Ludhiana School: ਸਕੂਲ ਦਾ ਲੈਂਟਰ ਡਿੱਗਣ ਦੇ ਮਾਮਲੇ ‘ਚ ਭਾਜਪਾ ਨੇਤਾ ‘ਤੇ FIR, ਮੁਲਜ਼ਮ ਫਰਾਰ, ਜਾਂਚ ਸ਼ੁਰੂ, ਟੀਚਰ ਦਾ ਅੰਤਿਮ ਸਸਕਾਰ
ਜਿਹੜੇ ਕਮਰੇ ਦਾ ਲੈਂਟਰ ਡਿੱਗਿਆ, ਉਸ ਕਮਰੇ ਵਿੱਚ ਚਾਰੋ ਟੀਚਰਸ ਲੰਚ ਕਰ ਰਹੀਆਂ ਸਨ। ਜਦੋਂਕਿ ਘਟਨਾ ਦੇ ਸਮੇਂ ਬੱਚੇ ਵੀ ਸਕੂਲ ਵਿੱਚ ਮੌਜੂਦ ਸਨ, ਪਰ ਉਹ ਸਕੂਲ ਦੇ ਲਾਨ ਵਿੱਚ ਸਨ।
ਲੁਧਿਆਣਾ ਜ਼ਿਲ੍ਹੇ ਦੇ ਬੱਦੋਵਾਲ ਐਮੀਨੈਂਸ ਸਰਕਾਰੀ ਸਕੂਲ ਵਿੱਚ ਲੈਂਟਰ ਡਿੱਗਣ ਦੇ ਮਾਮਲੇ ਵਿੱਚ ਮੁਲਜ਼ਮ ਠੇਕੇਦਾਰ ਭਾਜਪਾ ਆਗੂ ਅਨਮੋਲ ਕਤਿਆਲ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਅਨਮੋਲ ਖ਼ਿਲਾਫ਼ ਥਾਣਾ ਮੁੱਲਾਂਪੁਰ ਦਾਖਾ ਵਿਖੇ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਅਨਮੋਲ ਅਜੇ ਫਰਾਰ ਹੈ। ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਅਨਮੋਲ ਦੀ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਚੰਗੀ ਜਾਣ-ਪਛਾਣ ਹੈ।
ਅੱਜ ਅਧਿਆਪਕਾ ਦਾ ਪੋਸਟਮਾਰਟਮ ਹੋਵੇਗਾ
ਮ੍ਰਿਤਕ ਅਧਿਆਪਕਾ ਰਵਿੰਦਰ ਕੌਰ ਦਾ ਪੋਸਟਮਾਰਟਮ ਕਰੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਮੁਤਾਬਕ, ਰਵਿੰਦਰ ਕੌਰ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਸੀ। ਨਾਲ ਹੀ ਸਾਹ ਲੈਣ ਵਾਲੀ ਨਲੀ ਵਿੱਚ ਮਿੱਟੀ ਫਸ ਗਈ ਸੀ, ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਰਵਿੰਦਰ ਕੌਰ 2014 ਵਿੱਚ ਮਾਸਟਰ ਕੇਡਰ ਵਜੋਂ ਭਰਤੀ ਹੋਏ ਸਨ। ਹਾਦਸੇ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਵਿੱਚ ਸੋਗ ਦੀ ਲਹਿਰ ਹੈ। ਹਾਦਸੇ ਦੇ ਸਮੇਂ 600 ਤੋਂ ਵੱਧ ਵਿਦਿਆਰਥੀ ਸਕੂਲ ਵਿੱਚ ਮੌਜੂਦ ਸਨ।
ਸਮਾਜਿਕ ਵਿਸ਼ਾ ਪੜ੍ਹਾਉਂਦੇ ਸਨ ਟੀਚਰ ਰਵਿੰਦਰ ਕੌਰ
ਰਵਿੰਦਰਪਾਲ ਕੌਰ ਸਮਾਜਿਕ ਵਿਸ਼ੇ ਦੇ ਅਧਿਆਪਕ ਸਨ। ਉਹ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਸੀ। ਜੂਨ ਮਹੀਨੇ ਵਿੱਚ ਹੀ ਉਹ ਨੂਰਪੁਰ ਬੇਟ ਤੋਂ ਬੱਦੋਵਾਲ ਦੇ ਸਰਕਾਰੀ ਸਕੂਲ ਵਿੱਚ ਬਦਲੀ ਕਰਵਾ ਕੇ ਆਈ ਸੀ। ਉਹ ਮਹਾਨਗਰ ਦੀ ਹਾਊਸਿੰਗ ਬੋਰਡ ਕਲੋਨੀ ਵਿੱਚ ਰਹਿ ਰਹੀ ਸੀ। ਉਹ ਆਪਣੇ ਪਿੱਛੇ ਇੱਕ ਪੁੱਤਰ ਅਤੇ ਪਤੀ ਮਨਦੀਪ ਸਿੰਘ ਛੱਡ ਗਈ ਹੈ।
ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਸਿੱਖਿਆ ਵਿਭਾਗ ਵੀ ਆਪਣੇ ਪੱਧਰ ਤੇ ਜਾਂਚ ਕਰੇਗਾ। ਠੇਕੇਦਾਰ ਅਨਮੋਲ ਕਤਿਆਲ ਦੇ ਪਿਤਾ ਕਾਲਾ ਕਤਿਆਲ ਜਗਰਾਉਂ ਵਿੱਚ ਭਾਜਪਾ ਦੇ ਸਾਬਕਾ ਕੌਂਸਲਰ ਰਹਿ ਚੁੱਕੇ ਹਨ। ਅਕਾਲੀ-ਭਾਜਪਾ ਸਰਕਾਰ ਦੌਰਾਨ ਜਗਰਾਉਂ ਦੀਆਂ ਮੁੱਖ ਸੜਕਾਂ ਦੇ ਨਿਰਮਾਣ ਕਾਰਜਾਂ ਦੇ ਠੇਕੇ ਉਨ੍ਹਾਂ ਨੂੰ ਮਿਲਦੇ ਰਹੇ ਹਨ।
ਇਹ ਵੀ ਪੜ੍ਹੋ
1960 ਵਿੱਚ ਬਣੀ ਸੀ ਸਕੂਲ ਦੀ ਇਮਾਰਤ
ਰਿਕਾਰਡ ਦਰਸਾਉਂਦੇ ਹਨ ਕਿ ਸਕੂਲ ਦੀ ਇਮਾਰਤ ਅਸਲ ਵਿੱਚ 1960 ਵਿੱਚ ਬਣਾਈ ਗਈ ਸੀ। ਇਸ ਸਮੇਂ ਇਹ ਮਾੜੀ ਹਾਲਤ ਵਿੱਚ ਸੀ। ਹਾਦਸੇ ਦੇ ਸਮੇਂ ਦੂਜੀ ਮੰਜ਼ਿਲ ‘ਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਸਪੋਰਟਿੰਗ ਪਿੱਲਰ ਦੇ ਡਿੱਗਣ ਨਾਲ ਗਰਾਊਂਡ ਫਲੋਰ ‘ਤੇ ਸਟਾਫ ਰੂਮ ਦੀ ਛੱਤ ਡਿੱਗ ਗਈ। ਪੰਚਾਇਤੀ ਰਾਜ ਵਿਭਾਗ ਵੱਲੋਂ ਮੁਰੰਮਤ ਦਾ ਕੰਮ ਠੇਕੇਦਾਰ ਨੂੰ ਦਿੱਤਾ ਗਿਆ ਸੀ।
ਸਕੂਲ ਸਟਾਫ਼ ਅਨੁਸਾਰ ਚਾਰੇ ਅਧਿਆਪਕ ਆਪੋ-ਆਪਣੀਆਂ ਜਮਾਤਾਂ ਲੈ ਕੇ ਸਟਾਫ਼ ਰੂਮ ਵਿੱਚ ਬੈਠੇ ਸਨ ਜਦੋਂ ਅਚਾਨਕ ਛੱਤ ਡਿੱਗ ਗਈ ਅਤੇ ਅਧਿਆਪਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਕੈਂਪਸ ਵਿੱਚ ਹਫੜਾ-ਦਫੜੀ ਮੱਚ ਗਈ। ਇਸ ਤੋਂ ਬਾਅਦ ਤੁਰੰਤ ਪੁਲਿਸ ਕੰਟਰੋਲ ਰੂਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ।
ਇਨ੍ਹਾਂ ਐਂਗਲਾਂ ‘ਤੇ ਕੀਤੀ ਜਾਵੇਗੀ ਜਾਂਚ
ਐਸਡੀਐਮ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਠੇਕੇਦਾਰ ਨੂੰ ਇਮਾਰਤ ਦੀ ਮੁਰੰਮਤ ਕਰਵਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਠੇਕੇਦਾਰ ਨੇ ਮੁਰੰਮਤ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਕੂਲ ਤੋਂ ਸਰਟੀਫਿਕੇਟ ਲਿਆ ਹੈ ਜਾਂ ਨਹੀਂ।
ਐਸਡੀਐਮ ਪੱਛਮੀ ਨੂੰ ਮੈਜਿਸਟ੍ਰੇਟ ਜਾਂਚ ਲਈ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਦਾਖਾ ਦੇ ਡੀਐਸਪੀ, ਲੋਕ ਨਿਰਮਾਣ ਵਿਭਾਗ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਡੀਈਓ ਨੂੰ ਮੈਂਬਰ ਬਣਾਇਆ ਗਿਆ ਹੈ। ਸਬੰਧਤ ਵਿਭਾਗਾਂ ਤੋਂ ਰਿਕਾਰਡ ਇਕੱਠਾ ਕਰਕੇ ਪੂਰੀ ਜਾਂਚ ਕੀਤੀ ਜਾਵੇਗੀ। ਬਾਕੀ ਠੇਕੇਦਾਰ ਅਨਮੋਲ ‘ਤੇ ਜੋ ਵੀ ਕਾਰਵਾਈ ਹੋਵੇਗੀ, ਜ਼ਰੂਰ ਕੀਤੀ ਜਾਵੇਗੀ।
ਐਸਡੀਐਮ ਅਨੁਸਾਰ ਇਮਾਰਤ ਦੇ ਉੱਪਰ ਬਹੁਤ ਹੀ ਗਲਤ ਢੰਗ ਨਾਲ ਰੱਖੀਆਂ ਗਈਆਂ ਸਨ। ਜੇਕਰ ਇਹ ਇੱਟ ਕਿਸੇ ਦੇ ਸਿਰ ਵਿੱਚ ਲੱਗਦੀ ਤਾਂ ਉਸਦੀ ਮੌਤ ਹੋ ਸਕਦੀ ਸੀ। ਛੱਤ ਤੇ ਮਲਬਾ ਆਦਿ ਉਤਾਰਿਆ ਗਿਆ ਸੀ, ਉਹ ਵੀ ਭਾਰੀ ਮਾਤਰਾ ਚ। ਇਸ ਮਲਬੇ ਤੇ ਮੀਂਹ ਪੈਣ ਨਾਲ ਇਹ ਹੋਰ ਵੀ ਭਾਰੀ ਹੋ ਗਿਆ ਸੀ, ਜਿਸ ਕਰਕੇ ਲੈਂਟਰ ਡਿੱਗ ਪਿਆ।
ਬਿਨਾਂ ਕਿਸੇ ਦਬਾਅ ਦੇ ਕੀਤੀ ਜਾਵੇਗੀ ਜਾਂਚ – ਡੀਸੀ
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਇਸ ਹਾਦਸੇ ਦੀ ਜਾਂਚ ਬਿਨਾਂ ਕਿਸੇ ਦਬਾਅ ਦੇ ਨਿਰਪੱਖਤਾ ਨਾਲ ਕੀਤੀ ਜਾ ਰਹੀ ਹੈ। ਫਿਲਹਾਲ ਸਕੂਲ ਨੂੰ ਸੀਲ ਕਰ ਦਿੱਤਾ ਗਿਆ ਹੈ। ਜ਼ਖਮੀ ਅਧਿਆਪਕਾਂ ਦੀ ਹਾਲਤ ਸਥਿਰ ਹੈ। ਇੱਕ ਅਧਿਆਪਕਾ ਰਵਿੰਦਰ ਕੌਰ ਦੀ ਮੌਤ ਹੋ ਗਈ ਹੈ। ਮੈਜਿਸਟ੍ਰੇਟ ਜਾਂਚ ਕਮੇਟੀ ਦੀ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਮੁੱਖ ਕਾਰਨਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਮਾਮਲੇ ‘ਤੇ ਸਿਆਸਤ ਸ਼ੁਰੂ
ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਹੀ ਦਿਸ਼ਾ ਕਮੇਟੀ ਦੀ ਮੀਟਿੰਗ ਵਿੱਚ ਇਨ੍ਹਾਂ ਸਕੂਲਾਂ ਦਾ ਮੁੱਦਾ ਚੁੱਕਿਆ ਸੀ, ਪਰ ਸਰਕਾਰ ਵੱਲੋਂ ਇਸ ਤੇ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਹੁਣ ਇਹ ਹਾਦਸਾ ਵਾਪਰਨ ਤੋਂ ਬਾਅਦ ਸਰਕਾਰ ਜਾਗੀ ਹੈ। ਉਹਨਾਂ ਕਿਹਾ ਕਿ ਹੋਰ ਵੀ ਕਈ ਸਕੂਲ ਜਰਜਰ ਹਾਲਤ ਵਿੱਚ ਹਨ, ਜਿਨ੍ਹਾਂ ਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਉਨ੍ਹਾਂ ਸਿੱਖਿਆ ਮਾਡਲ ਨੂੰ ਲੈ ਕੇ ਵੀ ਸਰਕਾਰ ਖਿਲਾਫ ਭੜਾਸ ਕੱਢੀ।