ਲੌਂਗੇਵਾਲਾ ਦੇ ਹੀਰੋ ਚਾਂਦਪੁਰੀ ਦੇ ਬੁੱਤ ਦਾ ਸੀਐੱਮ 17 ਨੂੰ ਕਰਨਗੇ ਉਦਘਾਟਨ
ਪੰਜਾਬ ਸਰਕਾਰ ਨੇ ਲੌਂਗੇਵਾਲਾ ਜੰਗ ਦੇ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਸ਼ਰਧਾਜੰਲੀ ਦੇਣ ਲਈ ਉਨ੍ਹਾਂ ਦੇ ਜੱਦੀ ਪਿੰਡ ਚਾਂਦਪੁਰ ਰੁੜਕੀ ਵਿਖੇ ਬੁੱਤ ਦਾ ਨਿਰਮਾਣ ਕਰਵਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ 17 ਫਰਵਰੀ ਨੂੰ ਉਨ੍ਹਾਂ ਦੇ ਇਸ ਬੁੱਤ ਦਾ ਉਦਘਾਟਨ ਕਰਨਗੇ ।
ਚਾਂਦਪੁਰ ਰੁੜਕੀ :1971 ਦੀ ਲੌਂਗੇਵਾਲਾ ਜੰਗ ਦੇ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ (ਮਹਾਂਵੀਰ ਚੱਕਰ ਤੇ ਵਿਸ਼ਿਸ਼ਟ ਸੇਵਾ ਮੈਡਲ ਪ੍ਰਾਪਤ) ਦਾ ਬੁੱਤ ਦਾ 17 ਫ਼ਰਵਰੀ ਨੂੰ ਉਨ੍ਹਾਂ ਦੇ ਜੱਦੀ ਪਿੰਡ ਚਾਂਦਪੁਰ ਰੁੜਕੀ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਉਦਘਾਟਨ ਕੀਤਾ ਜਾਵੇਗਾ।
ਤਿਆਰੀਆਂ ਦਾ ਜਾਇਜ਼ਾ
ਇਸੇ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸਐਸਪੀ ਭਾਗੀਰਥ ਸਿੰਘ ਮੀਣਾ ਵੱਲੋਂ ਇਸ ਸਮਾਗਮ ਦੀਆਂ ਤਿਆਰੀਆਂ, ਸੁਰੱਖਿਆ ਬੰਦੋਬਸਤਾਂ ਅਤੇ ਆਵਾਜਾਈ ਪ੍ਰਬੰਧਾਂ ਨੂੰ ਲੈ ਕੇ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨਾਲ ਚਾਂਦਪੁਰ ਰੁੜਕੀ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਏਡੀਸੀ (ਜ) ਰਾਜੀਵ ਵਰਮਾ, ਏ ਡੀ ਸੀ (ਪੇਂਡੂ ਵਿਕਾਸ) ਦਵਿੰਦਰ ਸ਼ਰਮਾ, ਐਸ ਡੀ ਐਮ ਬਲਾਚੌਰ ਵਿਕਰਮਜੀਤ ਪਾਂਥੇ ਅਤੇ ਐਮਐਲਏ ਸ੍ਰੀਮਤੀ ਸੰਤੋਸ਼ ਕਟਾਰੀਆ ਦੇ ਨੁਮਾਇੰਦੇ ਵਜੋਂ ਕਰਨਵੀਰ ਕਟਾਰੀਆ ਮੌਜੂਦ ਸਨ।
ਬ੍ਰਿਗੇਡੀਅਰ ਚਾਂਦਪੁਰੀ ਦੀ ਦਲੇਰੀ ਦੀ ਕਹਾਣੀ
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਆਖਿਆ ਕਿ 1971 ਵਿੱਚ, ਰਾਜਸਥਾਨ ਸੈਕਟਰ ਵਿੱਚ ਲੌਂਗੇਵਾਲਾ ਚੌਕੀ ਵਿਖੇ ਕੰਪਨੀ ਕਮਾਂਡਰ ਵਜੋਂ ਤਾਇਨਾਤ ਬਿ੍ਰਗੇਡੀਅਰ (ਉਸ ਸਮੇਂ ਮੇਜਰ) ਕੁਲਦੀਪ ਸਿੰਘ ਚਾਂਦਪੁਰੀ ਵੱਲੋਂ ਪਾਕਿਸਤਾਨੀ ਫੌਜ ਦੁਆਰਾ 4-5 ਦਸੰਬਰ, 1971 ਦੀ ਰਾਤ ਨੂੰ 60 ਟੈਂਕਾਂ ਅਤੇ ਇਨਫੈਂਟਰੀ ਬ੍ਰਿਗੇਡ ਦੇ ਤਕਰੀਬਨ 3000 ਜੁਆਨਾਂ ਨਾਲ ਕੀਤੇ ਹਮਲੇ ਦਾ, ਆਪਣੀ ਪੰਜਾਬ ਰੈਜੀਮੈਂਟ ਦੀ 23ਵੀਂ ਬਟਾਲੀਅਨ ਦੇ 120 ਜਵਾਨਾਂ ਦੀ ਆਪਣੀ ਕੰਪਨੀ ਨਾਲ, ਜਿਸ ਅਸਾਧਾਰਣ ਬਹਾਦਰੀ ਨਾਲ ਮੁਕਾਬਲਾ ਕੀਤਾ, ਉਸ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ। ਇਸੇ ਲੜਾਈ ਦੀ ਕਹਾਣੀ ਤੇ ਆਧਾਰਿਤ ਫ਼ਿਲਮ ਬਾਰਡਰ ਚ ਬ੍ਰਿਗੇਡੀਅਰ ਚਾਂਦਪੁਰੀ ਦੀ ਦਲੇਰੀ ਨੂੰ ਦਿਖਾਇਆ ਗਿਆ ਸੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਬੁੱਤ, ਭਾਰਤੀ ਸੈਨਾ ਦੀ ਆਪਣੀ 32 ਸਾਲ ਦੀ ਨੌਕਰੀ ਦੌਰਾਨ ਵੀਰਤਾ ਭਰਪੂਰ ਤੇ ਗੌਰਵਮਈ ਗਾਥਾ ਲਿਖਣ ਵਾਲੇ, ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਸੈਨਿਕ ਸਨਮਾਨ ਮਹਾਵੀਰ ਚੱਕਰ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਸੈਨਾ ਨਾਇਕ ਦੀ ਯਾਦ ਨੂੰ ਚਿਰ-ਸਥਾਈ ਬਣਾਉਣ ਅਤੇ ਦੇਸ਼ ਸੇਵਾ ਲਈ ਪ੍ਰੇਰਨਾ ਦੇਣ ਵਿੱਚ ਅਹਿਮ ਹੋਵੇਗਾ।
ਅਧਿਕਾਰੀਆਂ ਨੂੰ ਦਿੱਤੇ ਗਏ ਨਿਰਦੇਸ਼
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਮੌਜੂਦ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਬੁੱਤ ਅਰਪਣ ਸਮਾਗਮ ਦੇ ਪ੍ਰਬੰਧਾਂ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਬਾਕੀ ਨਾ ਛੱਡਣ ਲਈ ਆਖਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਬੁੱਤ ਰਾਸ਼ਟਰ ਅਰਪਣ ਕਰਨ ਬਾਅਦ ਇੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਵੀ ਕਰਨਗੇ।ਐਸਐਸਪੀ ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਸਮਾਗਮ ਚ ਅਹਿਮ ਸਖਸ਼ੀਅਤਾਂ ਅਤੇ ਲੋਕਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਆਵਾਜਾਈ ਅਤੇ ਸੁਰੱਖਿਆ ਦੇ ਪ੍ਰਬੰਧ ਯਕੀਨੀ ਬਣਾਏ ਜਾਣਗੇ। ਇਸ ਮੌਕੇ ਪੁਲਿਸ ਵਿਭਾਗ,ਸਿਵਿਲ ਪ੍ਰਸ਼ਾਸਨ ,ਸਿਵਿਲ ਸਰਜਨ ,ਪੰਚਾਇਤੀ ਵਿਭਾਗ , ਅਤੇ ਪਿੰਡ ਦੇ ਸਰਪੰਚ ਬਿੰਦਰ ਕੁਮਾਰ, ਇੰਦਰਜੀਤ ਸਿੰਘ ਲੁੱਡੀ, ਦੇ ਅਲਾਵਾ ਵੱਖ ਵੱਖ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।