ਜਲੰਧਰ ‘ਚ ਧੁੰਦ ਦਾ ਕਹਿਰ, ਲੋਅ-ਵਿਜ਼ੀਬਿਲਟੀ ਕਾਰਨ ਟਰੱਕ ਤੇ ਦੋ ਬੱਸਾਂ ਟਕਰਾਈਆਂ
ਧੁੰਦ ਕਾਰਨ, ਟਰੱਕ ਦੇ ਪਿੱਛੇ ਤੋਂ ਆ ਰਿਹਾ ਪੰਜਾਬ ਰੋਡਵੇਜ਼ ਦਾ ਡਰਾਈਵਰ ਟਰੱਕ ਦਾ ਸਹੀ ਢੰਗ ਨਾਲ ਅੰਦਾਜ਼ਾ ਨਹੀਂ ਲਗਾ ਸਕਿਆ ਤੇ ਬੱਸ ਉਸ ਨਾਲ ਟਕਰਾ ਗਈ। ਇਸ ਤੋਂ ਤੁਰੰਤ ਬਾਅਦ ਪਿੱਛੇ ਤੋਂ ਆ ਰਹੀ ਨਰਵਾਲ ਟਰਾਂਸਪੋਰਟ ਦੀ ਇੱਕ ਬੱਸ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ। ਹਾਦਸੇ ਸਮੇਂ ਬੱਸਾਂ 'ਚ ਜ਼ਿਆਦਾ ਯਾਤਰੀ ਨਹੀਂ ਸਨ। ਹਾਦਸੇ 'ਚ ਪੰਜਾਬ ਰੋਡਵੇਜ਼ ਦੇ ਦੋ ਕਰਮਚਾਰੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਪਹਾੜੀ ਰਾਜਾਂ ‘ਚ ਬਰਫ਼ਬਾਰੀ ਦਾ ਅਸਰ ਪੰਜਾਬ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕੜਾਕੇ ਦੀ ਠੰਡ ਦੇ ਨਾਲ ਧੁੰਦ ਵੀ ਪੰਜਾਬ ਦੇ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਨਾਲ ਸੜਕੀ ਆਵਾਜਾਈ ‘ਚ ਵਿਘਨ ਪੈ ਰਿਹਾ ਹੈ। ਧੁੰਦ ਕਾਰਨ ਜਲੰਧਰ ਦੇ ਪੀਏਪੀ ਚੌਕ ਨੇੜੇ ਇੱਕ ਟਰੱਕ ਤੇ ਦੋ ਬੱਸਾਂ ‘ਚ ਟੱਕਰ ਹੋ ਗਈ।ਇਹ ਹਾਦਸਾ ਫਲਾਈਓਵਰ ‘ਤੇ ਚੜ੍ਹਦੇ ਸਮੇਂ ਵਾਪਰਿਆ। ਹਾਦਸੇ ‘ਚ ਦੋਵੇਂ ਬੱਸਾਂ ਤੇ ਟਰੱਕ ਦਾ ਭਾਰੀ ਨੁਕਸਾਨ ਹੋਇਆ ਹੈ। ਸੜਕ ਵਿਚਾਲੇ ਹਾਦਸਾ ਹੋਣ ਕਾਰਨ ਆਵਾਜਾਈ ‘ਚ ਵਿਘਨ ਪਿਆ। ਹਾਲਾਂਕਿ, ਇਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਨੇ ਵਾਹਨ ਸਾਈਡ ‘ਤੇ ਕਰਵਾ ਕੇ ਆਵਾਜਾਈ ਆਮ ਵਾਂਗ ਕੀੇਤੀ।
ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਸਤਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਧੁੰਦ ਕਾਰਨ ਇੱਕ ਟਰੱਕ ਦੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਇੱਕ ਨਿੱਜੀ ਬੱਸ ਇਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ‘ਚ ਸਵਾਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਤੇ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ।


