ਸਾਬਕਾ ਮੰਤਰੀ ਜਗਦੀਸ਼ ਗਰਚਾ ਦੇ ਘਰ ਵੱਡੀ ਵਾਰਦਾਤ: ਨੌਕਰ ਨੇ ਖਾਣੇ ‘ਚ ਨਸ਼ੀਲੀ ਚੀਜ਼ ਦਿੱਤੀ, ਸੋਨਾ-ਨਕਦੀ ਲੁੱਟ ਹੋਇਆ ਫਰਾਰ
ਸਾਬਕਾ ਅਕਾਲੀ ਮੰਤਰੀ ਜਗਦੀਸ਼ ਗਰਚਾ ਦੇ ਘਰ ਲੁੱਟ ਦੀ ਵਾਰਦਾਤ ਹੋਈ ਹੈ। ਦੇਰ ਰਾਤ ਪੂਰੇ ਪਰਿਵਾਰ ਨੂੰ ਨੌਕਰ ਨੇ ਨਸ਼ੀਲਾ ਪਦਾਰਥ ਖਵਾਉਣ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ।ਇਸ ਵਾਰਦਾਤ ਤੋਂ ਬਾਅਦ ਘਰ ਵਿੱਚ ਪਏ ਸੋਨਾ ਅਤੇ ਨਕਦੀ ਲੈ ਕੇ ਨੌਕਰ ਮੌਕੇ ਤੋਂ ਫਰਾਰ ਹੋ ਗਿਆ।
ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਸਥਿਤ ਮਹਾਰਾਜਾ ਰਣਜੀਤ ਸਿੰਘ ਨਗਰ ‘ਚ ਸਾਬਕਾ ਅਕਾਲੀ ਮੰਤਰੀ ਜਗਦੀਸ਼ ਗਰਚਾ ਦੇ ਘਰ ਲੁੱਟ ਦੀ ਵਾਰਦਾਤ ਹੋਈ ਹੈ। ਦੱਸ ਦਈਏ ਕਿ ਲੁੱਟ ਦੀ ਇਸ ਵਾਰਦਾਤ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਘਰ ਵਿੱਚ ਰੱਖੇ ਇੱਕ ਨੌਕਰ ਨੇ ਦਿੱਤੀ ਹੈ। ਦੇਰ ਰਾਤ ਪੂਰੇ ਪਰਿਵਾਰ ਨੂੰ ਨਸ਼ੀਲਾ ਪਦਾਰਥ ਖਵਾਉਣ ਤੋਂ ਬਾਅਦ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਵਾਰਦਾਤ ਤੋਂ ਬਾਅਦ ਘਰ ਵਿੱਚ ਪਏ ਸੋਨਾ ਅਤੇ ਨਕਦੀ ਲੈ ਕੇ ਨੌਕਰ ਫਰਾਰ ਹੋ ਗਿਆ।
ਸਾਬਕਾ ਮੰਤਰੀ ਜਗਦੀਸ਼ ਗਰਚਾ ਉਨ੍ਹਾਂ ਦੀ ਪਤਨੀ ਅਤੇ ਘਰ ਵਿੱਚ ਕੰਮ ਕਰਨ ਵਾਲੇ ਨੌਕਰ ਅਜੇ ਵੀ ਬੇਹੋਸ਼ ਹਨ। ਉਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਪੂਰੀ ਵਾਰਦਾਤ ਪਿੱਛੇ ਘਰ ਵਿੱਚ ਕੰਮ ਕਰਨ ਵਾਲੇ ਨੌਕਰ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ।
ਗੁਆਂਢੀ ਭਾਜਪਾ ਆਗੂ ਜਗਮੋਹਨ ਸ਼ਰਮਾ ਨੇ ਦੱਸਿਆ ਕਿ ਜਗਦੀਸ਼ ਗਰਚਾ ਦਾ ਸ਼ਰੀਰ ਠੰਢਾਂ ਪਿਆ ਹੈ ਅਤੇ ਇਸ ਵੇਲੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਦੋਂ ਕਲੋਨੀ ਵਾਸੀਆਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਉਹ ਹੱਕੇ-ਬੱਕੇ ਰਹਿ ਗਏ। ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ। ਗਰਦੀਸ਼ ਗਰਚਾ, ਉਨ੍ਹਾਂ ਦੀ ਪਤਨੀ ਅਤੇ ਦੋ ਨੌਕਰਾਣੀਆਂ ਵੀ ਘਰ ਵਿੱਚ ਬੇਹੋਸ਼ ਪਾਈਆਂ ਗਈਆਂ। ਉਨ੍ਹਾਂ ਦੇ ਪੁੱਤਰ ਬੌਬੀ ਗਰਚਾ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਉਨ੍ਹਾਂ ਦਾ ਪੁੱਤਰ ਬੌਬੀ ਗਰਚਾ ਕਿਸੇ ਕੰਮ ਲਈ ਪੰਜਾਬ ਤੋਂ ਬਾਹਰ ਗਿਆ ਹੋਇਆ ਹੈ।
ਭਾਜਪਾ ਆਗੂ ਗੌਰਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਕਰੀਬ 5 ਤੋਂ 6 ਵਾਰ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਫੋਨ ਕੀਤਾ ਪਰ ਕਿਸੇ ਨੇ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ। ਘਟਨਾ ਤੋਂ ਕਰੀਬ 1 ਘੰਟੇ ਬਾਅਦ ਪੁਲਿਸ ਪਹੁੰਚੀ। ਫਿਲਹਾਲ ਜਗਦੀਸ਼ ਗਰਚਾ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਥਾਣਾ ਸਦਰ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਇਲਾਕੇ ਦੇ ਸੀਸੀਟੀਵੀ ਕੈਮਰੇ ਆਦਿ ਦੀ ਛਾਣਬੀਣ ਕੀਤੀ ਜਾ ਰਹੀ ਹੈ।
ਨੌਕਰ ਨੂੰ 3 ਮਹੀਨੇ ਪਹਿਲਾਂ ਨੌਕਰੀ ‘ਤੇ ਰੱਖਿਆ
ਹੁਣ ਤੱਕ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ 3 ਮਹੀਨੇ ਪਹਿਲਾਂ ਨੌਕਰੀ ‘ਤੇ ਰੱਖਿਆ ਗਿਆ ਸੀ। ਵੈਰੀਫਿਕੇਸ਼ਨ ਨਹੀਂ ਕੀਤੀ ਗਈ। ਇਸ ਸਮੇਂ ਨੌਕਰ ਦੀ ਫੋਟੋ ਨੂੰ ਲੱਭਣਾ ਪੁਲਿਸ ਲਈ ਵੱਡੀ ਚੁਣੌਤੀ ਹੈ। ਕਿਉਂਕਿ ਉਸ ਦੀ ਤਸਵੀਰ ਕਿਸੇ ਕੋਲ ਨਹੀਂ ਹੈ। ਫੋਰੈਂਸਿਕ ਟੀਮ ਨੇ ਰਾਤ ਦੇ ਖਾਣੇ ਦੇ ਸੈਂਪਲ ਵੀ ਲਏ ਹਨ।