ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 40 ਮੁਕਤਿਆਂ ਦੀ ਯਾਦ ਵਿੱਚ ਮਾਘੀ ਮੇਰਾ ਮੁਕਤਸਰ ਵਿੱਚ ਸ਼ੁਰੂ ਹੋ ਗਿਆ ਹੈ। ਮਾਘੀ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈਆਂ।
ਸੰਗਤ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਪੁੰਨ ਪ੍ਰਾਪਤ ਕੀਤਾ। ਉਨ੍ਹਾਂ ਹੋਰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕੀਤਾ।ਬੀਤੇ ਐਤਵਾਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੋਇਆ। ਜਿਸ ਦਾ ਭੋਗ ਮਾਘੀ ਵਾਲੇ ਦਿਨ ਸਵੇਰੇ ਸਾਢੇ 7 ਵਜੇ ਕੀਤਾ ਗਿਆ।
ਸੰਗਤਾਂ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਰਕਾਬਸਰ ਸਾਹਿਬ, ਗੁਰਦੁਆਰਾ ਦਾਤਨਸਰ ਸਾਹਿਬ, ਗੁਰਦੁਆਰਾ ਤਰਨਤਾਰਨ ਸਾਹਿਬ ਸਮੇਤ ਹੋਰ ਗੁਰੂ ਘਰਾਂ ਵਿੱਚ ਪਹੁੰਚ ਕੇ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ।
ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਿੱਖ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ। ਦਿਨ ਭਰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਤਰ੍ਹਾਂ-ਤਰ੍ਹਾਂ ਦੇ ਲੰਗਰ ਅਤੁੱਟ ਵਰਤਾਏ ਜਾਂਦੇ ਰਹੇ।
ਰਵਾਇਤੀ ਤੌਰ ‘ਤੇ ਮਾਘੀ ਮੇਲਾ 14 ਅਤੇ 15 ਜਨਵਰੀ ਨੂੰ ਦੋ ਦਿਨ ਚੱਲਦਾ ਹੈ ਪਰ ਮਲੋਟ ਰੋਡ ‘ਤੇ ਲੱਗਣ ਵਾਲੇ ਮਨੋਰੰਜਨ ਮੇਲੇ ਕਾਰਨ ਮੁਕਤਸਰ ਵਿੱਚ ਤਕਰੀਬਨ ਦੋ ਮਹੀਨੇ ਮਾਘੀ ਦਾ ਮੇਲਾ ਧੂਮਧਾਮ ਨਾਲ ਭਰਿਆ ਰਹਿੰਦਾ ਹੈ।
ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਨੇ ਦੱਸਿਆ ਕਿ 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਸਮਾਗਮ ਕਰਵਾਇਆ ਜਾਵੇਗਾ। ਜਦੋਂ ਕਿ ਗੁਰਦੁਆਰਾ ਤੰਬੂ ਸਾਹਿਬ ਵਿਖੇ ਸਵੇਰੇ 11 ਵਜੇ ਅੰਮ੍ਰਿਤਪਾਨ ਦੇ ਭੋਗ ਪਾਏ ਜਾਣਗੇ।
ਮੇਲਾ ਮਾਘੀ ਦੀ ਪਰੰਪਰਾ ਮੁਤਾਬਕ ਨਗਰ ਕੀਰਤਨ ਦੇ ਨਾਲ ਸਮਾਪਤ ਹੋਵੇਗਾ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ ਚਾਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਪਹੁੰਚੇਗਾ। ਜਿੱਥੋਂ ਵਾਪਸ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਆਵਾਂਗੇ।