲਿਆ।
ਬੇਟੀ ਦਾ ਜਨਮ ਅਤੇ ਕਪਿਲ ਨੂੰ ਹੋਇਆ ਪਛਤਾਵਾ
ਵਿਵਾਦ ਤੋਂ ਠੀਕ ਬਾਅਦ ਚੰਦਨ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ। 31 ਮਾਰਚ ਨੂੰ ਚੰਦਨ ਪ੍ਰਭਾਕਰ ਦੇ ਘਰ ਇੱਕ ਬੇਟੀ ਦਾ ਜਨਮ ਹੋਇਆ। ਚੰਦਨ ਨੇ ਦੱਸਿਆ ਕਿ ਬੇਟੀ ਦੇ ਜਨਮ ਤੋਂ ਬਾਅਦ ਕਪਿਲ ਸ਼ਰਮਾ ਉਨ੍ਹਾਂ ਦੇ ਘਰ ਆਏ ਅਤੇ ਬੇਟੀ ਨੂੰ ਸ਼ਗਨ ਦਿੱਤਾ। ਇਸ ਤੋਂ ਬਾਅਦ ਕਪਿਲ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਪੁਰਾਣੀ ਦੋਸਤੀ ਦਾ ਹਵਾਲਾ ਦਿੰਦੇ ਹੋਏ ਚੰਦਨ ਨੂੰ ਮੁੜ ਸ਼ੋਅ ਵਿੱਚ ਵਾਪਸ ਆਉਣ ਲਈ ਕਿਹਾ। ਚੰਦਨ ਨੇ ਦੱਸਿਆ ਕਿ ਜੂਨ 2017 ਵਿੱਚ ਉਹ ਦੁਬਾਰਾ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਵਾਪਸ ਆ ਗਏ। ਸਾਲ 2018 ਵਿੱਚ ਜਦੋਂ ਕਪਿਲ ਸ਼ਰਮਾ ਡਿਪ੍ਰੈਸ਼ਨ, ਸਿਹਤ ਸਮੱਸਿਆਵਾਂ ਅਤੇ ਮੀਡੀਆ ਵਿਵਾਦਾਂ ਕਾਰਨ ਆਪਣੀ ਜ਼ਿੰਦਗੀ ਦੇ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਸਨ, ਤਾਂ ਚੰਦਨ ਪ੍ਰਭਾਕਰ ਇੱਕ ਸਹਾਰੇ ਵਾਂਗ ਉਨ੍ਹਾਂ ਦੇ ਨਾਲ ਖੜ੍ਹੇ ਰਹੇ। ਹਾਲਾਂਕਿ, ਜਦੋਂ ਕਪਿਲ ਸ਼ਰਮਾ ਦਾ ਸ਼ੋਅ ਨੈਟਫਲਿਕਸ ‘ਤੇ ਆਇਆ, ਤਾਂ ਚੰਦਨ ਪ੍ਰਭਾਕਰ ਨੇ ਇੱਕ ਵਾਰ ਫਿਰ ਸ਼ੋਅ ਛੱਡ ਦਿੱਤਾ।


