ਅੰਮ੍ਰਿਤਸਰ ‘ਚ ਰੇਲ ਰੋਕੋ ਅੰਦੋਲਨ ‘ਚ ਪਹੁੰਚੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜੇਕਰ ਲਖੀਮਪੁਰ ਕਾਂਡ ਵਿੱਚ ਬਿੱਟੂ ਦੇ ਸਾਥੀਆਂ ਦੀ ਮੌਤ ਹੁੰਦੀ ਤਾਂ ਉਨ੍ਹਾਂ ਦਾ ਕੀ ਹਾਲ ਹੋਣਾ ਸੀ।
ਕਿਸਾਨਾਂ ਨੇ ਆਰੋਪ ਲਗਾਇਆ ਕਿ ਕੇਂਦਰ ਅਤੇ ਭਾਜਪਾ ਨੇਤਾਵਾਂ ਦੇ ਇਸ਼ਾਰੇ ‘ਤੇ ਕੰਗਣਾ ਅਤੇ ਬਿੱਟੂ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਰਵਣ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਕਮਿਸ਼ਨ ਏਜੰਟਾਂ ਅਤੇ ਮਜ਼ਦੂਰ ਜਥੇਬੰਦੀਆਂ ਦੀਆਂ ਮੰਗਾਂ ਨੂੰ ਸਮੇਂ ਸਿਰ ਮੰਨ ਕੇ ਹੜਤਾਲ ਖਤਮ ਨਾ ਕਰਵਾਈ ਤਾਂ ਕਿਸਾਨ ਵੀ ਇਸ ਅੰਦੋਲਨ ਵਿੱਚ ਸ਼ਾਮਲ ਹੋਣਗੇ।
ਉੱਧਰ, ਰੋਸ ਪ੍ਰਦਰਸ਼ਨ ਦੌਰਾਨ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਬੀਕੇਯੂ ਦੇ ਆਗੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਤਿੰਨ ਸਾਲਾਂ ਤੋਂ ਇਨਸਾਫ਼ ਨਹੀਂ ਮਿਲਿਆ। ਭਾਜਪਾ ਆਗੂ ਦੇ ਪੁੱਤਰ ਨੇ ਕਈ ਕਿਸਾਨਾਂ ਨੂੰ ਕੁਚਲਿਆ ਸੀ। ਜਿਸ ਕਾਰਨ ਅੱਜ ਸਾਨੂੰ ਟਰੇਨਾਂ ਰੋਕਣੀਆਂ ਪਈਆਂ।
ਸ਼ੰਭੂ ਬਾਰਡਰ ‘ਤੇ ਵੀ ਕਿਸਾਨ ਰੇਲ ਪਟੜੀ ‘ਤੇ ਬੈਠੇ ਸਨ। ਇਸ ਤੋਂ ਇਲਾਵਾ ਪਟਿਆਲਾ, ਲੁਧਿਆਣਾ, ਬਠਿੰਡਾ, ਫ਼ਿਰੋਜ਼ਪੁਰ ਵਿੱਚ ਕਿਸਾਨ ਪਟੜੀਆਂ ਤੇ ਬੈਠੇ ਰਹੇ। ਕਿਸਾਨਾਂ ਨੇ ਕਿਹਾ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਨ। ਮਜਬੂਰੀ ਵਿੱਚ ਉਨ੍ਹਾਂ ਨੇ ਇਹ ਰਾਹ ਚੁਣਿਆ ਹੈ।
ਕਿਸਾਨਾਂ ਵੱਲੋਂ ਟਰੇਨਾਂ ਰੋਕੇ ਜਾਣ ਦਾ ਸਿੱਧਾ ਅਸਰ ਮੁਸਾਫ਼ਰਾਂ ਤੇ ਦਿਖਾਈ ਦਿੱਤਾ। ਰੋਸ ਪ੍ਰਦਰਸ਼ਨ ਦੌਰਾਨ ਲੋਕ ਵੱਡੀ ਗਿਣਤੀ ਵਿੱਚ ਖੱਜਲ-ਖੁਆਰ ਹੋਏ। ਰੇਲਵੇ ਸਟੇਸ਼ਨਾਂ ਉੱਤੇ ਲੋਕਾਂ ਦੀ ਵੱਡੀ ਭੀੜ ਨਜ਼ਰ ਆਈ। ਕਈ ਲੋਕਾਂ ਨੇ ਜਰੂਰੀ ਕੰਮਾਂ ਲਈ ਜਾਣਾ ਸੀ, ਪਰ ਟਰੇਨਾਂ ਨਾ ਚੱਲਣ ਕਰਕੇ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਲੋਕਾਂ ਵਿੱਚ ਭਾਰੀ ਨਰਾਜ਼ਗੀ ਵੀ ਵੇਖਣ ਨੂੰ ਮਿਲੀ।