ਹਲਵਾਰਾ ਏਅਰਪੋਰਟ ‘ਤੇ ਟੇਕ-ਆਫ਼ ਤੋਂ ਪਹਿਲਾਂ ਜਹਾਜ਼ ‘ਚੋਂ ਆਈ ਤੇਜ਼ ਆਵਾਜ਼, 4 ਘੰਟੇ ਲੇਟ ਹੋਈ ਏਅਰ ਇੰਡੀਆ ਦੀ ਫਲਾਈਟ

Published: 

08 Aug 2026 11:30 AM IST

ਲੁਧਿਆਣਾ ਦੇ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ (AI-484) ਉਡਾਣ ਭਰਨ ਤੋਂ ਠੀਕ ਪਹਿਲਾਂ ਵੱਡੀ ਮੁਸੀਬਤ ਵਿੱਚ ਫੱਸ ਗਈ। ਜਹਾਜ਼ ਰਨਵੇ ਵੱਲ ਵਧ ਹੀ ਰਿਹਾ ਸੀ ਕਿ ਅਚਾਨਕ ਉਸ ਵਿੱਚੋਂ ਇੱਕ ਬੇਹੱਦ ਤੇਜ਼ ਆਵਾਜ਼ ਸੁਣਾਈ ਦਿੱਤੀ।

ਹਲਵਾਰਾ ਏਅਰਪੋਰਟ ਤੇ ਟੇਕ-ਆਫ਼ ਤੋਂ ਪਹਿਲਾਂ ਜਹਾਜ਼ ਚੋਂ ਆਈ ਤੇਜ਼ ਆਵਾਜ਼, 4 ਘੰਟੇ ਲੇਟ ਹੋਈ ਏਅਰ ਇੰਡੀਆ ਦੀ ਫਲਾਈਟ

ਸੰਕੇਤਕ ਤਸਵੀਰ

ਲੁਧਿਆਣਾ ਦੇ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ (AI-484) ਉਡਾਣ ਭਰਨ ਤੋਂ ਠੀਕ ਪਹਿਲਾਂ ਵੱਡੀ ਮੁਸੀਬਤ ਵਿੱਚ ਫੱਸ ਗਈ। ਜਹਾਜ਼ ਰਨਵੇ ਵੱਲ ਵਧ ਹੀ ਰਿਹਾ ਸੀ ਕਿ ਅਚਾਨਕ ਉਸ ਵਿੱਚੋਂ ਇੱਕ ਬੇਹੱਦ ਤੇਜ਼ ਆਵਾਜ਼ ਸੁਣਾਈ ਦਿੱਤੀ। ਆਵਾਜ਼ ਸੁਣਦਿਆਂ ਹੀ ਪਾਇਲਟ ਨੇ ਸੂਝ-ਬੂਝ ਦਿਖਾਉਂਦੇ ਹੋਏ ਜਹਾਜ਼ ਨੂੰ ਅੱਗੇ ਲੈ ਜਾਣ ਦੀ ਬਜਾਏ ਤੁਰੰਤ ਵਾਪਸ ਏਪ੍ਰਨ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ।

ਤਕਨੀਕੀ ਖ਼ਰਾਬੀ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਨਿਯਮਾਂ ਤਹਿਤ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਹੇਠਾਂ ਉਤਾਰਿਆ ਗਿਆ ਅਤੇ ਬੱਸਾਂ ਰਾਹੀਂ ਸੁਰੱਖਿਅਤ ਟਰਮੀਨਲ ਬਿਲਡਿੰਗ ਤੱਕ ਪਹੁੰਚਾਇਆ ਗਿਆ। ਇਸ ਤੋਂ ਬਾਅਦ ਤਕਨੀਕੀ ਟੀਮ ਵੱਲੋਂ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਫਲਾਈਟ ਨੂੰ ਕਰੀਬ 4 ਘੰਟੇ ਦੀ ਦੇਰੀ ਨਾਲ ਦਿੱਲੀ ਲਈ ਰਵਾਨਾ ਕੀਤਾ ਗਿਆ।

ਯਾਤਰੀ ਹੋਏ ਖ਼ਾਸਾ ਪਰੇਸ਼ਾਨ

ਇਸ ਘਟਨਾ ਕਾਰਨ ਯਾਤਰੀਆਂ ਨੂੰ ਏਅਰਪੋਰਟ ‘ਤੇ ਖ਼ਾਸਾ ਪਰੇਸ਼ਾਨ ਹੋਣਾ ਪਿਆ ਅਤੇ ਲੰਬਾ ਇੰਤਜ਼ਾਰ ਕਰਨਾ ਪਿਆ। ਹਾਲਾਂਕਿ, ਏਅਰ ਇੰਡੀਆ ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੇ ਤਕਨੀਕੀ ਖ਼ਰਾਬੀ ਅਤੇ ਜਹਾਜ਼ ‘ਚੋਂ ਆਈ ਤੇਜ਼ ਆਵਾਜ਼ ਦੇ ਅਸਲ ਕਾਰਨਾਂ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਹਲਵਾਰਾ ਤੋਂ ਏਅਰ ਇੰਡੀਆ ਦੀ ਉਡਾਣ ਪ੍ਰਭਾਵਿਤ ਹੋਈ ਹੋਵੇ। ਕੁਝ ਦਿਨ ਪਹਿਲਾਂ ਵੀ ਦਿੱਲੀ ਤੋਂ ਹਲਵਾਰਾ ਆ ਰਹੀ ਫਲਾਈਟ ਨੂੰ 10 ਹਜ਼ਾਰ ਫੁੱਟ ਦੀ ਉੱਚਾਈ ਤੋਂ ਇਤਿਆਤ ਵਜੋਂ ਵਾਪਸ ਦਿੱਲੀ ਲੈਂਡ ਕਰਵਾਉਣਾ ਪਿਆ ਸੀ। ਉਸ ਦਿਨ ਵੀ ਖ਼ਰਾਬ ਮੌਸਮ ਕਾਰਨ ਜਹਾਜ਼ ਨੂੰ ਲੈਂਡਿੰਗ ਤੋਂ ਪਹਿਲਾਂ ਹਵਾ ਵਿੱਚ ਦੋ ਗੇੜੇ ਲਗਾਉਣੇ ਪਏ ਸਨ।

ਪ੍ਰਤੱਖਦਰਸ਼ੀਆਂ ਨੇ ਕੀ ਦੇਖਿਆ?

ਇੰਜਣ ਦੇ ਪਾਸਿਓਂ ਆਈ ਤੇਜ਼ ਆਵਾਜ਼: ਪ੍ਰਤੱਖਦਰਸ਼ੀ ਅਮਨਦੀਪ ਸਿੰਘ ਅਨੁਸਾਰ, ਸ਼ੁੱਕਰਵਾਰ (7 ਅਗਸਤ) ਦੁਪਹਿਰ 2:40 ਵਜੇ ਦਿੱਲੀ ਜਾਣ ਵਾਲੀ ਇਹ ਫਲਾਈਟ ਯਾਤਰੀਆਂ ਨੂੰ ਲੈ ਕੇ ਏਪ੍ਰਨ ਤੋਂ ਰਨਵੇ ਵੱਲ ਵਧ ਰਹੀ ਸੀ। ਉਦੋਂ ਹੀ ਜਹਾਜ਼ ਦੇ ਅਗਲੇ ਹਿੱਸੇ ਵੱਲੋਂ ਇੱਕ ਜ਼ੋਰਦਾਰ ਆਵਾਜ਼ ਆਈ। ਆਵਾਜ਼ ਆਉਂਦੇ ਹੀ ਉਡਾਣ ਤੁਰੰਤ ਰੋਕ ਦਿੱਤੀ ਗਈ ਅਤੇ ਜਹਾਜ਼ ਨੂੰ ਵਾਪਸ ਏਪ੍ਰਨ ‘ਤੇ ਲਿਆਂਦਾ ਗਿਆ।

ਤਕਨੀਕੀ ਨੁਕਸ ਅਤੇ ਦਿੱਲੀ ‘ਚ ਖ਼ਰਾਬ ਮੌਸਮ ਬਣਿਆ ਕਾਰਨ: ਯਾਤਰੀਆਂ ਨੂੰ ਹਵਾਈ ਅੱਡੇ ਦੇ ਅਮਲੇ ਨੇ ਦੱਸਿਆ ਕਿ ਫਲਾਈਟ ਵਿੱਚ ਤਕਨੀਕੀ ਗੜਬੜੀ ਆ ਗਈ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਹੋ ਰਹੀ ਭਾਰੀ ਬਾਰਿਸ਼ ਅਤੇ ਖ਼ਰਾਬ ਮੌਸਮ ਕਾਰਨ ਵੀ ਉਡਾਣ ਦੇ ਸੰਚਾਲਨ ਨੂੰ ਰੋਕਣ ਦੀ ਸਲਾਹ ਦਿੱਤੀ ਗਈ ਸੀ। ਇਹਨਾਂ ਦੋਵਾਂ ਮੁੱਖ ਕਾਰਨਾਂ ਕਰਕੇ ਟੇਕ-ਆਫ਼ ਨੂੰ ਮੁਲਤਵੀ ਕਰਨਾ ਪਿਆ।

30 ਯਾਤਰੀਆਂ ਨੇ ਰੱਦ ਕੀਤੀ ਆਪਣੀ ਯਾਤਰਾ: ਦੁਪਹਿਰ ਦੀ ਇਸ ਉਡਾਣ ਵਿੱਚ ਕੁੱਲ 50 ਯਾਤਰੀ ਸਵਾਰ ਸਨ। ਜਦੋਂ ਯਾਤਰੀਆਂ ਨੂੰ 4 ਘੰਟੇ ਦੀ ਦੇਰੀ ਬਾਰੇ ਪਤਾ ਲੱਗਿਆ ਤਾਂ 30 ਯਾਤਰੀਆਂ ਨੇ ਆਪਣੀ ਯਾਤਰਾ ਰੱਦ ਕਰ ਦਿੱਤੀ ਅਤੇ ਵਾਪਸ ਘਰਾਂ ਨੂੰ ਪਰਤ ਗਏ। ਦੂਜੇ ਪਾਸੇ, 20 ਯਾਤਰੀ ਏਅਰਪੋਰਟ ‘ਤੇ ਹੀ ਇੰਤਜ਼ਾਰ ਕਰਦੇ ਰਹੇ ਅਤੇ ਸ਼ਾਮ 7 ਵਜੇ ਜਹਾਜ਼ ਦਿੱਲੀ ਲਈ ਰਵਾਨਾ ਹੋ ਸਕਿਆ।

Loading...
Unable to load recommendations.
Follow Us