ਮਲੇਰਕੋਟਲਾ ‘ਚ ਕਾਂਗਰਸੀ ਆਗੂ ਆਪਸ ‘ਚ ਭਿੜੇ, ਸਟੇਜ ‘ਤੇ ਚੜ੍ਹਨ ਨੂੰ ਲੈ ਕੇ ਹੰਗਾਮਾ; ਰਾਜਾ ਵੜਿੰਗ ਨੇ ਹੇਠਾਂ ਆ ਕੀਤਾ ਸ਼ਾਂਤ

Updated On: 

08 Aug 2026 14:10 PM IST

ਪੰਜਾਬ ਵਿੱਚ ਕਾਂਗਰਸ ਵੱਲੋਂ ਚਲਾਈ ਜਾ ਰਹੀ ਹਰ ਬੂਥ ਕਾਂਗਰਸ ਮਜ਼ਬੂਤ ਮੁਹਿੰਮ ਦੇ ਆਖ਼ਰੀ ਦਿਨ ਦੀ ਸ਼ੁਰੂਆਤ ਹੰਗਾਮੇਦਾਰ ਰਹੀ। ਜ਼ਿਲ੍ਹਾ ਮਲੇਰਕੋਟਲਾ ਵਿਖੇ ਸਮਾਗਮ ਦੌਰਾਨ ਸਟੇਜ 'ਤੇ ਚੜ੍ਹਨ ਨੂੰ ਲੈ ਕੇ ਕਾਂਗਰਸੀ ਆਗੂ ਅਤੇ ਵਰਕਰ ਆਪਸ ਵਿੱਚ ਭਿੜ ਗਏ।

ਮਲੇਰਕੋਟਲਾ ਚ ਕਾਂਗਰਸੀ ਆਗੂ ਆਪਸ ਚ ਭਿੜੇ, ਸਟੇਜ ਤੇ ਚੜ੍ਹਨ ਨੂੰ ਲੈ ਕੇ ਹੰਗਾਮਾ; ਰਾਜਾ ਵੜਿੰਗ ਨੇ ਹੇਠਾਂ ਆ ਕੀਤਾ ਸ਼ਾਂਤ

ਪੰਜਾਬ ਵਿੱਚ ਕਾਂਗਰਸ ਵੱਲੋਂ ਚਲਾਈ ਜਾ ਰਹੀ ਹਰ ਬੂਥ ਕਾਂਗਰਸ ਮਜ਼ਬੂਤ ਮੁਹਿੰਮ ਦੇ ਆਖ਼ਰੀ ਦਿਨ ਦੀ ਸ਼ੁਰੂਆਤ ਹੰਗਾਮੇਦਾਰ ਰਹੀ। ਜ਼ਿਲ੍ਹਾ ਮਲੇਰਕੋਟਲਾ ਵਿਖੇ ਸਮਾਗਮ ਦੌਰਾਨ ਸਟੇਜ ‘ਤੇ ਚੜ੍ਹਨ ਨੂੰ ਲੈ ਕੇ ਕਾਂਗਰਸੀ ਆਗੂ ਅਤੇ ਵਰਕਰ ਆਪਸ ਵਿੱਚ ਭਿੜ ਗਏ। ਜਾਣਕਾਰੀ ਅਨੁਸਾਰ, ਜਦੋਂ ਪੂਰਵ ਵਿਧਾਇਕ ਜਸਵੀਰ ਸਿੰਘ ਜੱਸੀ ਸਟੇਜ ‘ਤੇ ਚੜ੍ਹਨ ਲੱਗੇ ਤਾਂ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੇ ਸਮਰਥਕ ਆਗੂਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ, ਜਿਸ ਤੋਂ ਬਾਅਦ ਮਾਹੌਲ ਤਨਾਅਪੂਰਨ ਹੋ ਗਿਆ।

ਦੇਖਦਿਆਂ ਹੀ ਦੇਖਦਿਆਂ ਦੋਵਾਂ ਧਿਰਾਂ ਦੇ ਸਮਰਥਕਾਂ ਨੇ ਆਪਣੇ-ਆਪਣੇ ਆਗੂਆਂ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੰਗਾਮਾ ਵਧਦਾ ਦੇਖ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਖ਼ੁਦ ਸਟੇਜ ਤੋਂ ਹੇਠਾਂ ਆਉਣਾ ਪਿਆ ਅਤੇ ਲੋਕਾਂ ਨੂੰ ਸ਼ਾਤ ਕਰਵਾਇਆ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਅਤੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਨੇ ਸ਼ਿਰਕਤ ਕਰਦਿਆਂ ਵਰਕਰਾਂ ਨੂੰ ਇੱਕਜੁੱਟਤਾ ਦਾ ਸੁਨੇਹਾ ਦਿੱਤਾ। ਦੂਜੇ ਪਾਸੇ, ਖੰਨਾ ਵਿੱਚ ਚੰਨੀ ਗੁੱਟ ਦੇ ਸਮਰਥਕਾਂ ਵੱਲੋਂ ਵੱਡੇ ਪੱਧਰ ‘ਤੇ ਹੋਰਡਿੰਗਜ਼ ਲਗਾ ਕੇ ਵਰਕਰਾਂ ਨੂੰ ਮੀਟਿੰਗ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।

ਮੀਟਿੰਗਾਂ ਦੀ ਸਮੀਖਿਆ ਕਰਕੇ ਤਿਆਰ ਕੀਤੀ ਜਾਵੇਗੀ ਰਿਪੋਰਟ

ਮਲੇਰਕੋਟਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਕਾਂਗਰਸ ਅੰਦਰ ਜ਼ਮੀਨੀ ਪੱਧਰ ‘ਤੇ ਧੜੇਬੰਦੀ ਸਾਫ਼ ਨਜ਼ਰ ਆ ਰਹੀ ਹੈ। ਖੰਨਾ ‘ਚ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਤੋਂ ਬਾਅਦ ਭੂਪੇਸ਼ ਬਘੇਲ ਅਤੇ ਰਾਜਾ ਵੜਿੰਗ ਚੰਡੀਗੜ੍ਹ ਲਈ ਰਵਾਨਾ ਹੋਣਗੇ। ਚੰਡੀਗੜ੍ਹ ਪਹੁੰਚ ਕੇ ਦੋਵੇਂ ਆਗੂ ਰਾਤ ਨੂੰ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਨਾਲ ਅਹਿਮ ਬੈਠਕ ਕਰਨਗੇ। ਇਸ ਦੌਰਾਨ ਪਿਛਲੇ 9 ਦਿਨਾਂ ‘ਚ ਹੋਈਆਂ ਸਾਰੀਆਂ ਮੀਟਿੰਗਾਂ ਦੀ ਸਮੀਖਿਆ ਕਰਕੇ ਇੱਕ ਵਿਸਥਾਰਤ ਰਿਪੋਰਟ ਤਿਆਰ ਕੀਤੀ ਜਾਵੇਗੀ। ਇਹ ਰਿਪੋਰਟ ਅਗਲੇ ਦਿਨ ਦਿੱਲੀ ਵਿਖੇ ਪਾਰਟੀ ਦੇ ਰਾਸ਼ਟਰੀ ਸੰਗਠਨ ਮਹਾਸਚਿਵ ਕੇ.ਸੀ. ਵੇਣੂਗੋਪਾਲ ਨੂੰ ਸੌਂਪੀ ਜਾਵੇਗੀ।

ਦੂਜੇ ਗੇੜ ‘ਚ ਦੋਆਬਾ ਦੇ ਜ਼ਿਲ੍ਹਿਆਂ ‘ਚ ਹੋਣਗੀਆਂ ਮੀਟਿੰਗਾਂ

ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਇੰਚਾਰਜ ਭੂਪੇਸ਼ ਬਘੇਲ ਨੇ ਦੱਸਿਆ ਕਿ ਹਰ ਬੂਥ ਕਾਂਗਰਸ ਮਜ਼ਬੂਤ ਮੁਹਿੰਮ ਦੇ ਪਹਿਲੇ ਚਰਨ ਵਿੱਚ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਹਨ। ਖੰਨਾ ਪ੍ਰੋਗਰਾਮ ਦੇ ਨਾਲ ਹੀ ਮਾਲਵਾ ਦੇ ਸਾਰੇ ਜ਼ਿਲ੍ਹਿਆਂ ਦਾ ਪਹਿਲਾ ਗੇੜ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਿੰਮ ਦੇ ਦੂਜੇ ਗੇੜ ਵਿੱਚ ਦੋਆਬਾ ਦੇ ਜ਼ਿਲ੍ਹਿਆਂ ‘ਚ ਬੈਠਕਾਂ ਦਾ ਦੌਰ ਸ਼ੁਰੂ ਹੋਵੇਗਾ। ਨਵਾਂਸ਼ਹਿਰ ਵਿੱਚ ਇੱਕ ਪ੍ਰੋਗਰਾਮ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਜਲਦ ਹੀ ਦੋਆਬਾ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਸਮਾਗਮ ਉਲੀਕੇ ਜਾਣਗੇ।

ਹਲਕਾ ਵਾਰ ਕੀਤੀਆਂ ਜਾਣਗੀਆਂ ਮੀਟਿੰਗਾਂ

ਭੂਪੇਸ਼ ਬਘੇਲ ਨੇ ਅੱਗੇ ਸਪੱਸ਼ਟ ਕੀਤਾ ਕਿ ਫਿਲਹਾਲ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਜ਼ਿਲ੍ਹਾ ਪੱਧਰ ‘ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਦੋਆਬਾ ਅਤੇ ਮਾਝਾ ਖੇਤਰ ਦੀਆਂ ਬੈਠਕਾਂ ਮੁਕੰਮਲ ਹੋਣ ਤੋਂ ਬਾਅਦ ਰਾਜ ਦੇ ਹਰ ਇੱਕ ਵਿਧਾਨ ਸਭਾ ਹਲਕੇ ਵਿੱਚ ਇਸੇ ਤਰ੍ਹਾਂ ਵਰਕਰ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਇਸ ਵਾਰ ਇੱਕ ਨਵੀਂ ਅਤੇ ਠੋਸ ਰਣਨੀਤੀ ਨਾਲ ਪੰਜਾਬ ਵਿੱਚ ਚੋਣ ਮੈਦਾਨ ‘ਚ ਉੱਤਰੇਗੀ ਅਤੇ ਸਰਕਾਰ ਬਣਾਉਣ ਦੇ ਟੀਚੇ ਨਾਲ ਅੱਗੇ ਵਧੇਗੀ।

Loading...
Unable to load recommendations.
Follow Us