ਅਗਲੇ ਸਾਲ ਗਰਮੀਆਂ ‘ਚ 4 ਮਹੀਨੇ ਲਈ ਬਦਲਿਆ ਜਾਵੇਗਾ ਦਫ਼ਤਰਾਂ ਦਾ ਸਮਾਂ, ਸਰਵੇਖਣ ‘ਚ ਸਕਾਰਾਤਮਕ ਨਤੀਜੇ ਆਉਣ ਤੋਂ ਬਾਅਦ ਸਰਕਾਰ ਦਾ ਫੈਸਲਾ
Punjab Office Timing: ਸਰਕਾਰੀ ਮੁਲਾਜ਼ਮਾਂ ਨੂੰ ਕਈ ਕੰਮਾਂ ਲਈ ਵੱਖਰੀ ਛੁੱਟੀ ਨਹੀਂ ਲੈਣੀ ਪਈ। ਬਹੁਤ ਸਾਰੇ ਮੁਲਾਜ਼ਮ ਬਗੈਰ ਛੁੱਟੀ ਲਏ ਆਪਣੇ ਕਈ ਜਰੂਰੀ ਕੰਮ ਨਿਪਟਾਉਣ ਦੇ ਨਾਲ-ਨਾਲ ਬੱਚਿਆਂ ਦੀ ਪੜ੍ਹਾਈ ਨੂੰ ਵੀ ਜਿਆਦਾ ਟਾਈਮ ਦੇ ਸਕੇ।

ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰ (Government Offices) ਅਗਲੇ ਸਾਲ ਗਰਮੀਆਂ ਵਿੱਚ ਢਾਈ ਨਹੀਂ ਸਗੋਂ ਚਾਰ ਮਹੀਨੇ ਸਵੇਰੇ 7:30 ਵਜੇ ਖੁੱਲ੍ਹਣਗੇ। ਇਸ ਵਾਰ 2 ਮਈ ਤੋਂ 15 ਜੁਲਾਈ ਤੱਕ ਦਫਤਰ ਜਲਦੀ ਖੋਲ੍ਹਣ ਦੇ ਸਕਾਰਾਤਮਕ ਨਤੀਜੇ ਮਿਲਣ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਨੂੰ ਸਾਲ 2024 ਵਿੱਚ 1 ਅਪ੍ਰੈਲ ਤੋਂ 31 ਜੁਲਾਈ ਤੱਕ ਲਾਗੂ ਕੀਤਾ ਜਾਵੇਗਾ।
ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਸਾਲ ਦਫ਼ਤਰੀ ਸਮੇਂ ਵਿੱਚ ਬਦਲਾਅ ਬਹੁਤ ਵਧੀਆ ਰਿਹਾ। ਸਰਕਾਰ ਵੱਲੋਂ ਕਰਵਾਏ ਸਰਵੇਖਣ ਵਿੱਚ ਇਹ ਫੀਡਬੈਕ ਸਾਹਮਣੇ ਆਇਆ ਹੈ ਕਿ ਬਿਜਲੀ ਦੀ ਬੱਚਤ ਤੋਂ ਇਲਾਵਾ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਆਪਣੇ ਪਰਿਵਾਰਾਂ ਨਾਲ ਵੱਧ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ। ਆਮ ਲੋਕਾਂ ਨੂੰ ਵੀ ਇਸ ਵਾਰ ਆਪਣਾ ਕੰਮ ਕਰਵਾਉਣਾ ਵਧੇਰੇ ਸੁਖਾਲਾ ਲੱਗਿਆ।
ਸਰਕਾਰੀ ਫੈਸਲਾ ਦਾ ਲੋਕਾਂ ਨੇ ਕੀਤਾ ਸਵਾਗਤ
ਦਫਤਰ ਆਉਣ ਵਾਲੇ ਕਰਮਚਾਰੀਆਂ, ਅਧਿਕਾਰੀਆਂ, ਲੋਕਾਂ ਨਾਲ ਗੱਲਬਾਤ ਕਰਨ ‘ਤੇ ਪਤਾ ਲੱਗਾ ਕਿ ਇਸ ਪ੍ਰਯੋਗ ਨਾਲ ਬਿਜਲੀ ਦੀ ਬੱਚਤ ਹੋਈ ਹੈ। ਸਭ ਤੋਂ ਵੱਡੀ ਗੱਲ ਇਹ ਸੀ ਕਿ ਮੁਲਾਜ਼ਮਾਂ ਅਤੇ ਆਮ ਲੋਕਾਂ ਦਾ ਇਸ ਬਾਰੇ ਹਾਂ-ਪੱਖੀ ਹੁੰਗਾਰਾ ਸੀ। ਦੋਵੇਂ ਹੀ ਇਸ ਨਵੇਂ ਸਮੇਂ ਤੋਂ ਖੁਸ਼ ਸਨ। ਇਹ ਵੀ ਦੇਖਿਆ ਗਿਆ ਕਿ ਸਵੇਰੇ ਕਰਮਚਾਰੀਆਂ ਦੀ ਕੰਮ ਕਰਨ ਦੀ ਸਮਰੱਥਾ ਵੀ ਜ਼ਿਆਦਾ ਸੀ। ਇਸ ਸਾਲ ਕੀਤੇ ਗਏ ਬਦਲਾਅ ਦੇ ਮਹੱਤਵਪੂਰਨ ਨਤੀਜੇ ਸਾਹਮਣੇ ਆਏ ਹਨ, ਇਸ ਲਈ ਅਗਲੀਆਂ ਗਰਮੀਆਂ ਵਿੱਚ ਇਸ ਨਿਯਮ ਨੂੰ ਚਾਰ ਮਹੀਨਿਆਂ ਲਈ ਲਾਗੂ ਕੀਤਾ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਸ ਉਪਰਾਲੇ ਦਾ ਆਵਾਜਾਈ ‘ਤੇ ਵੀ ਕਾਫੀ ਸਕਾਰਾਤਮਕ ਪ੍ਰਭਾਵ ਪਿਆ ਹੈ। ਸਰਕਾਰ ਨੇ ਮੋਹਾਲੀ ਏਅਰਪੋਰਟ ਰੋਡ ‘ਤੇ ਸਟੱਡੀ ਕਰਵਾਈ। ਇਸ ਵਿੱਚ ਪਤਾ ਲੱਗਿਆ ਕਿ ਦਫ਼ਤਰੀ ਸਮੇਂ ਵਿੱਚ 9 ਵਜੇ ਦੇ ਕਰੀਬ ਵਾਹਨਾਂ ਨੂੰ ਨਿਕਲਣ ਵਿੱਚ 35 ਤੋਂ 40 ਮਿੰਟ ਦਾ ਸਮਾਂ ਲੱਗ ਜਾਂਦਾ ਸੀ। ਨਵੇਂ ਸਮੇਂ ਵਿੱਚ ਇਸ ਨੂੰ ਘਟਾ ਕੇ 5 ਤੋਂ 7 ਮਿੰਟ ਕਰ ਦਿੱਤਾ। ਟ੍ਰੈਫਿਕ ਜਾਮ ਤੋਂ ਛੁਟਕਾਰਾ ਮਿਲਣ ਨਾਲ ਸਮੇਂ ਦੇ ਨਾਲ ਬਾਲਣ ਦੀ ਵੀ ਬੱਚਤ ਹੋਈ।
ਦਫ਼ਤਰਾਂ ਦੇ ਜਲਦੀ ਖੁੱਲ੍ਹਣ ਨਾਲ ਪੰਜਾਬ ਭਰ ਦੇ ਲੋਕਾਂ ਲਈ ਸਵੇਰੇ ਜਲਦੀ ਆਪਣੇ ਕੰਮ ਨਿਪਟਾਉਣੇ ਆਸਾਨ ਹੋ ਗਏ ਅਤੇ ਇਸ ਤੋਂ ਬਾਅਦ ਉਹ ਆਪਣੇ ਕੰਮ ਲਈ ਵਧੇਰੇ ਸਮਾਂ ਦੇ ਸਕੇ। ਵੱਡੀ ਗਿਣਤੀ ਵਿੱਚ ਲੋਕਾਂ ਦੀ ਪੂਰੀ ਦਿਹਾੜੀ ਬਚ ਗਈ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ