ਪੀਐਮ ਮੋਦੀ ਨੂੰ ਮਿਲਣ ਪਹੁੰਚੇ ਡੇਰਾ ਬੱਲਾਂ ਦੇ ਸੰਤ, ਪ੍ਰਕਾਸ਼ ਪੁਰਬ ਸਮਾਗਮ ‘ਚ ਸ਼ਾਮਲ ਹੋਣ ਦਾ ਦਿੱਤਾ ਸੱਦਾ
ਸੰਤ ਨਿਰੰਜਨ ਦਾਸ ਨੇ ਪ੍ਰਧਾਨ ਮੰਤਰੀ ਮੋਦੀ ਅੱਗੇ ਮੰਗ ਰੱਖੀ ਕਿ ਜਲੰਧਰ ਦੇ ਆਦਮਪੁਰ ਏਅਰਪੋਰਟ ਦਾ ਨਾਮ ਸੰਗਤ ਦੀ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਮ 'ਤੇ ਰੱਖਿਆ ਜਾਵੇ। ਵਿਜੇ ਸਾਂਪਲਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੂੰ ਫਰਵਰੀ, 2026 ਨੂੰ ਕਾਸ਼ੀ 'ਚ ਮਨਾਏ ਜਾ ਰਹੇ ਸਤਿਗੁਰੂ ਰਵਿਦਾਸ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।
ਜਲੰਧਰ ਦੇ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਨੇ ਦਿੱਲੀ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪੀਐਮ ਮੋਦੀ ਨੂੰ ਗੁਰੂ ਰਵਿਦਾਸ ਜੀ ਦੇ ਆਉਣ ਵਾਲੇ 649ਵੇਂ ਗੁਰਪੁਰਬ ਨੂੰ ਮਨਾਉਣ ਲਈ ਆਯੋਜਿਤ ਕੀਤੇ ਜਾ ਰਹੇ ਇੱਕ ਧਾਰਮਿਕ ਸਮਾਗਮ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਦੌਰਾਨ ਉਨ੍ਹਾਂ ਦੀ ਪੀਐਮ ਮੋਦੀ ਨਾਲ ਲੰਬੀ ਗੱਲਬਾਤ ਹੋਈ। ਇਸ ਮੁਲਾਕਾਤ ਦੌਰਾਨ ਜਲੰਧਰ ਤੋਂ ਵਿਜੇ ਸਾਂਪਲਾ ਤੇ ਦਿੱਲੀ ਤੋਂ ਤਰੁਣ ਚੁੱਘ ਉਨ੍ਹਾਂ ਦੇ ਨਾਲ ਸਨ।
ਸੰਤ ਨਿਰੰਜਨ ਦਾਸ ਨੇ ਪ੍ਰਧਾਨ ਮੰਤਰੀ ਮੋਦੀ ਅੱਗੇ ਮੰਗ ਰੱਖੀ ਕਿ ਜਲੰਧਰ ਦੇ ਆਦਮਪੁਰ ਏਅਰਪੋਰਟ ਦਾ ਨਾਮ ਸੰਗਤ ਦੀ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਮ ‘ਤੇ ਰੱਖਿਆ ਜਾਵੇ। ਵਿਜੇ ਸਾਂਪਲਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੂੰ ਫਰਵਰੀ, 2026 ਨੂੰ ਕਾਸ਼ੀ ‘ਚ ਮਨਾਏ ਜਾ ਰਹੇ ਸਤਿਗੁਰੂ ਰਵਿਦਾਸ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਨਾਲ ਹੀ 2027 ‘ਚ 650ਵੇਂ ਪ੍ਰਕਾਸ਼ ਪੁਰਬ ਨੂੰ ਪੂਰੇ ਦੇਸ਼ ‘ਚ ਧੂਮਧਾਮ ਨਾਲ ਮਨਾਉਣ ਤੇ ਪ੍ਰਕਾਸ਼ ਪੁਰਬ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਉਣ ਲਈ ਕਾਸ਼ੀ ‘ਚ 50 ਏਕੜ ਜ਼ਮੀਨ ਦੀ ਮੰਗ ਕੀਤੀ ਗਈ ਹੈ।

ਇਸ ਦੌਰਾਨ ਸੰਤ ਨਿਰੰਜਨ ਦਾਸ ਨੇ ਗੁਰੂ ਰਵਿਦਾਸ ਦੀ ਇੱਕ ਬਹੁਤ ਸੁੰਦਰ ਤਸਵੀਰ ਪੀਐਮ ਮੋਦੀ ਨੂੰ ਭੇਟ ਕੀਤੀ। ਵਿਜੇ ਸਾਂਪਲਾ ਦੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਬਹੁਤ ਸਕਾਰਾਤਮਕ ਰੁਖ ਰੱਖੇ ਹੋਏ ਸਾਰੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ, ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨਜੀਤ ਬਾਲੀ, ਅਵਿਨਾਸ਼ ਚੰਦਰ ਕਲੇਰ, ਸੰਤ ਮਨਦੀਪ ਦਾਸ, ਸੇਵਾਦਾਰ ਹਰਦੇਵ ਤੇ ਡੇਰੇ ਦੇ ਸੇਵਕ ਧਰਮਪਾਲ ਵੀ ਮੌਜੂਦ ਰਹੇ।

ਇਹ ਵੀ ਪੜ੍ਹੋ
ਇਸ ਮੁਲਾਕਾਤ ਤੇ ਸਾਹਮਣੇ ਆਈਆਂ ਤਸਵੀਰਾਂ ਨੇ ਰਾਜਨੀਤਿਕ ਹਲਕਿਆਂ ‘ਚ ਵੱਡੀ ਹਲਚਲ ਮਚਾ ਦਿੱਤੀ ਹੈ। ਜਿੱਥੇ ਇਸ ਮੁਲਾਕਾਤ ਨੂੰ ਗੁਰੂ ਰਵਿਦਾਸ ਜੀ ਮਹਾਰਾਜ ਦੇ ਆਉਣ ਵਾਲੇ 650ਵੇਂ ਗੁਰਪੁਰਬ ਨੂੰ ਮਨਾਉਣ ਲਈ ਆਯੋਜਿਤ ਕੀਤੇ ਜਾ ਰਹੇ ਧਾਰਮਿਕ ਸਮਾਗਮਾਂ ‘ਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ ਨਾਲ ਜੋੜਿਆ ਜਾ ਰਿਹਾ ਹੈ, ਉੱਥੇ ਇਸ ਨੂੰ ਦੋਆਬਾ ਰਾਜਨੀਤੀ ‘ਚ 2027 ਦੀਆਂ ਚੋਣਾਂ ‘ਚ ਡੇਰਾ ਫੈਕਟਰ ਦਾ ਲਾਭ ਉਠਾਉਣ ਲਈ ਇੱਕ ਰਾਜਨੀਤਿਕ ਚਾਲ ਵਜੋਂ ਵੀ ਦੇਖਿਆ ਜਾ ਰਿਹਾ ਹੈ।


