ਜਲੰਧਰ ‘ਚ ਖਿੜਕੀ ਤੋੜ ਘਰ ‘ਚ ਵੜੇ ਚੋਰ, 2 ਤੋਲੇ ਸੋਨਾ ਤੇ 40 ਹਜ਼ਾਰ ਦੀ ਨਗਦੀ ਲੈ ਹੋਏ ਫਰਾਰ
ਜਲੰਧਰ ਦੇ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਗੱਦੋਵਾਲੀ ਵਿਖੇ ਦੇਰ ਰਾਤ ਚੋਰੀ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਅਣਪਛਾਤੇ ਚੋਰ ਰਾਤ ਦੇ ਸਮੇਂ ਇੱਕ ਘਰ ਦੀ ਖਿੜਕੀ ਤੋੜ ਕੇ ਦਾਖ਼ਲ ਹੋਏ ਅਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੀੜਤ ਪਰਿਵਾਰ ਨੇ ਇਸ ਦੀ ਸ਼ਿਕਾਇਤ ਲਾਂਬੜਾ ਪੁਲਿਸ ਨੂੰ ਦਰਜ ਕਰਵਾ ਦਿੱਤੀ ਹੈ।
ਜਲੰਧਰ ਦੇ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਗੱਦੋਵਾਲੀ ਵਿਖੇ ਦੇਰ ਰਾਤ ਚੋਰੀ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਅਣਪਛਾਤੇ ਚੋਰ ਰਾਤ ਦੇ ਸਮੇਂ ਇੱਕ ਘਰ ਦੀ ਖਿੜਕੀ ਤੋੜ ਕੇ ਦਾਖ਼ਲ ਹੋਏ ਅਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੀੜਤ ਪਰਿਵਾਰ ਨੇ ਇਸ ਦੀ ਸ਼ਿਕਾਇਤ ਲਾਂਬੜਾ ਪੁਲਿਸ ਨੂੰ ਦਰਜ ਕਰਵਾ ਦਿੱਤੀ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਰਿਵਾਰ ਦੇ ਮੁਖੀ ਗੁਰਮੀਤ ਰਾਮ ਨੇ ਦੱਸਿਆ ਕਿ ਰਾਤ ਦੇ ਕਰੀਬ 2 ਵਜੇ ਜਦੋਂ ਉਹ ਵਾਸ਼ਰੂਮ ਜਾਣ ਲਈ ਉੱਠੇ ਸਨ, ਉਸ ਸਮੇਂ ਘਰ ਵਿੱਚ ਸਭ ਕੁਝ ਆਮ ਵਾਂਗ ਸੀ। ਇਸ ਤੋਂ ਬਾਅਦ ਚੋਰ ਘਰ ਦੀ ਖਿੜਕੀ ਦਾ ਕੱਚ ਤੋੜ ਕੇ ਅੰਦਰ ਦਾਖ਼ਲ ਹੋਏ। ਗੁਰਮੀਤ ਰਾਮ ਅਨੁਸਾਰ, ਵਾਰਦਾਤ ਦੇ ਸਮੇਂ ਉਹ ਨਾਲ ਲੱਗਦੇ ਕਮਰੇ ਵਿੱਚ ਹੀ ਸੁੱਤੇ ਹੋਏ ਸਨ। ਖਿੜਕੀ ਦਾ ਸ਼ੀਸ਼ਾ ਟੁੱਟਣ ਦੀ ਆਵਾਜ਼ ਵੀ ਉਨ੍ਹਾਂ ਨੂੰ ਆਈ ਸੀ, ਪਰ ਉਨ੍ਹਾਂ ਨੇ ਇਸ ਨੂੰ ਕੋਈ ਆਮ ਆਵਾਜ਼ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ, ਜੋ ਕਿ ਬਾਅਦ ਵਿੱਚ ਭਾਰੀ ਪੈ ਗਿਆ।
ਸਵੇਰੇ ਕਮਰੇ ਦਾ ਦਰਵਾਜ਼ਾ ਬਾਹਰੋਂ ਸੀ ਬੰਦ
ਗੁਰਮੀਤ ਰਾਮ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਸਵੇਰੇ ਕਰੀਬ 5 ਤੋਂ 5:15 ਵਜੇ ਦੇ ਵਿਚਕਾਰ ਉੱਠ ਜਾਂਦੇ ਹਨ। ਸ਼ਨੀਵਾਰ ਸਵੇਰੇ ਜਦੋਂ ਉਨ੍ਹਾਂ ਨੇ ਕਮਰੇ ਤੋਂ ਬਾਹਰ ਆਉਣ ਲਈ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਤਾਂ ਦਰਵਾਜ਼ਾ ਬਾਹਰੋਂ ਅੜਿਆ ਹੋਇਆ ਸੀ ਅਤੇ ਨਹੀਂ ਖੁੱਲ੍ਹਿਆ। ਇਸ ਨਾਲ ਉਨ੍ਹਾਂ ਨੂੰ ਕਿਸੇ ਅਣਹੋਣੀ ਦਾ ਸ਼ੱਕ ਹੋਇਆ। ਜਦੋਂ ਉਨ੍ਹਾਂ ਨੇ ਜ਼ੋਰ ਲਗਾ ਕੇ ਦਰਵਾਜ਼ਾ ਧੱਕਿਆ ਤਾਂ ਦੇਖਿਆ ਕਿ ਬਾਹਰ ਇੱਕ ਵੱਡਾ ਮੇਜ਼ ਰੱਖ ਕੇ ਦਰਵਾਜ਼ਾ ਬੰਦ ਕੀਤਾ ਗਿਆ ਸੀ।
ਜਦੋਂ ਉਨ੍ਹਾਂ ਨੇ ਦੂਜੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਅਲਮਾਰੀ ਖੁੱਲ੍ਹੀ ਪਈ ਸੀ, ਕੱਪੜੇ ਪੂਰੇ ਕਮਰੇ ਵਿੱਚ ਖਿੰਡਰੇ ਹੋਏ ਸਨ ਅਤੇ ਲਾਕਰ ਟੁੱਟਾ ਹੋਇਆ ਸੀ। ਸਾਮਾਨ ਦੀ ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਅਲਮਾਰੀ ‘ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਗ਼ਾਇਬ ਸਨ। ਘਰ ਦੇ ਪਿਛਲੇ ਪਾਸੇ ਖੁੱਲ੍ਹੇ ਖੇਤ ਹੋਣ ਕਾਰਨ ਚੋਰਾਂ ਨੇ ਉਸੇ ਰਸਤੇ ਦਾ ਫ਼ਾਇਦਾ ਉਠਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ।
ਛੋਟੇ ਪੁੱਤਰ ਦੇ ਵਿਆਹ ਲਈ ਜੋੜੇ ਸਨ ਨਵੇਂ ਨੋਟ
ਪੀੜਤ ਗੁਰਮੀਤ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਪੁੱਤਰ ਦਾ ਵਿਆਹ ਹੋ ਚੁੱਕਾ ਹੈ ਜਦਕਿ ਦੂਜੇ ਪੁੱਤਰ ਦਾ ਵਿਆਹ ਅਜੇ ਹੋਣਾ ਹੈ। ਛੋਟੇ ਪੁੱਤਰ ਦੇ ਵਿਆਹ ਦੇ ਖ਼ਰਚੇ ਲਈ ਉਨ੍ਹਾਂ ਨੇ ਪਹਿਲਾਂ ਤੋਂ ਹੀ 100, 50, 20 ਅਤੇ 10 ਰੁਪਏ ਦੇ ਕੋਰੇ (ਨਵੇਂ) ਨੋਟਾਂ ਦੀਆਂ ਗੁੱਛੀਆਂ ਦੇ ਰੂਪ ਵਿੱਚ 40 ਹਜ਼ਾਰ ਰੁਪਏ ਦੀ ਨਕਦੀ ਜੋੜ ਕੇ ਰੱਖੀ ਹੋਈ ਸੀ। ਚੋਰ ਇਹ 40 ਹਜ਼ਾਰ ਰੁਪਏ ਦੀ ਨਕਦੀ ਅਤੇ ਕਰੀਬ 2 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਚੋਰੀ ਹੋਏ ਗਹਿਣਿਆਂ ਵਿੱਚ ਸੋਨੇ ਦੀ ਚੇਨੀ, ਅੰਗੂਠੀਆਂ ਅਤੇ ਟੌਪਸ ਸ਼ਾਮਲ ਹਨ।
ਇਹ ਵੀ ਪੜ੍ਹੋ
ਨੰਗੇ ਪੈਰੀਂ ਆਏ ਸਨ ਚੋਰ, ਪੁਲਿਸ ਤੋਂ ਗੁਹਾਰ
ਘਟਨਾ ਸਥਾਨ ਦੀ ਜਾਂਚ ਕਰਨ ‘ਤੇ ਪਤਾ ਲੱਗਾ ਹੈ ਕਿ ਖੇਤਾਂ ਦੀ ਗਿੱਲੀ ਮਿੱਟੀ ‘ਤੇ ਚੋਰਾਂ ਦੇ ਨੰਗੇ ਪੈਰਾਂ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਹਨ। ਕਈ ਥਾਵਾਂ ‘ਤੇ ਚੋਰਾਂ ਦੇ ਫਿਸਲਣ ਦੇ ਵੀ ਨਿਸ਼ਾਨ ਮਿਲੇ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਆਪਣੇ ਪੱਧਰ ‘ਤੇ ਵੀ ਚੋਰਾਂ ਦੀ ਭਾਲ ਲਈ ਆਸ-ਪਾਸ ਦੇ ਘਰਾਂ ਵਿੱਚ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਚੈੱਕ ਕਰਵਾ ਰਹੇ ਹਨ।
ਪੀੜਤ ਪਰਿਵਾਰ ਨੇ ਥਾਣਾ ਲਾਂਬੜਾ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਗੁਹਾਰ ਲਗਾਈ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਟਰੇਸ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਚੋਰੀ ਕੀਤਾ ਗਿਆ ਸੋਨਾ ਵਾਪਸ ਦਿਵਾਇਆ ਜਾਵੇ।
