ਪੰਜਾਬ ਦਾ ਵਧਿਆ ਮਾਣ, ਫਾਜਿਲਕਾ ਦੇ ਤਿੰਨ ਨੌਜਵਾਨ ਵਿਗਿਆਨੀ ਵੀ ਚੰਦਰਯਾਨ-3 ਦੀ ਸਫਲਤਾ ਦਾ ਹਿੱਸਾ ਬਣੇ
ਭਾਰਤ ਨੇ ਚੰਦਰਯਾਨ -3 ਮਿਸ਼ਨ ਪੂਰਾ ਕਰ ਕੇ ਚੰਨ ਤੱਕ ਆਪਣੀ ਪਹੁੰਚ ਬਣਾ ਲਈ ਹੈ ਅਤੇ ਇਸ ਨੂੰ ਲੈ ਕੇ ਇਤਿਹਾਸ ਰੱਚ ਦਿੱਤਾ ਹੈ। ਇਸ ਮਿਸ਼ਨ ਨੂੰ ਕਾਮਯਾਬ ਬਣਾਉਣ ਲਈ ਕਈ ਲੋਕਾਂ ਦੀ ਕੜੀ ਮਿਹਨਤ ਲੱਗੀ ਹੈ। ਜਿਸ ਵਿਚ ਕਈ ਨੌਜਵਾਨ ਵਿਗਿਆਨੀ ਵੀ ਮੌਜੂਦ ਹਨ। ਇਸ ਮਿਸ਼ਨ ਦੇ ਇਤਿਹਾਸ ਵਿਚ ਫ਼ਾਜ਼ਿਲਕਾ ਦੇ ਵੀ 3 ਨੌਜਵਾਨ ਵਿਗਿਆਨੀ ਗਵਾਹ ਬਣੇ ਹਨ। ਜਿਨ੍ਹਾਂ ਵੱਲੋਂ ਇਸਰੋ ਦੀ 150 ਵਿਅਕਤੀਆਂ ਦੀ ਇੱਕ ਮਜਬੂਤ ਟੀਮ ਵਿਚ ਕੰਮ ਕੀਤਾ ਗਿਆ ਹੈ।
ਫਾਜਲਿਕਾ। ਚੰਦਰਯਾਨ – 3 ਮਿਸ਼ਨ ਦੇ ਮੁਕੰਮਲ ਹੋਣ ਨਾਲ ਜਿੱਥੇ ਭਾਰਤ ਦਾ ਨਾਂਅ ਦੁਨੀਆ ਵਿਚ ਚਮਕਿਆ ਹੈ, ਉੱਥੇ ਹੀ ਫ਼ਾਜ਼ਿਲਕਾ )(Fazilka) ਦਾ ਨਾਂਅ ਵੀ ਇਸ ਮਿਸ਼ਨ ਦੇ ਨਾਲ ਜੁੜ ਗਿਆ ਹੈ ਜੋਕਿ ਆਉਣ ਵਾਲੇ ਇਤਿਹਾਸ ਦੇ ਪੰਨਿਆਂ ਵਿਚ ਵੀ ਪੜਿ੍ਹਆ ਜਾਵੇਗਾ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੇਸ਼ ਵਾਸੀਆਂ ਨੂੰ ਇਸ ਮਿਸ਼ਨ ਦੇ ਪੂਰਾ ਹੋਣ ਤੇ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਵਿਚ 150 ਵਿਅਕਤੀਆਂ ਦੀ ਜੋ ਡਿਜ਼ਾਇਨਿੰਗ ਟੀਮ ਸੀ, ਉਸ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਦੇ 3 ਨੌਜਵਾਨ ਸ਼ਾਮਿਲ ਹਨ।
ਜੋਕਿ ਫ਼ਾਜ਼ਿਲਕਾ ਜ਼ਿਲ੍ਹੇ ਲਈ ਗੌਰਵ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਤੋਂ ਬੱਚੇ ਇਸਰੋ (ISRO) ਵਿਚ ਕੰਮ ਕਰ ਕੇ ਨਾਂਅ ਚਮਕਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਿਤਿਸ਼ ਧਵਨ, ਗੌਰਵ ਕੰਬੋਜ ਅਤੇ ਜਗਮੀਤ ਸਿੰਘ ਫ਼ਾਜ਼ਿਲਕਾ ਜ਼ਿਲ੍ਹੇ ਦੇ ਹਨ ਜੋ ਕਿ ਇਸਰੋ ਵਿਚ ਕੰਮ ਕਰ ਰਹੇ ਹਨ। ਜਿਨ੍ਹਾਂ ਨੇ ਸਫ਼ਲ ਮਿਸ਼ਨ ਚੰਦਰਯਾਨ -3 ਵਿਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਿਤਿਸ਼ ਧਵਨ ਨਾਲ ਗੱਲ ਵੀ ਹੋਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਅੰਦਰ ਫ਼ੋਨ ਲੈ ਕੇ ਜਾਣ ਦੀ ਇਜ਼ਾਜਤ ਨਹੀਂ ਹੈ।
ਪਰਿਵਾਰ ਦਾ ਨਾਂਅ ਕੀਤਾ ਰੋਸ਼ਨ
ਉਨ੍ਹਾਂ ਦੱਸਿਆ ਕਿ ਨਿਤਿਸ਼ ਧਵਨ ਦੇ ਪਿਤਾ ਪੰਜਾਬ ਨੈਸ਼ਨਲ (Punjab National) ਬੈਂਕ ਵਿਚ ਕੰਮ ਕਰਦੇ ਸਨ, ਜਦੋਂ ਕਿ ਉਨ੍ਹਾਂ ਦੀ ਮਾਤਾ ਸਿਵਲ ਹਸਪਤਾਲ ਵਿਚ ਨੌਕਰੀ ਕਰਦੇ ਸਨ। ਨਿਤਿਸ਼ ਧਵਨ ਨੇ ਆਈ.ਆਈ.ਟੀ. ਰੁੜਕੀ ਅਤੇ ਯੂ.ਐੱਸ.ਏ. ਤੋਂ ਪੜ੍ਹਾਈ ਕੀਤੀ ਹੈ। ਗੌਰਵ ਕੰਬੋਜ ਨੇ ਆਈ.ਆਈ.ਟੀ. ਦਿੱਲੀ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਜਗਮੀਤ ਸਿੰਘ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਅਜੇ ਤੱਕ ਪ੍ਰਾਪਤ ਨਹੀਂ ਹੋਈ, ਪਰ ਉਹ ਵੀ ਫ਼ਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਿਤ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਹ ਯੋਗਦਾਨ ਛੋਟਾ ਹੋਵੇ ਪਰ ਇਕ ਫ਼ਾਜ਼ਿਲਕਾ ਵਾਸੀਆਂ ਲਈ ਮਾਣ ਦੀ ਗੱਲ ਹੈ। ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਚੰਗੇ ਰਾਹ ਤੇ ਚੱਲ ਕੇ ਇਸ ਤਰ੍ਹਾਂ ਦੇ ਮੁਕਾਮ ਹਾਸਿਲ ਕਰ ਕੇ ਆਪਣੇ ਪਰਿਵਾਰ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨ।
ਭਾਰਤ ਚੰਦਰਮਾ ਤੱਕ ਪਹੁੰਚਿਆ-ਵਿਮਲ
ਨਿਤਿਸ਼ ਧਵਨ ਦੇ ਮਾਤਾ ਵਿਮਲ ਧਵਨ ਅਤੇ ਪਿਤਾ ਅਨਿਲ ਧਵਨ ਦਸਦੇ ਹਨ ਕਿ ਅੱਜ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਭਾਰਤ ਨੇ ਚੰਨ ਤੇ ਪੈਰ ਰੱਖ ਲਿਆ, ਜਿਸ ਨੂੰ ਲੈ ਕੇ ਪੂਰਾ ਦੇਸ਼ ਖ਼ੁਸ਼ੀ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੇਟੇ ਨੇ ਅਮਰੀਕਾ ਛੱਡ ਭਾਰਤ ਵਿਚ ਆ ਕੇ ਦੇਸ਼ ਦੇ ਲਈ ਆਪਣਾ ਯੋਗਦਾਨ ਪਾਇਆ। ਜਿਸ ਲਈ ਉਹ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਬਚਪਨ ਤੋਂ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਨੂੰ ਲੈ ਕੇ ਉਨ੍ਹਾਂ ਦੀ ਬੇਟੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ।
‘ਪੂਰੀ ਟੀਮ ਨੇ ਕੀਤਾ ਕੰਮ’
ਇਸ ਵਿੱਚ ਉਨ੍ਹਾਂ ਦੇ ਬੇਟੇ ਅਤੇ ਪੂਰੀ ਟੀਮ ਨੇ ਮਿਹਨਤ ਨਾਲ ਕੰਮ ਕੀਤਾ ਅਤੇ ਇਸ ਮਿਸ਼ਨ ਨੂੰ ਸਫ਼ਲਤਾ ਪੂਰਵਕ ਮੁਕੰਮਲ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਇਸਰੋ ਟੀਮ ਤੇ ਮਾਣ ਹੈ ਕਿਉਂਕਿ ਉਨ੍ਹਾ ਦੀ ਸਖ਼ਤ ਮਿਹਨਤ ਦੇ ਚੱਲਦਿਆਂ ਹੀ ਭਾਰਤ ਚੰਨ ਤੱਕ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਚੰਦਰਯਾਨ-2 ਮਿਸ਼ਨ ਫ਼ੇਲ੍ਹ ਹੋਇਆ ਤਾਂ ਉਸ ਵਕਤ ਉਹ ਆਪਣੇ ਬੇਟੇ ਦੇ ਨਾਲ ਸਨ ਅਤੇ ਮਿਸ਼ਨ ਅਸਫ਼ਲ ਹੋਣ ਕਾਰਨ ਉਨ੍ਹਾਂ ਦਾ ਬੇਟਾ ਕਾਫ਼ੀ ਨਿਰਾਸ਼ ਹੋ ਗਿਆ ਸੀ। ਨਿਰਾਸ਼ਾ ਤੋਂ ਬਾਅਦ ਪੂਰੀ ਇਸਰੋ ਟੀਮ ਨੇ ਮੁੜ ਤੋਂ ਕੜ੍ਹੀ ਮਿਹਨਤ ਨਾਲ ਕਮੀਆਂ ਨੂੰ ਦੂਰ ਕੀਤਾ ਅਤੇ ਹੁਣ ਇਸ ਮਿਸ਼ਨ ਨੂੰ ਸਫ਼ਲਤਾ ਪੂਰਵਕ ਪੂਰਾ ਕਰ ਲਿਆ। ਉਨ੍ਹਾਂ ਕਿਹਾ ਕਿ ਪੂਰੀ ਟੀਮ ਨੇ ਦਿਨ-ਰਾਤ ਇਕ ਕਰ ਕੇ ਮਿਸ਼ਨ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਸ ਦਾ ਬੇਟਾ ਹੁਣ ਘਰ ਪਰਤੇਗਾ ਤਾਂ ਉਸ ਦਾ ਪੰਜਾਬੀ ਅੰਦਾਜ਼ ਵਿਚ ਸਵਾਗਤ ਕੀਤਾ ਜਾਵੇਗਾ।