ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਰਹੇਗੀ ਬ੍ਰਿਗੇਡੀਅਰ ਚਾਂਦਪੁਰੀ ਦੀ ਬਹਾਦਰੀ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਵੱਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਦਿਖਾਈ ਬਹਾਦਰੀ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਲਈ ਆਪਾ ਵਾਰਣ ਲਈ ਪ੍ਰੇਰਿਤ ਕਰਦੀ ਰਹੇਗੀ। 1971 ਦੀ ਭਾਰਤ-ਪਾਕਿ ਜੰਗ ਦੇ ਇਸ ਹੀਰੋ ਨੇ ਪਾਕਿਸਤਾਨ ਵਿਰੁੱਧ ਦੇਸ਼ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਚਾਂਦਪੁਰ ਰੁੜਕੀ (ਸ਼ਹੀਦ ਭਗਤ ਸਿੰਘ ਨਗਰ): 1971 ਵਿੱਚ ਲੋਗੋਵਾਲ ਜੰਗ ਦੇ ਹੀਰੋ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਜੱਦੀ ਪਿੰਡ ਚਾਂਦਪੁਰ ਰੁੜਕੀ ਵਿਖੇ ਸ਼ੁਕੱਰਵਾਰ ਨੂੰ ਮੁੱਖ ਮੰਤਰੀ ਨੇ ਉਨ੍ਹਾਂ ਦੇ ਬੁੱਤ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਨਾਮ ਉਤੇ ਬਣੇ ਪਾਰਕ ਦਾ ਵੀ ਉਦਘਾਟਨ ਕੀਤਾ। ਨਾਲ ਹੀ ਉਹ ਚਾਂਦਪੁਰੀ ਦੀ ਯਾਦ ‘ਚ ਬਣੇ ਮਿਊਜ਼ੀਅਮ ਵਿਖੇ ਵੀ ਗਏ, ਜਿੱਥੇ ਲੌਂਗੇਵਾਲਾ ਜੰਗ ਅਤੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀਆਂ ਦੁਰਲੱਭ ਤਸਵੀਰਾਂ ਨੂੰ ਦਰਸਾਇਆ ਗਿਆ ਹੈ।
‘ਪ੍ਰੇਰਿਤ ਕਰਦੀ ਰਹੇਗੀ ਬ੍ਰਿਗੇਡੀਅਰ ਦੀ ਬਹਾਦੁਰੀ’
ਇਸ ਮੌਕੇ ਮੁੱਖ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਵੱਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਦਿਖਾਈ ਬਹਾਦਰੀ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਲਈ ਆਪਾ ਵਾਰਣ ਲਈ ਪ੍ਰੇਰਿਤ ਕਰਦੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ 1971 ਦੀ ਭਾਰਤ-ਪਾਕਿ ਜੰਗ ਦੇ ਇਸ ਹੀਰੋ ਨੇ ਪਾਕਿਸਤਾਨ ਵਿਰੁੱਧ ਦੇਸ਼ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਆਪਣੀ ਅਣਮੁੱਲੀ ਕੁਰਬਾਨੀ ਨਾਲ ਕੌਮੀ ਸੁਤੰਤਰਤਾ ਅੰਦੋਲਨ ਵਿੱਚ ਵੱਡਾ ਯੋਗਦਾਨ ਪਾਇਆ। ਇਸੇ ਤਰ੍ਹਾਂ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਦੇ ਸੰਘਰਸ਼ ਵਿੱਚ ਵੀ ਪੰਜਾਬੀ ਅਣਗਿਣਤ ਕੁਰਬਾਨੀਆਂ ਨਾਲ ਮੋਹਰੀ ਰਹੇ ਹਨ।
‘ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਵਚਨਬੱਧ ਸਰਕਾਰ’
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਵੱਲੋਂ ਦੇਖੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸੂਬਾ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਰਾਹ ਉਤੇ ਚੱਲਦਿਆਂ 500 ਆਮ ਆਦਮੀ ਕਲੀਨਿਕਾਂ ਰਾਹੀਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਕੂਲਸ ਆਫ਼ ਐਮੀਨੈਂਸ ਦੀ ਸਥਾਪਨਾ ਕੀਤੀ ਜਾ ਰਹੀ ਹੈ ਤਾਂ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਾਨਵੈਂਟ ਵਿੱਚ ਪੜ੍ਹਦੇ ਆਪਣੇ ਸਾਥੀਆਂ ਦਾ ਮੁਕਾਬਲਾ ਕਰਨ ਦੇ ਯੋਗ ਹੋ ਸਕਣ।
‘ਸੂਬੇ ਦੇ ਵਿਕਾਸ ਲਈ ਨਹੀਂ ਹੈ ਫੰਡ ਦੀ ਘਾਟ’
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਭਲਾਈ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਖਜ਼ਾਨੇ ਦੀ ਕੋਈ ਘਾਟ ਨਹੀਂ ਹੈ। ਭਗਵੰਤ ਮਾਨ ਨੇ ਵਿਰੋਧੀਆਂ ਨੂੰ ਨਿਸ਼ਾਨੇ ਉਤੇ ਲੈਂਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਖਾਲੀ ਖਜ਼ਾਨੇ ਦੀ ਦੁਹਾਈ ਪਾਉਂਦੀਆਂ ਸਨ ਤਾਂ ਕਿ ਆਪਣੀਆਂ ਮਨਪਸੰਦ ਕੰਪਨੀਆਂ ਨੂੰ ਫਾਇਦੇ ਦਿੱਤੇ ਜਾ ਸਕਣ।