ਪਟਾਕਿਆਂ ਨਾਲ ਚਮੜੀ ਸੜ ਜਾਵੇ ਤਾਂ ਕੀ ਕਰੀਏ? ਟੂਥਪੇਸਟ ਲਗਾਉਣਾ ਸਹੀ ਜਾਂ ਗਲਤ, ਜਾਣੋ ਡਾਕਟਰ ਦੀ ਸਲਾਹ
ਦੀਵਾਲੀ ਦੇ ਜਸ਼ਨ ਦੌਰਾਨ ਜੇਕਰ ਗਲਤੀ ਨਾਲ ਪਟਾਕਿਆਂ, ਦੀਵਿਆਂ ਜਾਂ ਗਰਮ ਤੇਲ ਕਾਰਨ ਚਮੜੀ ਸੜ ਜਾਵੇ ਤਾਂ ਤੁਰੰਤ ਕੀ ਕਰਨਾ ਚਾਹੀਦਾ ਹੈ? ਕੀ ਸੜੀ ਹੋਈ ਚਮੜੀ 'ਤੇ ਟੂਥਪੇਸਟ ਲਗਾਉਣਾ ਸਹੀ ਹੈ? ਕੀ ਜ਼ਖ਼ਮ ਨੂੰ ਠੰਡੇ ਪਾਣੀ ਹੇਠ ਰੱਖਣਾ ਚਾਹੀਦਾ ਹੈ? ਜਾਣੋ ਡਾਕਟਰ ਦੀ ਸਲਾਹ...
ਦੀਵਾਲੀ ਦੇ ਜਸ਼ਨ ਦੀ ਗੱਲ ਹੀ ਵੱਖਰੀ ਹੈ। ਮਿਠਾਈਆਂ, ਨਵੇਂ ਕੱਪੜੇ, ਵਿਸ਼ੇਸ਼ ਪੂਜਾ-ਪਾਠ ਤੋਂ ਇਲਾਵਾ ਲੋਕ ਇਸ ਤਿਉਹਾਰ ਨੂੰ ਪਟਾਕੇ ਚਲਾ ਕੇ ਵੀ ਮਨਾਉਂਦੇ ਹਨ। ਪਰ ਇਸ ਦੌਰਾਨ ਕਈ ਵਾਰ ਚਮੜੀ ਸੜਨ ਦੀ ਸਮੱਸਿਆ ਵੀ ਸਾਹਮਣੇ ਆਉਂਦੀ ਹੈ। ਆਮ ਤੌਰ ‘ਤੇ ਭਾਰਤ ‘ਚ ਲੋਕ ਸੜਨ ‘ਤੇ ਠੰਡਾ ਪਾਣੀ ਪਾਉਂਦੇ ਹਨ ਜਾਂ ਸੜੀ ਹੋਈ ਥਾਂ ‘ਤੇ ਟੂਥਪੇਸਟ ਲਗਾ ਦਿੰਦੇ ਹਨ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਚਮੜੀ ਸੜ ਜਾਣ ‘ਤੇ ਤੁਰੰਤ ਕੀ ਕਰਨਾ ਚਾਹੀਦਾ ਹੈ ਤੇ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ।
ਭਾਰਤ ‘ਚ ਕਈ ਅਜਿਹੇ ਘਰੇਲੂ ਨੁਸਖੇ ਵੀ ਵਰਤੇ ਜਾਂਦੇ ਹਨ, ਜਿਨ੍ਹਾਂ ਕਾਰਨ ਸੜੀ ਹੋਈ ਚਮੜੀ ‘ਤੇ ਜਲਣ ਹੋਰ ਵੱਧ ਸਕਦੀ ਹੈ। ਆਓ ਜਾਣਦੇ ਹਾਂ ਮਾਹਿਰਾਂ ਦੀ ਸਲਾਹ ਮੁਤਾਬਕ ਚਮੜੀ ਸੜਨ ‘ਤੇ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ।
ਪਟਾਕਿਆਂ ਨਾਲ ਚਮੜੀ ਸੜ ਜਾਵੇ ਤਾਂ ਕੀ ਕਰੀਏ?
ਡਾਕਟਰ ਦੀਕਸ਼ਾ ਕਟਿਆਰ (ਫਾਊਂਡਰ ਅਤੇ ਮੈਨੇਜਿੰਗ ਡਾਇਰੈਕਟਰ, ਵੀ ਕਲੀਨਿਕ ਹੋਮਿਓਪੈਥੀ) ਮੁਤਾਬਕ ਦੀਵਾਲੀ ਦੌਰਾਨ ਪਟਾਕਿਆਂ, ਦੀਵਿਆਂ ਜਾਂ ਗਰਮ ਤੇਲ ਕਾਰਨ ਚਮੜੀ ਸੜ ਜਾਣ ‘ਤੇ ਸਭ ਤੋਂ ਜ਼ਰੂਰੀ ਹੈ ਕਿ ਤੁਰੰਤ ਸਹੀ ਮੁੱਢਲੀ ਸਹਾਇਤਾ ਦਿੱਤੀ ਜਾਵੇ। ਸਭ ਤੋਂ ਪਹਿਲਾਂ ਵਿਅਕਤੀ ਨੂੰ ਅੱਗ ਜਾਂ ਗਰਮੀ ਵਾਲੀ ਚੀਜ਼ ਤੋਂ ਦੂਰ ਕਰੋ। ਸੜੇ ਹੋਏ ਹਿੱਸੇ ਨੂੰ ਲਗਭਗ 20 ਮਿੰਟ ਤੱਕ ਆਮ ਠੰਡੇ ਵਗਦੇ ਪਾਣੀ ਹੇਠ ਰੱਖੋ।
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ
ਇਸ ਨਾਲ ਚਮੜੀ ਦੀ ਗਰਮੀ ਘਟਾਉਣ, ਦਰਦ ਤੋਂ ਰਾਹਤ ਦੇਣ ਤੇ ਸੱਟ ਨੂੰ ਹੋਰ ਗੰਭੀਰ ਹੋਣ ਤੋਂ ਰੋਕਣ ‘ਚ ਮਦਦ ਮਿਲਦੀ ਹੈ। ਇਸ ਤੋਂ ਬਾਅਦ ਸੜੇ ਹੋਏ ਹਿੱਸੇ ਨੂੰ ਸਾਫ਼, ਢਿੱਲੇ ਤੇ ਨਾ ਚਿਪਕਣ ਵਾਲੇ ਕੱਪੜੇ ਨਾਲ ਢੱਕਿਆ ਜਾ ਸਕਦਾ ਹੈ। ਜੇਕਰ ਤੁਸੀਂ ਅੰਗੂਠੀ, ਘੜੀ ਜਾਂ ਕੋਈ ਗਹਿਣਾ ਪਹਿਨਿਆ ਹੋਇਆ ਹੈ ਤਾਂ ਸੋਜ ਆਉਣ ਤੋਂ ਪਹਿਲਾਂ ਉਸ ਨੂੰ ਉਤਾਰ ਦਿਓ। ਹਾਲਾਂਕਿ, ਚਮੜੀ ਨਾਲ ਚਿਪਕੇ ਹੋਏ ਕੱਪੜੇ ਨੂੰ ਖਿੱਚ ਕੇ ਬਿਲਕੁਲ ਨਾ ਉਤਾਰੋ।
ਕੀ ਸੜੀ ਹੋਈ ਚਮੜੀ ‘ਤੇ ਟੂਥਪੇਸਟ ਲਗਾਉਣਾ ਸਹੀ ਹੈ?
ਮਾਹਿਰਾਂ ਦਾ ਕਹਿਣਾ ਹੈ ਕਿ ਸੜੇ ਹੋਏ ਹਿੱਸੇ ‘ਤੇ ਬਰਫ਼, ਘਿਓ, ਤੇਲ, ਟੂਥਪੇਸਟ ਜਾਂ ਕਿਸੇ ਵੀ ਤਰ੍ਹਾਂ ਦਾ ਘਰੇਲੂ ਲੇਪ ਬਿਲਕੁਲ ਨਹੀਂ ਲਗਾਉਣਾ ਚਾਹੀਦਾ। ਜੇਕਰ ਸੜਨ ਕਾਰਨ ਛਾਲੇ ਪੈ ਜਾਣ ਤਾਂ ਉਨ੍ਹਾਂ ਨੂੰ ਫੋੜਨਾ ਵੀ ਨਹੀਂ ਚਾਹੀਦਾ। ਜੇਕਰ ਸੜਨ ਡੂੰਘੀ ਹੈ ਜਾਂ ਸਰੀਰ ਦੇ ਵੱਡੇ ਹਿੱਸੇ ‘ਤੇ ਹੋਈ ਹੈ, ਚਿਹਰਾ, ਹੱਥ ਜਾਂ ਪੈਰ ਪ੍ਰਭਾਵਿਤ ਹਨ ਜਾਂ ਸਾਹ ਲੈਣ ‘ਚ ਮੁਸ਼ਕਲ ਆ ਰਹੀ ਹੈ ਤਾਂ ਤੁਰੰਤ ਹਸਪਤਾਲ ਜਾਣਾ ਚਾਹੀਦਾ ਹੈ। ਬੱਚਿਆਂ ਦੇ ਜ਼ਖ਼ਮੀ ਹੋਣ ‘ਤੇ ਵੀ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ
ਪਟਾਕੇ ਚਲਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
- ਜੇਕਰ ਤੁਸੀਂ ਪਟਾਕੇ ਚਲਾ ਰਹੇ ਹੋ ਤਾਂ ਬੱਚਿਆਂ ਨੂੰ ਅਜਿਹੇ ਕੱਪੜੇ ਪਹਿਨਾਉਣ ਤੋਂ ਬਚੋ, ਜਿਨ੍ਹਾਂ ਨੂੰ ਅੱਗ ਜਲਦੀ ਲੱਗ ਸਕਦੀ ਹੈ।
- ਚਮਕਦਾਰ ਤੇ ਆਕਰਸ਼ਕ ਦਿਖਣ ਲਈ ਮਾਪੇ ਖੁਦ ਤੇ ਬੱਚਿਆਂ ਨੂੰ ਰੇਸ਼ਮ ਵਰਗੇ ਕੱਪੜੇ ਪਹਿਨਾਉਂਦੇ ਹਨ, ਪਰ ਅਜਿਹੇ ਕੱਪੜਿਆਂ ਨੂੰ ਅੱਗ ਲੱਗਣ ਦਾ ਖ਼ਤਰਾ ਰਹਿੰਦਾ ਹੈ।
- ਪਟਾਕੇ ਚਲਾਉਂਦੇ ਸਮੇਂ ਆਪਣੇ ਆਲੇ-ਦੁਆਲੇ ਪਾਣੀ ਨਾਲ ਭਰੀਆਂ ਘੱਟੋ-ਘੱਟ ਦੋ ਬਾਲਟੀਆਂ ਜ਼ਰੂਰ ਰੱਖੋ। ਵੱਡੇ ਹਾਦਸੇ ਤੋਂ ਬਚਣ ਲਈ ਇਹ ਬਹੁਤ ਜ਼ਰੂਰੀ ਹੈ।
- ਜੇਕਰ ਬੱਚੇ ਪਟਾਕੇ ਚਲਾ ਰਹੇ ਹਨ ਤਾਂ ਉਨ੍ਹਾਂ ਨੂੰ ਹਮੇਸ਼ਾ ਵੱਡਿਆਂ ਦੀ ਨਿਗਰਾਨੀ ਹੇਠ ਹੀ ਅਜਿਹਾ ਕਰਨ ਦਿਓ।
- ਕੁੜੀਆਂ ਤੇ ਔਰਤਾਂ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਦੀਵਾ ਜਾਂ ਮੋਮਬੱਤੀ ਜਗਾਉਂਦੇ ਸਮੇਂ ਆਪਣੇ ਵਾਲ ਬੰਨ੍ਹ ਕੇ ਰੱਖਣ। ਇਸ ਦੌਰਾਨ ਕੱਪੜਿਆਂ ਦਾ ਵੀ ਖ਼ਾਸ ਧਿਆਨ ਰੱਖੋ।


