ਪਰਗਟ ਸਿੰਘ ਵੱਲੋ ਬੇਅੰਤ ਸਿੰਘ ਦੇ ਬੁੱਤ ‘ਤੇ ਹਾਰ ਨਾ ਪਾਉਣ ਭਖੀ ਸਿਆਸਤ, ਬਿੱਟੂ ਬੋਲੇ- ਦਾਦਾ ਜੀ ਨੇ ਸ਼ਾਂਤੀ ਲਈ ਦਿੱਤੀ ਸ਼ਹਾਦਤ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਵਿਰੁੱਧ ਤਿੱਖਾ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਭਵਨ ਵਿਖੇ ਸਥਾਪਤ ਸਵਰਗੀ ਬੇਅੰਤ ਸਿੰਘ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੁੱਤਾਂ ਨੂੰ ਲੈ ਕੇ ਹੁਣ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਵੱਡਾ ਵਿਵਾਦ ਛਿੜ ਗਿਆ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਵਿਰੁੱਧ ਤਿੱਖਾ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਭਵਨ ਵਿਖੇ ਸਥਾਪਤ ਸਵਰਗੀ ਬੇਅੰਤ ਸਿੰਘ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੁੱਤਾਂ ਨੂੰ ਲੈ ਕੇ ਹੁਣ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਵੱਡਾ ਵਿਵਾਦ ਛਿੜ ਗਿਆ ਹੈ।
ਰਵਨੀਤ ਸਿੰਘ ਬਿੱਟੂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਨਵੇਂ ਬਣੇ ਪ੍ਰਦੇਸ਼ ਪ੍ਰਧਾਨ ਪਰਗਟ ਸਿੰਘ ਨੂੰ ਸਰਦਾਰ ਬੇਅੰਤ ਸਿੰਘ ਦੇ ਬੁੱਤ ਤੋਂ ਕੋਈ ਇਤਰਾਜ਼ ਜਾਂ ਤਕਲੀਫ਼ ਹੈ, ਤਾਂ ਉਹ ਸਿੱਧੇ ਤੌਰ ਤੇ ਦੱਸ ਦੇਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਡਾ ਪਰਿਵਾਰ ਪੂਰੇ ਮਾਣ-ਸਤਿਕਾਰ ਅਤੇ ਸ਼ਰਧਾ ਨਾਲ ਉਸ ਬੁੱਤ ਨੂੰ ਉੱਥੋਂ ਚੁੱਕ ਕੇ ਸੈਕਟਰ-42, ਚੰਡੀਗੜ੍ਹ ਵਿਖੇ ਸਥਿਤ ਉਨ੍ਹਾਂ ਦੀ ਸਮਾਧੀ ਉੱਤੇ ਸਥਾਪਤ ਕਰ ਲਵੇਗਾ।
ਅਹੁਦਾ ਸੰਭਾਲਣ ਦੌਰਾਨ ਬੁੱਤਾਂ ਦੀ ਅਣਦੇਖੀ ਕਰਨ ਦੇ ਲਾਏ ਦੋਸ਼
ਬਿੱਟੂ ਨੇ ਘਟਨਾਕ੍ਰਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਜਦੋਂ ਨਵ-ਨਿਯੁਕਤ ਪ੍ਰਧਾਨ ਕਾਂਗਰਸ ਭਵਨ ਪੁੱਜੇ ਤਾਂ ਤਿੰਨਾਂ ਬੁੱਤਾਂ ਦੇ ਸਾਹਮਣੇ ਜਾਣ ਸਮੇਂ ਉਨ੍ਹਾਂ ਨੇ ਸਿਰਫ਼ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤਸਵੀਰ ਉੱਤੇ ਹੀ ਫੁੱਲ-ਮਾਲਾਵਾਂ ਭੇਟ ਕੀਤੀਆਂ। ਉਨ੍ਹਾਂ ਦੋਸ਼ ਲਾਇਆ ਕਿ ਪਰਗਟ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੁੱਤ ਨੂੰ ਅਣਗੌਲਿਆ ਕੀਤਾ ਅਤੇ ਇਸੇ ਤਰ੍ਹਾਂ ਸਵਰਗੀ ਸਰਦਾਰ ਬੇਅੰਤ ਸਿੰਘ ਦੇ ਬੁੱਤ ਉੱਤੇ ਵੀ ਕੋਈ ਹਾਰ ਨਹੀਂ ਪਾਇਆ।
ਉਨ੍ਹਾਂ ਆਖਿਆ ਕਿ ਭਾਵੇਂ ਉਨ੍ਹਾਂ ਦਾ ਨਿੱਜੀ ਤੌਰ ਤੇ ਕਾਂਗਰਸ ਨਾਲ ਹੁਣ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਉਹ ਇਹ ਯਾਦ ਕਰਵਾਉਣਾ ਚਾਹੁੰਦੇ ਹਨ ਕਿ ਕਾਂਗਰਸ ਦੇ ਹਰ ਆਮ ਵਰਕਰ ਦੇ ਦਿਲ ਵਿੱਚ ਸਵਰਗੀ ਬੇਅੰਤ ਸਿੰਘ ਅੱਜ ਵੀ ਵਸਦੇ ਹਨ। ਬਿੱਟੂ ਨੇ ਦੱਸਿਆ ਕਿ ਜਦੋਂ ਪ੍ਰਧਾਨ ਪਰਗਟ ਸਿੰਘ ਆਪਣਾ ਅਹੁਦਾ ਸੰਭਾਲਣ ਗਏ ਸਨ, ਤਾਂ ਉਨ੍ਹਾਂ ਨੇ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਉੱਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਵਿੱਚ ਕਾਂਗਰਸ ਭਵਨ ਅੰਦਰ ਲੱਗੇ ਤਿੰਨ ਬੁੱਤ ਸਪੱਸ਼ਟ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਦੂਲੋ ਦੇ ਕਾਰਜਕਾਲ ਦੌਰਾਨ ਸਥਾਪਤ ਕਰਵਾਇਆ ਗਿਆ ਸੀ।
ਬੇਅੰਤ ਸਿੰਘ ਨੇ ਅਮਨ-ਸ਼ਾਂਤੀ ਲਈ ਦਿੱਤੀ ਸੀ ਸ਼ਹਾਦਤ
ਭਾਜਪਾ ਆਗੂ ਨੇ ਕਿਹਾ ਕਿ ਸਰਦਾਰ ਬੇਅੰਤ ਸਿੰਘ ਨੇ ਪੰਜਾਬ ਵਿੱਚ ਭਾਈਚਾਰਕ ਸਾਂਝ, ਅਮਨ ਅਤੇ ਸ਼ਾਂਤੀ ਦੀ ਬਹਾਲੀ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਦੇ ਪਰਿਵਾਰ ਲਈ ਉਨ੍ਹਾਂ ਦੀ ਇਸ ਮਹਾਨ ਕੁਰਬਾਨੀ ਦਾ ਸਤਿਕਾਰ ਕਰਨਾ ਹਮੇਸ਼ਾ ਮਾਣ ਵਾਲੀ ਗੱਲ ਰਹੀ ਹੈ। ਉਨ੍ਹਾਂ ਸਵਾਲੀਆ ਲਹਿਜੇ ਵਿੱਚ ਪੁੱਛਿਆ ਕਿ ਆਖ਼ਰ ਅਜਿਹਾ ਕੀ ਕਾਰਨ ਹੈ ਕਿ ਪੰਜਾਬ ਕਾਂਗਰਸ ਦੀ ਸੋਚ ਹੁਣ ਆਪਣੇ ਹੀ ਕੁਰਬਾਨੀਆਂ ਵਾਲੇ ਸੀਨੀਅਰ ਆਗੂਆਂ ਪ੍ਰਤੀ ਬਦਲਦੀ ਨਜ਼ਰ ਆ ਰਹੀ ਹੈ?
ਇਹ ਵੀ ਪੜ੍ਹੋ
ਕੁਰਬਾਨੀ ਕਿਸੇ ਇੱਕ ਪਾਰਟੀ ਤੱਕ ਸੀਮਤ ਨਹੀਂ: ਬਿੱਟੂ
ਰਵਨੀਤ ਸਿੰਘ ਬਿੱਟੂ ਨੇ ਭਾਵੁਕ ਹੁੰਦਿਆਂ ਕਿਹਾ ਕਿ ਸਰਦਾਰ ਬੇਅੰਤ ਸਿੰਘ ਵੱਲੋਂ ਦਿੱਤੀ ਗਈ ਸ਼ਹਾਦਤ ਪੰਜਾਬ ਵਿੱਚ ਸ਼ਾਂਤੀ ਅਤੇ ਕਾਨੂੰਨ ਦਾ ਰਾਜ ਸਥਾਪਤ ਕਰਨ ਲਈ ਸੀ। ਉਨ੍ਹਾਂ ਦੀ ਇਹ ਕੁਰਬਾਨੀ ਕਿਸੇ ਇੱਕ ਵਿਸ਼ੇਸ਼ ਸਿਆਸੀ ਪਾਰਟੀ ਦੀ ਜਾਇਦਾਦ ਨਹੀਂ, ਸਗੋਂ ਇਹ ਪੂਰੇ ਪੰਜਾਬ ਅਤੇ ਪੰਜਾਬੀਆਂ ਲਈ ਸੀ। ਉਨ੍ਹਾਂ ਆਖਿਆ ਕਿ ਅਜਿਹੇ ਮਹਾਨ ਆਗੂਆਂ ਦੇ ਬੁੱਤਾਂ ਅਤੇ ਉਨ੍ਹਾਂ ਵੱਲੋਂ ਛੱਡੀ ਗਈ ਵਿਰਾਸਤ ਦਾ ਹਮੇਸ਼ਾ ਦਿਲੋਂ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਮਾਮਲੇ ਤੇ ਕਿਸੇ ਤਰ੍ਹਾਂ ਦੀ ਸੌੜੀ ਸਿਆਸਤ ਨਹੀਂ ਹੋਣੀ ਚਾਹੀਦੀ।


