ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ‘ਚ ਪੁਲਿਸ ਵਲੋਂ ਐਨਕਾਊਂਟਰ, ਫਾਇਰਿੰਗ ਕੇਸ ਦਾ ਮੁੱਖ ਆਰੋਪੀ ਜ਼ਖ਼ਮੀ
Amritsar Police Encounter: ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਮਦਾਸ ਕਲੋਨੀ ਦੇ ਰਹਿਣ ਵਾਲੇ ਜੱਸਪਾਲ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਅਨੁਸਾਰ ਅੰਮ੍ਰਿਤਪਾਲ ਸਿੰਘ ਉਰਫ਼ ਰੋਨੀ ਅਤੇ ਉਸਦੇ ਸਾਥੀ ਹਰਪ੍ਰੀਤ ਨਿਆਣਾ XUV ਕਾਰ ਵਿੱਚ ਆਏ ਅਤੇ ਉਸਨੂੰ ਮਾਰਨ ਦੀ ਨੀਅਤ ਨਾਲ ਦੋ ਗੋਲੀਆਂ ਚਲਾਈਆਂ।
ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕੇ ਵਿੱਚ ਪੁਲਿਸ ਅਤੇ ਇੱਕ ਬਦਮਾਸ਼ ਦਰਮਿਆਨ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਥਿਆਰ ਦੀ ਬਰਾਮਦਗੀ ਦੌਰਾਨ ਮੁਲਜ਼ਮ ਵੱਲੋਂ ਪੁਲਿਸ ਟੀਮ ਤੇ ਗੋਲੀ ਚਲਾਈ ਗਈ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਸੈਲਫ ਡਿਫੈਂਸ ਵਿੱਚ ਕਾਰਵਾਈ ਕਰਦੇ ਹੋਏ ਮੁੱਖ ਆਰੋਪੀ ਨੂੰ ਜ਼ਖ਼ਮੀ ਕਰ ਕੇ ਕਾਬੂ ਕਰ ਲਿਆ। ਐਨਕਾਊਂਟਰ ਦੀ ਸੂਚਨਾ ਮਿਲਦਿਆਂ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਮੌਕੇ ਤੇ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੂਰੇ ਮਾਮਲੇ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਰਿਹਾਇਸ਼ੀ ਇਲਾਕੇ ਚ ਹੋਈ ਸੀ ਫਾਇਰਿੰਗ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਮਦਾਸ ਕਲੋਨੀ ਦੇ ਰਹਿਣ ਵਾਲੇ ਜੱਸਪਾਲ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਅਨੁਸਾਰ ਅੰਮ੍ਰਿਤਪਾਲ ਸਿੰਘ ਉਰਫ਼ ਰੋਨੀ ਅਤੇ ਉਸਦੇ ਸਾਥੀ ਹਰਪ੍ਰੀਤ ਨਿਆਣਾ XUV ਕਾਰ ਵਿੱਚ ਆਏ ਅਤੇ ਉਸਨੂੰ ਮਾਰਨ ਦੀ ਨੀਅਤ ਨਾਲ ਦੋ ਗੋਲੀਆਂ ਚਲਾਈਆਂ। ਹਮਲੇ ਦੌਰਾਨ ਜੱਸਪਾਲ ਸਿੰਘ ਕਿਸੇ ਤਰ੍ਹਾਂ ਜਾਨ ਬਚਾ ਕੇ ਭੱਜਣ ਵਿੱਚ ਕਾਮਯਾਬ ਰਿਹਾ, ਹਾਲਾਂਕਿ ਉਸਦੀ ਲੱਤ ਵਿੱਚ ਗੋਲੀ ਲੱਗੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਉਰਫ਼ ਰੋਨੀ (ਉਮਰ ਕਰੀਬ 25 ਸਾਲ) ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਆਰੋਪੀ ਡਿਲੀਵਰੀ ਬੋਏ ਦਾ ਕੰਮ ਕਰਦਾ ਸੀ ਅਤੇ ਉਸਦੇ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਹੀਰੋਇਨ ਦੀ ਕਮਰਸ਼ੀਅਲ ਮਾਤਰਾ ਦਾ ਕੇਸ ਦਰਜ ਹੈ।
ਹਥਿਆਰ ਬਰਾਮਦਗੀ ਦੌਰਾਨ ਐਨਕਾਊਂਟਰ
ਹਥਿਆਰ ਦੀ ਬਰਾਮਦਗੀ ਲਈ ਪੁਲਿਸ ਟੀਮ ਦੋਸ਼ੀ ਨੂੰ ਮੜੀਆਂ ਰੋਡ, ਛੇਹਰਟਾ ਨੇੜੇ ਗਾਰਬੇਜ ਡੰਪਿੰਗ ਸਾਈਟ ਤੇ ਲੈ ਕੇ ਗਈ। ਇੱਥੇ ਦੋਸ਼ੀ ਨੇ ਅਚਾਨਕ 30 ਬੋਰ ਦਾ ਲੋਡਡ ਪਿਸਟਲ ਕੱਢ ਕੇ ਪੁਲਿਸ ਟੀਮ ਤੇ ਫਾਇਰ ਕਰ ਦਿੱਤਾ। ਪੁਲਿਸ ਵੱਲੋਂ ਪਹਿਲਾਂ ਚੇਤਾਵਨੀ ਦਿੱਤੀ ਗਈ, ਪਰ ਖ਼ਤਰੇ ਨੂੰ ਦੇਖਦਿਆਂ ਸੈਲਫ ਡਿਫੈਂਸ ਵਿੱਚ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਦੋਸ਼ੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਫਾਇਰਿੰਗ ਵਿੱਚ ਵਰਤੀ ਗਈ XUV ਗੱਡੀ ਵੀ ਬਰਾਮਦ ਕਰ ਲਈ ਹੈ। ਮਾਮਲੇ ਦਾ ਦੂਜਾ ਦੋਸ਼ੀ ਹਰਪ੍ਰੀਤ ਨਿਆਣਾ ਹਾਲੇ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਰਿਹਾਇਸ਼ੀ ਇਲਾਕਿਆਂ ਚ ਫਾਇਰਿੰਗ ਬਰਦਾਸ਼ਤ ਨਹੀਂ – ਪੁਲਿਸ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਪਸ਼ਟ ਕੀਤਾ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਫਾਇਰਿੰਗ ਵਰਗੇ ਜੁਰਮਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਘਰੇ ਵਿੱਚ ਲਿਆਂਦਾ ਜਾਵੇਗਾ। ਫਿਲਹਾਲ ਮਾਮਲੇ ਨੂੰ ਲੈ ਕੇ ਪੁਲਿਸ ਹੋਰ ਡੂਗਾਈ ਨਾਲ ਜਾਂਚ ਕਰ ਰਹੀ ਹੈ।


