Triple Murder: ਸੜੀਆਂ ਗਲੀਆਂ ਮਿਲੀਆਂ ਲਾਸ਼ਾਂ, ਸੁੱਤੇ ਪਏ ਕੀਤਾ ਵਾਰ, ਰਿਟਾਇਰ ASI ਅਤੇ ਪਰਿਵਾਰ ਦੇ ਕਤਲ ਨਾਲ ਕਿਸਨੂੰ ਹੋਣ ਵਾਲਾ ਸੀ ਫਾਇਦਾ?

Updated On: 

22 May 2023 11:22 AM

ਪੰਜਾਬ ਦੇ ਲੁਧਿਆਣਾ ਦੇ ਪਿੰਡ ਨੂਰਪੁਰ ਬੇਟ ਵਿੱਚ ਇੱਕ ਸੇਵਾਮੁਕਤ ਪੁਲਿਸ ਏਐਸਆਈ ਅਤੇ ਉਸਦੀ ਪਤਨੀ ਅਤੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਤਿੰਨਾਂ ਦੀਆਂ ਲਾਸ਼ਾਂ ਐਤਵਾਰ ਦੇਰ ਰਾਤ ਕੋਠੀ ਵਿੱਚੋਂ ਮਿਲੀਆਂ। ਮ੍ਰਿਤਕਾਂ 'ਤੇ ਭਾਰੀ ਲੋਹੇ ਦੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ।

Triple Murder: ਸੜੀਆਂ ਗਲੀਆਂ ਮਿਲੀਆਂ ਲਾਸ਼ਾਂ, ਸੁੱਤੇ ਪਏ ਕੀਤਾ ਵਾਰ, ਰਿਟਾਇਰ ASI ਅਤੇ ਪਰਿਵਾਰ ਦੇ ਕਤਲ ਨਾਲ ਕਿਸਨੂੰ ਹੋਣ ਵਾਲਾ ਸੀ ਫਾਇਦਾ?

ਲੁਧਿਆਣਾ ਨਿਊਜ। ਪੰਜਾਬ ਵਿੱਚ ਅਪਰਾਧ ਵੱਧਦਾ ਜਾ ਰਿਹਾ ਹੈ। ਆਏ ਦਿਨ ਸੂਬੇ ਵਿੱਚ ਲੁੱਟ ਅਤੇ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਤੇ ਹੁਣ ਲੁਧਿਆਣਾ (Ludhiana) ਵਿੱਚ ਵੀ ਇੱਕ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕੀਤਾ ਗਿਆ।ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨ ਕਤਲ (Murder) ਸ਼ਨੀਵਾਰ ਰਾਤ 7 ਵਜੇ ਤੋਂ ਬਾਅਦ ਹੋਏ ਹਨ। ਸ਼ਨੀਵਾਰ ਸ਼ਾਮ 7 ਵਜੇ ਤੱਕ ਉਨ੍ਹਾਂ ਦੀ ਬੇਟੀ ਸਮਨ ਨਾਲ ਫੋਨ ‘ਤੇ ਗੱਲਬਾਤ ਹੋਈ। ਅਗਲੇ ਦਿਨ ਬੇਟੀ ਨੇ ਮਾਤਾ-ਪਿਤਾ ਅਤੇ ਭਰਾ ਨੂੰ ਕਈ ਫੋਨ ਕੀਤੇ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਫ਼ੋਨ ਨਾ ਚੁੱਕਣ ‘ਤੇ ਸਮਨ ਨੇ ਰਿਸ਼ਤੇਦਾਰ ਨੂੰ ਫ਼ੋਨ ਕੀਤਾ। ਜਿਸ ਨੇ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ।

ਪਿੰਡ ਦਾ ਸਰਪੰਚ ਪੀਸੀਆਰ (PCR) ਦਸਤੇ ਨਾਲ ਮੌਕੇ ਤੇ ਪੁੱਜ ਗਿਆ। ਜਦੋਂ ਪੀਸੀਆਰ ਦਸਤੇ ਨੇ ਕੋਠੀ ਦਾ ਤਾਲਾ ਤੋੜਿਆ ਤਾਂ ਤਿੰਨ ਵਿਅਕਤੀਆਂ ਦੀ ਮੌਤ ਦੇਖ ਕੇ ਉਹ ਦੰਗ ਰਹਿ ਗਏ। ਸੇਵਾਮੁਕਤ ਏਐਸਆਈ ਦੀ ਲਾਸ਼ ਘਰ ਦੀ ਲਾਬੀ ਵਿੱਚ ਫਰਸ਼ ਤੇ ਪਈ ਸੀ। ਜਦੋਂ ਕਿ ਬੇਟੇ ਅਤੇ ਮਾਂ ਦੀਆਂ ਲਾਸ਼ਾਂ ਕਮਰੇ ‘ਚ ਬੈੱਡ ‘ਤੇ ਪਈਆਂ ਸਨ। ਪੀਸੀਆਰ ਦਸਤੇ ਨੇ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਸਮੇਤ ਹੋਰ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਘਰ ਦੀ ਭੰਨਤੋੜ ਕੀਤੀ, ਸਾਮਾਨ ਖਿੱਲਰਿਆ ਮਿਲਿਆ

ਘਟਨਾ ਵਾਲੀ ਥਾਂ ਨੂੰ ਦੇਖ ਕੇ ਲੱਗਦਾ ਹੈ ਕਿ ਹਮਲਾਵਰਾਂ ਨੇ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਘਰ ‘ਚ ਪਿਆ ਕਾਫੀ ਸਾਮਾਨ ਅਤੇ ਕੱਪੜੇ ਖਿਲਾਰੇ ਹੋਏ ਸਨ ਤਾਂ ਜੋ ਇਸ ਨੂੰ ਲੁੱਟਿਆ ਜਾ ਸਕੇ। ਪਰ ਪੁਲਿਸ ਨੂੰ ਤੀਹਰੇ ਕਤਲ ਪਿੱਛੇ ਪੁਰਾਣੀ ਦੁਸ਼ਮਣੀ ਦਾ ਸ਼ੱਕ ਹੈ।

ਇਹ ਹੈ ਮ੍ਰਿਤਕਾਂ ਦੀ ਪਛਾਣ

ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ (65), ਉਸ ਦੀ ਪਤਨੀ ਪਰਮਜੀਤ ਕੌਰ (61) ਅਤੇ ਪੁੱਤਰ ਗੁਰਵਿੰਦਰ ਸਿੰਘ ਉਰਫ਼ ਪਾਲੀ ਗਰੇਵਾਲ (32) ਵਜੋਂ ਹੋਈ ਹੈ। ਕੁਲਦੀਪ ਸਿੰਘ 2019 ਵਿੱਚ ਸੇਵਾਮੁਕਤ ਹੋਏ। ਕੁਲਦੀਪ ਸਿੰਘ ਮਹਿਲਾ ਸੈੱਲ ਵਿੱਚ ਤਾਇਨਾਤ ਸਨ। ਗੁਰਵਿੰਦਰ ਸਿੰਘ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਪਤਨੀ ਗਰਭਵਤੀ ਦੱਸੀ ਜਾ ਰਹੀ ਹੈ। ਪਾਲੀ ਦੋ ਦਿਨ ਪਹਿਲਾਂ ਹੀ ਆਪਣੀ ਪਤਨੀ ਨੂੰ ਪਿੰਡ ਪਾਇਲ ਨੇੜੇ ਸਹੁਰੇ ਘਰ ਛੱਡ ਗਿਆ ਸੀ।

‘ਕਤਲ ਦੇ ਸਮੇਂ ਸੁੱਤਾ ਪਿਆ ਸੀ ਪਰਿਵਾਰ’

ਪੁਲਿਸ ਕਮਿਸ਼ਨਰ (Commissioner of Police) ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੁੱਤੇ ਪਏ ਪਰਿਵਾਰ ‘ਤੇ ਹਮਲਾ ਹੋਇਆ ਹੈ। ਫਿਲਹਾਲ ਤਿੰਨੋਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰਾ ਮਾਮਲਾ ਸਪੱਸ਼ਟ ਹੋਵੇਗਾ।

‘ਘਰ ‘ਚ ਨਹੀਂ ਲੱਗੇ ਸੀਸੀਟੀਵੀ ਕੈਮਰੇ’

ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸਨ ਪਰ ਪੁਲਿਸ ਨੂੰ ਮ੍ਰਿਤਕ ਦੇ ਮੋਬਾਈਲ ਮਿਲੇ ਹਨ। ਪੁਲਿਸ ਇਨ੍ਹਾਂ ਮੋਬਾਈਲਾਂ ਤੇ ਤਕਨੀਕੀ ਤੌਰ ਤੇ ਜਾਂਚ ਕਰ ਰਹੀ ਹੈ। ਪੁਲਿਸ ਕਮਿਸ਼ਨਰ ਅਨੁਸਾਰ ਕਈ ਥਿਊਰੀਆਂ ਤੇ ਕੰਮ ਚੱਲ ਰਿਹਾ ਹੈ। ਇਲਾਕੇ ਦੇ ਹੋਰ ਵੀ ਕਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਲਦੀ ਹੀ ਮੁਲਜ਼ਮ ਗ੍ਰਿਫਤਾਰ ਕੀਤੇ ਜਾਣਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us On

Published: 22 May 2023 08:35 AM

Related News