ਨਵਜੋਤ ਸਿੱਧੂ ਨੇ ਕੀਤੀ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ, CM ਮਾਨ ਨੇ ਸਾਧਿਆ ਨਿਸ਼ਾਨਾ
Navjot Singh Sidhu Meets Priyanka Gandhi: ਇਹ ਮੁਲਾਕਾਤ ਇਸ ਲਈ ਵੀ ਖਾਸ ਰਹੀ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ। ਉਹ ਫੀਲਡ 'ਚ ਐਕਟਿਵ ਹੋ ਚੁੱਕੀ ਹੈ। ਪੰਜਾਬ 'ਚ 2027 ਵਿਧਾਨ ਸਭਾ ਚੋਣ ਹੋਣੀਆਂ ਹਨ।
ਪੰਜਾਬ ਦੇ ਸਾਬਕਾ ਕ੍ਰਿਕਟਰ ਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ‘ਚ ਹਲਚਲ ਮਚਾ ਦਿੱਤੀ ਹੈ। ਸਿੱਧੂ ਨੇ ਅਚਾਨਕ ਦਿੱਲੀ ‘ਚ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਬਾਅਦ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਫੋਟੋ ਪੋਸਟ ਕਰਦੇ ਹੋਏ ਲਿਖਿਆ ਹੈ। ਮੈਂ ਆਪਣੇ ਮਾਰਗ ਦਰਸ਼ਕ, ਲਾਈਟ ਹਾਊਸ, ਗਾਈਡਿੰਗ ਏਂਜਲ ਨਾਲ ਮੁਲਾਕਾਤ ਕੀਤੀ। ਮੈਂ ਉਨ੍ਹਾਂ ਦਾ ਧੰਨਵਾਦੀ ਹੈ ਤੇ ਭਾਈ ਦਾ ਧੰਨਵਾਦੀ ਹਾਂ ਉਹ ਮੇਰੇ ਨਾਲ ਮੁਸ਼ਕਿਲ ਸਮੇਂ ਦੌਰਾਨ ਖੜ੍ਹੇ ਰਹੇ। ਇਹ ਮੁਲਾਕਾਤ ਇਸ ਲਈ ਵੀ ਖਾਸ ਰਹੀ, ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ। ਉਹ ਫੀਲਡ ‘ਚ ਐਕਟਿਵ ਹੋ ਚੁੱਕੀ ਹੈ। ਪੰਜਾਬ ‘ਚ 2027 ਵਿਧਾਨ ਸਭਾ ਚੋਣ ਹੋਣੀਆਂ ਹਨ।
ਸੀਐਮ ਮਾਨ ਨੇ ਸਾਧਿਆ ਨਿਸ਼ਾਨਾ
ਸਿੱਧੂ ਦੀ ਇਸ ਮੁਲਾਕਾਤ ‘ਤੇ ਸੀਐਮ ਭਗਵੰਤ ਮਾਨ ਨੇ ਤੰਜ ਕੱਸਿਆ ਹੈ। ਉਨ੍ਹਾਂ ਨੇ ਕਿਹਾ- ਸਿੱਧੂ ਕਿੰਨੀ ਵਾਰ ਰਾਜਨੀਤੀ ‘ਚ ਆ ਗਏ ਤੇ ਕਿੰਨੀ ਵਾਰ ਛੱਡ ਗਏ। ਨਾ ਮੈਂ ਪ੍ਰਿਅੰਕਾ ਗਾਂਧੀ ਦੀ ਅਪਾਇਂਟਮੈਂਟ ਲੈ ਕੇ ਦਿੰਦਾ ਹਾਂ, ਨਾ ਮੈਨੂੰ ਪੁੱਛ ਕੇ ਮਿਲਦੇ ਹਨ। ਕਦੇ ਉਹ ਕਹਿੰਦੇ ਹਨ ਸ਼ੋਅ ‘ਚ ਜਾਣਾ ਹੈ, ਕਦੇ ਪੰਜਾਬ ਦੇ ਏਜੰਡੇ ਦੀ ਫਾਈਲ ਤੋਂ ਧੂੜ ਹਟਾਉਣ ਲੱਗਦੇ ਹਨ। ਨਵਜੋਤ ਸਿੱਧੂ ਨੂੰ ਆਲ ਦ ਬੈਸਟ। ਸਿੱਧੂ ਦੀ ਇਸ ਮੁਲਾਕਾਤ ਤੋਂ ਬਾਅਦ ਪੰਜਾਬ ਕਾਂਗਰਸ ‘ਚ ਵੀ ਹਲਚਲ ਮਚੀ ਹੋਈ ਹੈ। ਕਾਂਗਰਸ ਪਹਿਲੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸਮੇਤ ਕਈ ਧੜਿਆ ‘ਚ ਵੰਡੀ ਪਈ ਹੈ। ਇਸ ਦਾ ਸਭ ਤੋਂ ਵੱਡਾ ਦ੍ਰਿਸ਼ ਉਦੋਂ ਦਿਖਾਈ ਦਿੱਤਾ ਸੀ, ਜਦੋਂ ਲੁਧਿਆਣਾ ਜ਼ਿਮਨੀ ਚੋਣ ਦੌਰਾਨ ਰਾਜਾ ਵੜਿੰਗ ਭਾਰਤ ਭੂਸ਼ਣ ਆਸ਼ੂ ਲਈ ਚੋਣ ਪ੍ਰਚਾਰ ਕਰ ਨਹੀਂ ਆਏ ਸਨ। ਇਸ ਤੋਂ ਬਾਅਦ ਪਾਰਟੀ ਅੰਦਰ ਦੇ ਮਤਭੇਦ ਖੁਲ੍ਹ ਕੇ ਸਾਹਮਣੇ ਆਏ ਸਨ। ਹੁਣ ਨਵਜੋਤ ਸਿੰਘ ਸਿੱਧੂ ਦੀ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਉਮੀਦ ਲਗਾਈ ਜਾ ਰਹੀ ਹੈ ਕਿ ਸਿੱਧੂ ਪਰਿਵਾਰ ਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਇਹ ਵੀ ਮੰਨਿਆ ਜਾਂਦਾ ਰਿਹਾ ਹੈ ਕਿ ਸਿੱਧੂ ਦੇ ਪੰਜਾਬ ਕਾਂਗਰਸ ਤੋਂ ਜ਼ਿਆਦਾ ਰਿਸ਼ਤੇ ਕੇਂਦਰੀ ਕਾਂਗਰਸ ਨਾਲ ਹਨ। ਉਹ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਛੱਡ ਕੇ ਸਮੇਂ-ਸਮੇਂ ਤੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਦੇ ਰਹਿੰਦੇ ਹਨ ਤੇ ਉਨ੍ਹਾਂ ਦੀ ਤਾਰੀਫ ਕਰਦੇ ਵੀ ਨਜ਼ਰ ਆਉਂਦੇ ਰਹਿੰਦੇ ਹਨ।


