ਤਰਨਜੀਤ ਸਿੰਘ ਸੰਧੂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ, ਨੌਜਵਾਨਾਂ ਨੂੰ ਇਤਿਹਾਸ ਨਾਲ ਜੁੜਨ ਦਾ ਦਿੱਤਾ ਸੰਦੇਸ਼
ਉਨ੍ਹਾਂ ਨੇ ਸਿੱਖ ਇਤਿਹਾਸ ਦੇ ਅਹਿੰਸਕ ਮੋਰਚਿਆਂ, ਵਿਸ਼ੇਸ਼ ਤੌਰ 'ਤੇ 'ਗੁਰੂ ਕਾ ਬਾਗ' ਤੇ 'ਚਾਬੀਆਂ ਵਾਲੇ ਮੋਰਚੇ' ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ 1920 ਤੋਂ 1926 ਤੱਕ ਅੰਗਰੇਜ਼ੀ ਹਕੂਮਤ ਖ਼ਿਲਾਫ਼ ਚਲਾਏ ਗਏ ਦੇਸ਼ ਦੇ ਪਹਿਲੇ ਸਫ਼ਲ ਅਹਿੰਸਕ ਮੋਰਚੇ ਸਨ। ਇਨ੍ਹਾਂ ਮੋਰਚਿਆਂ 'ਚ ਸਿੱਖ, ਹਿੰਦੂ ਤੇ ਮੁਸਲਮਾਨ ਸਾਰਿਆਂ ਨੇ ਰਲ ਕੇ ਹਿੱਸਾ ਲਿਆ ਸੀ। ਸੰਧੂ ਨੇ ਜ਼ੋਰ ਦਿੱਤਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਸ਼ਾਨਦਾਰ ਵਿਰਾਸਤ ਤੇ ਇਤਿਹਾਸ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।
ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨਾਲ ਉਨ੍ਹਾਂ ਦਾ ਪੁਰਾਣਾ ਪਿਛੋਕੜ ਤੇ ਪਰਿਵਾਰਕ ਲਗਾਅ ਹੈ। ਜਦੋਂ ਵੀ ਉਹ ਅੰਮ੍ਰਿਤਸਰ ਆਉਂਦੇ ਹਨ, ਦਰਬਾਰ ਸਾਹਿਬ ਮੱਥਾ ਟੇਕਣਾ ਉਨ੍ਹਾਂ ਦੀ ਪਰੰਪਰਾ ਰਹੀ ਹੈ।
ਉਨ੍ਹਾਂ ਨੇ ਸਿੱਖ ਇਤਿਹਾਸ ਦੇ ਅਹਿੰਸਕ ਮੋਰਚਿਆਂ, ਵਿਸ਼ੇਸ਼ ਤੌਰ ‘ਤੇ ‘ਗੁਰੂ ਕਾ ਬਾਗ’ ਤੇ ‘ਚਾਬੀਆਂ ਵਾਲੇ ਮੋਰਚੇ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ 1920 ਤੋਂ 1926 ਤੱਕ ਅੰਗਰੇਜ਼ੀ ਹਕੂਮਤ ਖ਼ਿਲਾਫ਼ ਚਲਾਏ ਗਏ ਦੇਸ਼ ਦੇ ਪਹਿਲੇ ਸਫ਼ਲ ਅਹਿੰਸਕ ਮੋਰਚੇ ਸਨ। ਇਨ੍ਹਾਂ ਮੋਰਚਿਆਂ ‘ਚ ਸਿੱਖ, ਹਿੰਦੂ ਤੇ ਮੁਸਲਮਾਨ ਸਾਰਿਆਂ ਨੇ ਰਲ ਕੇ ਹਿੱਸਾ ਲਿਆ ਸੀ। ਸੰਧੂ ਨੇ ਜ਼ੋਰ ਦਿੱਤਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਸ਼ਾਨਦਾਰ ਵਿਰਾਸਤ ਤੇ ਇਤਿਹਾਸ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।
ਆਪਣੇ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦਰਬਾਰ ਸਾਹਿਬ ਤੋਂ ਬਾਅਦ ਉਹ ਦੁਰਗਿਆਨਾ ਮੰਦਰ ਤੇ ਭਗਵਾਨ ਵਾਲਮੀਕਿ ਮੰਦਰ ਵਿਖੇ ਵੀ ਨਤਮਸਤਕ ਹੋਣਗੇ। ਇਸ ਤੋਂ ਇਲਾਵਾ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਇੱਕ ਇਤਿਹਾਸਕ ਨਾਟਕ ‘ਚ ਵੀ ਸ਼ਿਰਕਤ ਕਰਨਗੇ।
ਸਿੱਖਿਆ ਦੇ ਮਹੱਤਵ ‘ਤੇ ਚਰਚਾ ਕਰਦਿਆਂ ਉਨ੍ਹਾਂ 1917 ‘ਚ ਸਰਹਾਲੀ ਵਿਖੇ ਸਥਾਪਿਤ ਸਕੂਲ ਦੀ ਉਦਾਹਰਣ ਦਿੱਤੀ, ਜਿੱਥੋਂ ਪੜ੍ਹ ਕੇ ਕਈ ਦੇਸ਼ ਪ੍ਰਸਿੱਧ ਜਰਨੈਲ, ਓਲੰਪੀਅਨ ਤੇ ਉਪ-ਕੁਲਪਤੀ ਨਿਕਲੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਲਈ ਸਿੱਖਿਆ ਤੇ ਤਕਨਾਲੋਜੀ ਹੀ ਸਭ ਤੋਂ ਵੱਡਾ ਜ਼ਰੀਆ ਹਨ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50 ਵਿਦਿਆਰਥੀ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ 6 ਹਫ਼ਤਿਆਂ ਦੀ ਸਿਖਲਾਈ ਪੂਰੀ ਕਰ ਰਹੇ ਹਨ।ਸੰਧੂ ਨੇ ਸਿਆਸਤ ਤੋਂ ਉੱਪਰ ਉੱਠ ਕੇ ਪੰਜਾਬ ਤੇ ਅੰਮ੍ਰਿਤਸਰ ਦੇ ਵਿਕਾਸ ਤੇ ਨੌਜਵਾਨਾਂ ਦੇ ਸ਼ਕਤੀਕਰਨ ‘ਤੇ ਧਿਆਨ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ।