Pakistani Hindu Women : ਉਹ ਹਿੰਦੂ ਔਰਤਾਂ ਜਿਨ੍ਹਾਂ ਦਾ ਪਾਕਿਸਤਾਨ ਦੇ ਸਿਸਟਮ ਵਿੱਚ ਚੱਲਦਾ ਹੈ ਸਿੱਕਾ
Pakistani Hindu Women : ਪਾਕਿਸਤਾਨ ਦੀਆਂ ਬਹੁਤ ਸਾਰੀਆਂ ਹਿੰਦੂ ਔਰਤਾਂ ਆਪਣੀ ਮਿਹਨਤ ਅਤੇ ਲਗਨ ਨਾਲ ਉੱਚ ਅਹੁਦੇ ਪ੍ਰਾਪਤ ਕਰ ਰਹੀਆਂ ਹਨ। ਕਸ਼ਿਸ਼ ਚੌਧਰੀ ਵਰਗੀਆਂ ਔਰਤਾਂ ਸਹਾਇਕ ਕਮਿਸ਼ਨਰ, ਪੁਲਿਸ ਸੁਪਰਡੈਂਟ ਅਤੇ ਸਿਵਲ ਜੱਜ ਵਰਗੇ ਮਹੱਤਵਪੂਰਨ ਅਹੁਦਿਆਂ 'ਤੇ ਪਹੁੰਚ ਕੇ ਆਪਣੇ ਭਾਈਚਾਰੇ ਲਈ ਪ੍ਰੇਰਨਾ ਸਰੋਤ ਬਣ ਰਹੀਆਂ ਹਨ।

Pakistani Hindu Women : ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਹੁੰਦੇ ਹਮਲਿਆਂ ਦੀਆਂ ਖ਼ਬਰਾਂ ਆਮ ਹਨ। ਘੱਟ ਗਿਣਤੀਆਂ ‘ਤੇ ਹੁੰਦੇ ਹਮਲਿਆਂ ਦੇ ਬਾਵਜੂਦ ਪਾਕਿਸਤਾਨ ‘ਚ ਹਿੰਦੂ ਭਾਈਚਾਰੇ ਦੀਆਂ ਧੀਆਂ ਆਪਣੀ ਮਿਹਨਤ ਨਾਲ ਅੱਗੇ ਵਧ ਰਹੀਆਂ ਹਨ। ਹਾਲ ਹੀ ਵਿੱਚ ਬਲੋਚਿਸਤਾਨ ਦੀ ਕਸ਼ਿਸ਼ ਚੌਧਰੀ ਪਾਕਿਸਤਾਨ ਪਬਲਿਕ ਕਮਿਸ਼ਨ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਸਹਾਇਕ ਕਮਿਸ਼ਨਰ ਬਣੀ। ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਭਾਈਚਾਰੇ ਅਤੇ ਅਸ਼ਾਂਤ ਸੂਬੇ ਦਾ ਵਿਕਾਸ ਕਰਨ ਦਾ ਵਾਅਦਾ ਕੀਤਾ ਹੈ।
ਕਸ਼ਿਸ਼ ਚੌਧਰੀ ਇਕੱਲੀ ਨਹੀਂ ਹੈ ਜਿਸਨੇ ਪਾਕਿਸਤਾਨ ਵਿੱਚ ਆਪਣਾ ਨਾਮ ਬਣਾਇਆ ਹੈ। ਉਸ ਵਾਂਗ, ਪਾਕਿਸਤਾਨ ਦੀਆਂ ਹੋਰ ਵੀ ਬਹੁਤ ਸਾਰੀਆਂ ਹਿੰਦੂ ਔਰਤਾਂ ਹਨ ਜੋ ਮੁਸਲਿਮ ਦੇਸ਼ ਵਿੱਚ ਆਪਣਾ ਸਿੱਕਾ ਚੱਲਾ ਰਹਿਆਂ ਹਨ। ਇਨ੍ਹਾਂ ਔਰਤਾਂ ਨੂੰ ਇਨ੍ਹਾਂ ਮਹੱਤਵਪੂਰਨ ਅਹੁਦਿਆਂ ਤੱਕ ਪਹੁੰਚਣ ਲਈ ਕਈ ਸੱਭਿਆਚਾਰਕ, ਧਾਰਮਿਕ ਅਤੇ ਸਮਾਜਿਕ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੈ।
ਕਰਾਚੀ ਤੋਂ ਸਿੰਧ ਤੱਕ ਹਿੰਦੂ ਔਰਤਾਂ ਦਾ ਦ੍ਰਿੜ ਇਰਾਦਾ
ਅਜਿਹੀ ਹੀ ਇੱਕ ਔਰਤ ਮਨੀਸ਼ ਰੋਪੇਟਾ ਹੈ ਜੋ 2022 ਵਿੱਚ ਕਰਾਚੀ ਵਿੱਚ ਪੁਲਿਸ ਸੁਪਰਡੈਂਟ ਨਿਯੁਕਤ ਹੋਣ ਵਾਲੀ ਪਹਿਲੀ ਹਿੰਦੂ ਔਰਤ ਬਣੀ, ਜਿੱਥੇ ਉਹ ਅਜੇ ਵੀ ਤਾਇਨਾਤ ਹੈ। ਇਸ ਤੋਂ ਇਲਾਵਾ, 35 ਸਾਲਾ ਪੁਸ਼ਪਾ ਕੁਮਾਰੀ ਕੋਹਲੀ ਕਰਾਚੀ ਵਿੱਚ ਸਬ-ਇੰਸਪੈਕਟਰ ਵਜੋਂ ਕੰਮ ਕਰ ਰਹੀ ਹੈ ਅਤੇ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਹਿੰਦੂ ਔਰਤਾਂ ਵਿੱਚ ਸਿਖਰ ‘ਤੇ ਪਹੁੰਚਣ ਲਈ ਦ੍ਰਿੜ ਇਰਾਦਾ ਅਤੇ ਬੁੱਧੀ ਹੈ।
ਪੀਟੀਆਈ ਦੇ ਅਨੁਸਾਰ, ਅਨੁਸੂਚਿਤ ਜਾਤੀ ਨਾਲ ਸਬੰਧਤ ਕੋਹਲੀ ਨੇ ਕਿਹਾ, “ਮੈਂ ਸਿੰਧ ਪੁਲਿਸ ਸਿਵਲ ਸੇਵਾ ਪ੍ਰੀਖਿਆ ਵੀ ਪਾਸ ਕਰ ਲਈ ਹੈ। ਬਹੁਤ ਸਾਰੀਆਂ ਹਿੰਦੂ ਕੁੜੀਆਂ ਹਨ ਜੋ ਆਪਣੇ ਆਪ ਨੂੰ ਸਿੱਖਿਅਤ ਕਰਨ ਅਤੇ ਕੁਝ ਬਣਨ ਦੀ ਉਡੀਕ ਕਰ ਰਹੀਆਂ ਹਨ।”
ਸਿੰਧ ਸੂਬੇ ਦੇ ਸ਼ਹਿਦਾਦਕੋਟ ਦੀ ਰਹਿਣ ਵਾਲੀ ਸੁਮਨ ਪਵਨ ਬੋਦਾਨੀ ਨੇ ਪਾਕਿਸਤਾਨ ਵਿੱਚ ਵੀ ਪ੍ਰਸਿੱਧੀ ਖੱਟੀ ਹੈ। ਉਹ ਪਹਿਲੀ ਵਾਰ 2019 ਵਿੱਚ ਜੱਦੀ ਸ਼ਹਿਰ ਵਿੱਚ ਸਿਵਲ ਜੱਜ ਵਜੋਂ ਨਿਯੁਕਤ ਹੋਈ ਸੀ।
ਇਹ ਵੀ ਪੜ੍ਹੋ
ਹਿੰਦੂ ਕੁੜੀਆਂ ਵਿੱਚ ਕੁਝ ਬਣਨ ਦੀ ਇੱਛਾ
ਸਿੰਧ ਦੇ ਇੱਕ ਸਿਆਸਤਦਾਨ ਰਮੇਸ਼ ਕੁਮਾਰ ਵੰਕਵਾਨੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਨੌਜਵਾਨ ਹਿੰਦੂ ਕੁੜੀਆਂ ਨੇ ਆਪਣੇ ਪਰਿਵਾਰਾਂ ਦੇ ਸਮਰਥਨ ਨਾਲ ਸਿੱਖਿਆ ਅਤੇ ਉੱਚ ਸਿੱਖਿਆ ਪ੍ਰਤੀ ਵਧੇਰੇ ਝੁਕਾਅ ਅਤੇ ਪਹਿਲਕਦਮੀ ਦਿਖਾਈ ਹੈ। ਉਨ੍ਹਾਂ ਕਿਹਾ, “ਸਾਡੀਆਂ ਨੌਜਵਾਨ ਔਰਤਾਂ ਸਾਨੂੰ ਮਾਣ ਦਿਵਾ ਰਹੀਆਂ ਹਨ। ਸਾਡੇ ਕੋਲ ਸਿੰਧ ਵਿੱਚ ਡਾਕਟਰ, ਸਿਵਲ ਸੇਵਕ, ਪੁਲਿਸ ਅਧਿਕਾਰੀ ਆਦਿ ਹਨ।”