ਰਾਤ 11 ਵਜੇ PMO ਤੋਂ ਆਇਆ ਫ਼ੋਨ ਤੇ ਸਵੇਰੇ ਦਿੱਲੀ ਪਹੁੰਚੇ ਸੁਖਬੀਰ, ਜਾਣੋ ਹਰਿਆਣਾ CM ਹਾਊਸ ‘ਚ ਹੋਈ ਮੀਟਿੰਗ ਦਾ ਪੂਰਾ ਸੱਚ

Updated On: 

08 Aug 2026 14:58 PM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਾਲੇ ਹੋਈ ਅਹਿਮ ਮੀਟਿੰਗ ਦੇ ਮੁੱਖ ਸੂਤਰਧਾਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਣੇ ਹਨ। ਪੀ.ਐੱਮ. ਮੋਦੀ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਸੁਖਬੀਰ ਬਾਦਲ ਦੀ ਹਰਿਆਣਾ ਦੇ ਸੀ.ਐੱਮ. ਨਾਇਬ ਸੈਣੀ ਨਾਲ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 'ਸੰਤ ਕਬੀਰ ਕੁਟੀਰ' ਵਿਖੇ ਇੱਕ ਮਹੱਤਵਪੂਰਨ ਬੈਠਕ ਹੋਈ ਸੀ।

ਰਾਤ 11 ਵਜੇ PMO ਤੋਂ ਆਇਆ ਫ਼ੋਨ ਤੇ ਸਵੇਰੇ ਦਿੱਲੀ ਪਹੁੰਚੇ ਸੁਖਬੀਰ, ਜਾਣੋ ਹਰਿਆਣਾ CM ਹਾਊਸ ਚ ਹੋਈ ਮੀਟਿੰਗ ਦਾ ਪੂਰਾ ਸੱਚ

Ai Genrated Image

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਾਲੇ ਹੋਈ ਅਹਿਮ ਮੀਟਿੰਗ ਦੇ ਮੁੱਖ ਸੂਤਰਧਾਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਣੇ ਹਨ। ਪੀ.ਐੱਮ. ਮੋਦੀ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਸੁਖਬੀਰ ਬਾਦਲ ਦੀ ਹਰਿਆਣਾ ਦੇ ਸੀ.ਐੱਮ. ਨਾਇਬ ਸੈਣੀ ਨਾਲ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ‘ਸੰਤ ਕਬੀਰ ਕੁਟੀਰ’ ਵਿਖੇ ਇੱਕ ਮਹੱਤਵਪੂਰਨ ਬੈਠਕ ਹੋਈ ਸੀ।

ਸੂਤਰਾਂ ਅਨੁਸਾਰ, ਇਸ ਬੈਠਕ ਵਿੱਚ ਸੁਖਬੀਰ ਬਾਦਲ ਅਤੇ ਸੀ.ਐੱਮ. ਨਾਇਬ ਸੈਣੀ ਵਿਚਾਲੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ, ਲੋਕ ਸਭਾ ਵਿੱਚ ਹੱਦਬੰਦੀ ਅਤੇ ਮਹਿਲਾ ਰਾਖਵਾਂਕਰਨ ਬਿੱਲ ‘ਤੇ ਸਮਰਥਨ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਹੋਈ। ਦਰਅਸਲ, ਭਾਰਤੀ ਜਨਤਾ ਪਾਰਟੀ ਲੋਕ ਸਭਾ ਵਿੱਚ ਹੱਦਬੰਦੀ ਅਤੇ ਮਹਿਲਾ ਰਾਖਵਾਂਕਰਨ ਬਿੱਲ ‘ਤੇ ਅਕਾਲੀ ਦਲ ਦਾ ਸਮਰਥਨ ਚਾਹੁੰਦੀ ਹੈ, ਜਦਕਿ ਅਕਾਲੀ ਦਲ ਨੂੰ ਪੰਜਾਬ ਦੀ ਸਿਆਸਤ ਵਿੱਚ ਮੁੜ ਮਜ਼ਬੂਤੀ ਨਾਲ ਵਾਪਸੀ ਕਰਨ ਲਈ ਇਸ ਸਮੇਂ ਭਾਜਪਾ ਦੇ ਸਾਥ ਦੀ ਲੋੜ ਮਹਿਸੂਸ ਹੋ ਰਹੀ ਹੈ।

ਇਸੇ ਖ਼ੁਫ਼ੀਆ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀ ਪੂਰੀ ਰੂਪ-ਰੇਖਾ ਤਿਆਰ ਕੀਤੀ ਗਈ। ਪ੍ਰਧਾਨ ਮੰਤਰੀ ਦਫ਼ਤਰ (PMO) ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਮੋਦੀ ਨਾਲ ਸੁਖਬੀਰ ਬਾਦਲ ਦੀ ਮੀਟਿੰਗ ਤੈਅ ਕਰਵਾਈ ਗਈ। ਇਸ ਤੋਂ ਬਾਅਦ ਵੀਰਵਾਰ ਰਾਤ 11 ਵਜੇ ਸੁਖਬੀਰ ਬਾਦਲ ਨੂੰ PMO ਤੋਂ ਫ਼ੋਨ ਆਇਆ ਅਤੇ ਉਹ ਤੁਰੰਤ ਦਿੱਲੀ ਲਈ ਰਵਾਨਾ ਹੋ ਗਏ।

ਸੁਖਬੀਰ ਬਾਦਲ ਨੂੰ ਸਰਵੇਖਣ ਵਿੱਚ ਕੀ ਮਿਲੀ ਸੱਚਾਈ?

ਅਕਾਲੀ ਦਲ ਵੱਲੋਂ ਕਰਵਾਇਆ ਗਿਆ ਸਰਵੇ: ਅਕਾਲੀ ਦਲ ਨਾਲ ਜੁੜੇ ਸੂਤਰਾਂ ਅਨੁਸਾਰ, ਸੁਖਬੀਰ ਬਾਦਲ ਨੇ ਹਰ ਵਿਧਾਨ ਸਭਾ ਹਲਕੇ ਵਿੱਚ ‘ਪੰਜਾਬ ਬਚਾਓ ਰੈਲੀਆਂ’ ਕੀਤੀਆਂ ਸਨ। ਇਸੇ ਦੌਰਾਨ ਸੁਖਬੀਰ ਬਾਦਲ ਨੇ ਪਾਰਟੀ ਵਰਕਰਾਂ ਦੇ ਵਿਚਕਾਰ ਇੱਕ ਗੁਪਤ ਸਰਵੇ ਕਰਵਾਇਆ। ਇਸ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜੇਕਰ ਭਾਜਪਾ ਨਾਲ ਸਮਝੌਤਾ ਹੁੰਦਾ ਹੈ, ਤਾਂ ਹੀ ਸਰਕਾਰ ‘ਚ ਵਾਪਸੀ ਸੰਭਵ ਹੋ ਸਕਦੀ ਹੈ, ਜਦਕਿ ਇਕੱਲਿਆਂ ਚੋਣ ਜਿੱਤਣਾ ਕਾਫ਼ੀ ਮੁਸ਼ਕਿਲ ਹੈ।

ਖਿਸਕਦਾ ਜਾ ਰਿਹਾ ਹੈ ਪੰਥਕ ਵੋਟ ਬੈਂਕ: ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਆਧਾਰ ਜਿਸ ਤੇਜ਼ੀ ਨਾਲ ਦਿਹਾਤੀ ਅਤੇ ਪੰਥਕ ਖੇਤਰਾਂ ਵਿੱਚ ਲਗਾਤਾਰ ਵਧ ਰਹਾ ਹੈ, ਉਸੇ ਤੇਜ਼ੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ਼ ਡਿੱਗ ਰਿਹਾ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਵੀ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਅਹਿਸਾਸ ਹੋ ਗਿਆ ਕਿ ਉਨ੍ਹਾਂ ਦਾ ਪੰਥਕ ਵੋਟਰ ਮੁੜ ਤੋਂ ਉਨ੍ਹਾਂ ਤੋਂ ਦੂਰੀ ਬਣਾ ਰਿਹਾ ਹੈ। ਪੰਥਕ ਵੋਟਾਂ ਦੂਰ ਹੋਣ ਨਾਲ ਸਰਕਾਰ ਬਣਾਉਣਾ ਤਾਂ ਦੂਰ, ਚੋਣ ਜਿੱਤਣਾ ਵੀ ਔਖਾ ਹੋ ਸਕਦਾ ਹੈ।

ਵਰਕਰਾਂ ਦੀ ਮੰਗ – ਹੋਵੇ ਗਠਜੋੜ: ਸੂਤਰਾਂ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਅਕਾਲੀ ਦਲ ਨੇ ਭਾਜਪਾ ਦੇ ਵਰਕਰਾਂ ਤੋਂ ਵੀ ਫ਼ੀਡਬੈਕ ਲੈਣ ਦੀ ਯੋਜਨਾ ਬਣਾਈ। ਸੁਖਬੀਰ ਬਾਦਲ ਦੇ ਕਰੀਬੀ ਆਗੂਆਂ ਨੇ ਹੇਠਲੇ ਪੱਧਰ ਦੇ ਵਰਕਰਾਂ ਰਾਹੀਂ ਭਾਜਪਾ ਕਾਰਕੁੰਨਾਂ ਤੋਂ ਵੀ ਜ਼ਮੀਨੀ ਹਕੀਕਤ ਜਾਣੀ। ਸਾਹਮਣੇ ਆਇਆ ਕਿ ਭਾਜਪਾ ਵਰਕਰ ਵੀ ਚਾਹੁੰਦੇ ਹਨ ਕਿ ਗਠਜੋੜ ਹੋਵੇ ਤਾਂ ਜੋ ਦੋਵਾਂ ਪਾਰਟੀਆਂ ਦਾ ਵੋਟ ਬੈਂਕ ਇਕੱਠਾ ਹੋ ਕੇ ਆਪਣੇ ਉਮੀਦਵਾਰਾਂ ਨੂੰ ਜਿਤਾ ਸਕੇ।

ਸੀ.ਐੱਮ. ਸੈਣੀ ਨਾਲ ਗੁਪਤ ਬੈਠਕ ‘ਚ ਕੀ ਹੋਇਆ?

ਅਕਾਲੀ ਆਗੂਆਂ ਦੀ ਸੀ.ਐੱਮ. ਨਾਲ ਮੁਲਾਕਾਤ: ਪੰਜਾਬ ਵਿੱਚ 2027 ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੇ ਕੁਝ ਸੀਨੀਅਰ ਆਗੂ ਹਰਿਆਣਾ ਦੇ ਸੀ.ਐੱਮ. ਨਾਇਬ ਸੈਣੀ ਨੂੰ ਮਿਲੇ ਸਨ। ਉਨ੍ਹਾਂ ਦੀ ਸੈਣੀ ਨਾਲ ਗਠਜੋੜ ਨੂੰ ਲੈ ਕੇ ਗੱਲਬਾਤ ਹੋਈ ਸੀ, ਜਿਸ ਤੋਂ ਬਾਅਦ ਸੀ.ਐੱਮ. ਸੈਣੀ ਨੇ ਪਾਰਟੀ ਹਾਈਕਮਾਨ ਨਾਲ ਗੱਲ ਕੀਤੀ। ਸੂਤਰਾਂ ਅਨੁਸਾਰ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਤੋਂ ਸੀ.ਐੱਮ. ਸੈਣੀ ਨੂੰ ਅੱਗੇ ਗੱਲਬਾਤ ਚਲਾਉਣ ਦੀ ਹਰੀ ਝੰਡੀ ਮਿਲੀ ਸੀ।

ਸੁਖਬੀਰ-ਭੂੰਦੜ ਤੇ ਚੀਮਾ ਨੇ ਕੀਤੀ ਮੀਟਿੰਗ: ਇਸ ਤੋਂ ਬਾਅਦ ਚੰਡੀਗੜ੍ਹ ਵਿਖੇ ਸੀ.ਐੱਮ. ਸੈਣੀ ਦੀ ਰਿਹਾਇਸ਼ ‘ਤੇ ਸੁਖਬੀਰ ਬਾਦਲ, ਬਲਵਿੰਦਰ ਸਿੰਘ ਭੂੰਦੜ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਉਨ੍ਹਾਂ ਨਾਲ ਅਹਿਮ ਬੈਠਕ ਕੀਤੀ। ਕਰੀਬ ਦੋ ਘੰਟੇ ਚੱਲੀ ਇਸ ਮੀਟਿੰਗ ਵਿੱਚ ਗਠਜੋੜ, ਮਹਿਲਾ ਰਾਖਵਾਂਕਰਨ ਅਤੇ ਹੱਦਬੰਦੀ ਬਿੱਲ ਤੋਂ ਲੈ ਕੇ ਹੋਰ ਕਈ ਮੁੱਦਿਆਂ ‘ਤੇ ਚਰਚਾ ਹੋਈ। ਇਸੇ ਬੈਠਕ ‘ਚ ਤੈਅ ਹੋਇਆ ਕਿ ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਵਾਈ ਜਾਵੇਗੀ।

ਬੰਦੀ ਸਿੰਘਾਂ ਦੀ ਰਿਹਾਈ ‘ਤੇ ਵੀ ਚਰਚਾ: ਸੂਤਰਾਂ ਮੁਤਾਬਕ ਅਕਾਲੀ ਦਲ ਨੇ ਨਾਇਬ ਸੈਣੀ ਨਾਲ ਹੋਈ ਮੀਟਿੰਗ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਚੁੱਕਿਆ। ਇਸ ‘ਤੇ ਸੀ.ਐੱਮ. ਸੈਣੀ ਨੇ ਕਿਹਾ ਕਿ ਇਸ ਗੰਭੀਰ ਮੁੱਦੇ ‘ਤੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।

ਰਾਤ ਨੂੰ PMO ਤੋਂ ਫ਼ੋਨ, ਸਵੇਰੇ ਸੁਖਬੀਰ ਦਿੱਲੀ ਪੁੱਜੇ

ਵੀਰਵਾਰ ਰਾਤ 11 ਵਜੇ PMO ਤੋਂ ਆਇਆ ਫ਼ੋਨ: ਅਕਾਲੀ ਦਲ ਨਾਲ ਜੁੜੇ ਉੱਚ ਸੂਤਰਾਂ ਅਨੁਸਾਰ, ਇਸ ਤੋਂ ਬਾਅਦ ਹਰਿਆਣਾ ਦੇ ਸੀ.ਐੱਮ. ਸੈਣੀ ਨੇ ਪੀ.ਐੱਮ. ਮੋਦੀ ਤੋਂ ਸੁਖਬੀਰ ਦੀ ਮੁਲਾਕਾਤ ਲਈ ਸਮਾਂ ਮੰਗਿਆ। ਦੂਜੇ ਪਾਸੇ ਸੁਖਬੀਰ ਬਾਦਲ ਨੇ ਵੀ ਸੈਣੀ ਨਾਲ ਮੀਟਿੰਗ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਗੁਪਤ ਬੈਠਕ ਕਰਕੇ ਇਸ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਵੀਰਵਾਰ ਰਾਤ ਕਰੀਬ 11 ਵਜੇ PMO ਤੋਂ ਸੁਖਬੀਰ ਬਾਦਲ ਨੂੰ ਫ਼ੋਨ ਆਇਆ ਅਤੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਾਲ ਮੀਟਿੰਗ ਲਈ ਦਿੱਲੀ ਬੁਲਾਇਆ ਗਿਆ।

ਸ਼ੁੱਕਰਵਾਰ ਨੂੰ ਦਿੱਲੀ ‘ਚ ਹੋਈ ਮੀਟਿੰਗ: ਸੁਖਬੀਰ ਬਾਦਲ ਦੀ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕੀ ਚਰਚਾ ਹੋਈ, ਇਸ ਬਾਰੇ ਅਜੇ ਅਕਾਲੀ ਦਲ ਦਾ ਕੋਈ ਵੀ ਆਗੂ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹੈ। ਅਕਾਲੀ ਦਲ ਅਤੇ ਭਾਜਪਾ ਦੇ ਸੀਨੀਅਰ ਆਗੂ ਵੀ ਇਸ ਬਾਰੇ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੀਟਿੰਗ ‘ਚ ਕੀ ਗੱਲਬਾਤ ਹੋਈ, ਇਸ ਬਾਰੇ ਸੁਖਬੀਰ ਬਾਦਲ ਆਪ ਹੀ ਸਪੱਸ਼ਟ ਕਰਨਗੇ।

ਚੀਮਾ ਕੀ ਬੋਲੇ?

ਇਸ ਪੂਰੇ ਮਾਮਲੇ ‘ਤੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਮੁੱਖ ਮੰਤਰੀ ਨਾਇਬ ਸੈਣੀ ਨਾਲ ਮੁਲਾਕਾਤ ਜ਼ਰੂਰ ਹੋਈ ਹੈ, ਪਰ ਉਸ ਮੁਲਾਕਾਤ ‘ਚ ਕੀ ਗੱਲਬਾਤ ਹੋਈ, ਉਸ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ। ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਵਿੱਚ ਕੀ ਚਰਚਾ ਹੋਈ, ਇਹ ਤਾਂ ਹੀ ਪਤਾ ਲੱਗੇਗਾ ਜਦੋਂ ਸੁਖਬੀਰ ਬਾਦਲ ਵਾਪਸ ਆਉਣਗੇ ਅਤੇ ਪਾਰਟੀ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨਗੇ।

ਉਨ੍ਹਾਂ ਅੱਗੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਸਿਰਫ਼ ਗਠਜੋੜ ਲਈ ਹੀ ਹੋਈ ਹੋਵੇ। ਪਾਰਟੀ ਜੋ ਵੀ ਫ਼ੈਸਲਾ ਲਵੇਗੀ, ਉਸ ਵਿੱਚ ਸਾਰੇ ਨੇਤਾਵਾਂ ਦੀ ਰਾਏ ਲਈ ਜਾਵੇਗੀ। ਭਾਜਪਾ ਨਾਲ ਅਕਾਲੀ ਦਲ ਨੇ 10 ਸਾਲ ਸਰਕਾਰ ਚਲਾਈ ਹੈ, ਇਸ ਲਈ ਭਾਜਪਾ ਆਗੂਆਂ ਨਾਲ ਸਬੰਧ ਹੋਣਾ ਸੁਭਾਵਿਕ ਹੈ।

ਭਾਜਪਾ ਆਗੂ ਬੋਲੇ- ਸਾਨੂੰ ਕੁਝ ਨਹੀਂ ਕਹਿਣਾ

ਪੰਜਾਬ ਵਿੱਚ ਭਾਜਪਾ ਆਗੂਆਂ ਦਾ ਪੱਖ ਜਾਣਨ ਲਈ ਜਦੋਂ ਕਈ ਸੀਨੀਅਰ ਨੇਤਾਵਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਨੇ ਪੰਜਾਬ ਭਾਜਪਾ ਦੇ ਆਗੂਆਂ ਨੂੰ ਸਾਫ਼ ਨਿਰਦੇਸ਼ ਦਿੱਤੇ ਹਨ ਕਿ ਅਕਾਲੀ ਦਲ ਨਾਲ ਗਠਜੋੜ ਹੋਵੇਗਾ ਜਾਂ ਨਹੀਂ, ਇਸ ਬਾਰੇ ਅਜੇ ਕੋਈ ਬਿਆਨਬਾਜ਼ੀ ਨਾ ਕੀਤੀ ਜਾਵੇ। ਆਗੂਆਂ ਦਾ ਮੰਨਣਾ ਹੈ ਕਿ ਭਾਜਪਾ ਗਠਜੋੜ ਦੀ ਗੱਲ ਕਰਕੇ ਬੈਕਫੁੱਟ ‘ਤੇ ਨਹੀਂ ਆਉਣਾ ਚਾਹੁੰਦੀ। ਭਾਜਪਾ ਇਸ ਵਾਰ ਬਰਾਬਰ ਦੀ ਹਿੱਸੇਦਾਰੀ’ਤੇ ਸਮਝੌਤਾ ਕਰਨ ਦਾ ਦਬਾਅ ਬਣਾ ਰਹੀ ਹੈ, ਜਿਸ ਲਈ ਸ਼੍ਰੋਮਣੀ ਅਕਾਲੀ ਦਲ ਦੀਆਂ ਕੁਝ ਮੰਗਾਂ ਨੂੰ ਮੰਨਿਆ ਵੀ ਜਾ ਸਕਦਾ ਹੈ।

Loading...
Unable to load recommendations.
Follow Us