ਸੁਪਰੀਮ ਕੋਰਟ ਨੇ ਦਿੱਤੀ ਐਕਸ਼ਨ ਦੀ ਇਜਾਜਤ, ਹੁਣ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦਾ ਦਿੱਲੀ ਵਿੱਚ ਕੀ ਹੋਵੇਗਾ?
Supreme Court on Old Vehicles: 12 ਅਗਸਤ ਨੂੰ ਆਪਣੇ ਫੈਸਲੇ ਵਿੱਚ, ਸੁਪਰੀਮ ਕੋਰਟ ਨੇ 15 ਸਾਲ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਵਿਰੁੱਧ ਕਾਰਵਾਈ 'ਤੇ ਪਾਬੰਦੀ ਲਗਾ ਦਿੱਤੀ ਸੀ। ਅਦਾਲਤ ਨੇ ਹੁਣ ਆਪਣੇ ਫੈਸਲੇ ਵਿੱਚ ਸੋਧ ਕੀਤੀ ਹੈ। ਬੁੱਧਵਾਰ ਨੂੰ, ਅਦਾਲਤ ਨੇ ਕਿਹਾ ਕਿ ਇਹ ਰਾਹਤ ਸਿਰਫ BS4 ਜਾਂ BS6 ਐਮੀਸ਼ਨ ਨਾਰਮਸ ਵਾਲੇ ਵਾਹਨਾਂ 'ਤੇ ਲਾਗੂ ਹੋਵੇਗੀ।
ਸੁਪਰੀਮ ਕੋਰਟ ਨੇ ਦਿੱਲੀ ਵਿੱਚ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਨੂੰ ਲੈ ਕੇ ਆਪਣੇ ਫੈਸਲੇ ਵਿੱਚ ਸੋਧ ਕੀਤੀ ਹੈ। ਅਦਾਲਤ ਨੇ ਪਹਿਲਾਂ ਦਿੱਲੀ ਸਰਕਾਰ ਨੂੰ ਐਂਡ ਆਫ ਲਾਈਫ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਤੋਂ ਰੋਕ ਦਿੱਤਾ ਸੀ। ਇਸ ਫੈਸਲੇ ਨੇ ਉਨ੍ਹਾਂ ਲੋਕਾਂ ਨੂੰ ਰਾਹਤ ਦਿੱਤੀ ਹੈ ਜਿਨ੍ਹਾਂ ਕੋਲ ਪੁਰਾਣੇ ਵਾਹਨ ਹਨ। ਹਾਲਾਂਕਿ, ਬੁੱਧਵਾਰ ਨੂੰ, ਅਦਾਲਤ ਨੇ ਕਿਹਾ ਕਿ ਇਹ ਰਾਹਤ ਸਿਰਫ BS4 ਜਾਂ BS6 ਐਮੀਸ਼ਨ ਨਾਰਮਸ ਵਾਲੇ ਵਾਹਨਾਂ ‘ਤੇ ਲਾਗੂ ਹੋਵੇਗੀ।
ਭਾਰਤ ਵਿੱਚ, 15 ਸਾਲ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਵਿੱਚ BS-III (ਭਾਰਤ ਪੜਾਅ 3) ਦੇ ਅਨੁਕੂਲ ਇੰਜਣ ਹੁੰਦਾ ਹੈ। ਇਹ ਹੁਕਮ 14.7 ਲੱਖ ਤੋਂ ਵੱਧ BS-1 ਕਾਰਾਂ, ਤਿੰਨ ਪਹੀਆ ਵਾਹਨਾਂ, ਦੋ ਪਹੀਆ ਵਾਹਨਾਂ, ਬੱਸਾਂ ਅਤੇ ਮਾਲ ਢੋਆ-ਢੁਆਈ ਵਾਲੀਂ ਗੱਡੀਆਂ, 38.7 ਲੱਖ ਤੋਂ ਵੱਧ BS-2 ਵਾਲੀਆਂ ਗੱਡੀਆਂ ਅਤੇ 53.7 ਲੱਖ BS-3 ਵਾਲੀਆਂ ਗੱਡੀਆਂ ਨੂੰ ਪ੍ਰਭਾਵਿਤ ਕਰੇਗਾ।
ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਇਮਲਿਆ ਬਾਗਚੀ ਅਤੇ ਵਿਪੁਲ ਐਮ ਪੰਚੋਲੀ ਦੀ ਬੈਂਚ ਨੇ ਇਹ ਹੁਕਮ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਦੀ ਇੱਕ ਅਰਜ਼ੀ ‘ਤੇ ਜਾਰੀ ਕੀਤਾ। ਬੈਂਚ ਨੇ ਕਿਹਾ ਕਿ ਸਿਰਫ਼ BS-4 ਅਤੇ BS-6 ਅਨੁਕੂਲ ਵਾਹਨਾਂ ਨੂੰ ਹੀ ਕਾਰਵਾਈ ਤੋਂ ਛੋਟ ਦਿੱਤੀ ਜਾਵੇਗੀ ਜੇਕਰ ਉਹ 15 ਸਾਲ ਤੋਂ ਪੁਰਾਣੇ ਹਨ।
ਇਸ ਤੋਂ ਪਹਿਲਾਂ, 12 ਅਗਸਤ ਦੇ ਆਪਣੇ ਹੁਕਮ ਵਿੱਚ, ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਸੀ ਕਿ 10 ਸਾਲ ਤੋਂ ਵੱਧ ਪੁਰਾਣੇ ਡੀਜ਼ਲ ਵਾਹਨਾਂ ਅਤੇ 15 ਸਾਲ ਤੋਂ ਵੱਧ ਪੁਰਾਣੇ ਪੈਟਰੋਲ ਵਾਹਨਾਂ ਵਿਰੁੱਧ ਕੋਈ ਜ਼ਬਰਦਸਤੀ ਕਾਰਵਾਈ ਨਾ ਕੀਤੀ ਜਾਵੇ। ਹਾਲਾਂਕਿ, ਮੌਜੂਦਾ ਹਵਾ ਗੁਣਵੱਤਾ ਨੂੰ ਦੇਖਦੇ ਹੋਏ, ਅਦਾਲਤ ਨੇ BS-IV ਤੋਂ ਪਹਿਲਾਂ ਬਣਾਏ ਗਏ ਪੁਰਾਣੇ ਵਾਹਨਾਂ ਵਿਰੁੱਧ ਕਾਰਵਾਈ ਦੀ ਇਜਾਜਤ ਦੇ ਦਿੱਤੀ ਹੈ।
ਦਿੱਲੀ ਸਰਕਾਰ ਨੇ ਕੀ ਕਿਹਾ?
ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ BS6 ਤੋਂ ਘੱਟ ਵਾਹਨਾਂ ਨੂੰ ਫਿਲਹਾਲ ਦਿੱਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਪ੍ਰਦੂਸ਼ਣ ਸਰਟੀਫਿਕੇਟ ਦਿਖਾਉਣ ਤੇ ਹੀ ਫਿਊਲ ਉਪਲਬਧ ਹੋਵੇਗਾ। ਦਿੱਲੀ ਵਿੱਚ ਰਜਿਸਟਰਡ BS4 ਡੀਜ਼ਲ ਵਾਹਨਾਂ ਨੂੰ ਨਹੀਂ ਰੋਕਿਆ ਜਾਵੇਗਾ। ਬਾਕੀ ਜੋ ਸੁਪਰੀਮ ਕੋਰਟ ਦੇ ਹੁਕਮ ਹਨ, ਉਨ੍ਹਾਂ ਨੂੰ ਵੀ ਦੇਖਾਂਗੇ।
ਇਹ ਵੀ ਪੜ੍ਹੋ
BSIII ਵਾਹਨਾਂ ਦੇ ਵਿਰੁੱਧ SC ਗਈ ਸੀ CAQM
ਦਿੱਲੀ-NCR ਵਿੱਚ ਗੰਭੀਰ ਪ੍ਰਦੂਸ਼ਣ ਦਾ ਹਵਾਲਾ ਦਿੰਦੇ ਹੋਏ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CAQM) ਨੇ ਕਿਹਾ ਕਿ ਪੁਰਾਣੇ ਇੰਜਣਾਂ ਵਾਲੇ ਵਾਹਨ (BSIII) ਪ੍ਰਦੂਸ਼ਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਅਤੇ ਉਨ੍ਹਾਂ ਨੂੰ ਕੋਈ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ। CAQM ਨੇ ਪਾਇਆ ਕਿ ਦਿੱਲੀ-NCR ਵਿੱਚ ਸੜਕਾਂ ‘ਤੇ ਚੱਲਣ ਵਾਲੇ 2.88 ਕਰੋੜ ਵਾਹਨਾਂ ਵਿੱਚੋਂ, ਲਗਭਗ 93 ਪ੍ਰਤੀਸ਼ਤ ਹਲਕੇ ਮੋਟਰ ਵਾਹਨ ਹਨ, ਭਾਵ, ਕਾਰਾਂ ਅਤੇ ਦੋਪਹੀਆ ਵਾਹਨ। ਇਹਨਾਂ ਵਿੱਚੋਂ, ਲਗਭਗ 37% BSIII ਜਾਂ ਪੁਰਾਣੇ ਇੰਜਣਾਂ ‘ਤੇ ਚੱਲਦੇ ਹਨ।
CAQM ਵੱਲੋਂ ਸੁਪਰੀਮ ਕੋਰਟ ਵਿੱਚ ਜਮ੍ਹਾਂ ਕਰਵਾਏ ਗਏ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਇਹ ਵਾਹਨ ਨਵੇਂ ਵਾਹਨਾਂ ਨਾਲੋਂ 2.5 ਤੋਂ 31 ਗੁਣਾ ਜ਼ਿਆਦਾ ਪਾਰਟਿਕੁਲੇਟ ਮੈਟਰ, 6.25 ਤੋਂ 12 ਗੁਣਾ ਜ਼ਿਆਦਾ ਨਾਈਟ੍ਰੋਜਨ ਆਕਸਾਈਡ ਅਤੇ 1.28 ਤੋਂ 5.4 ਗੁਣਾ ਜ਼ਿਆਦਾ ਕਾਰਬਨ ਮੋਨੋਆਕਸਾਈਡ ਦਾ ਨਿਕਾਸ ਕਰਦੇ ਹਨ। ਅਦਾਲਤ ਵਿੱਚ ਚੱਲ ਰਹੇ ਹਵਾ ਪ੍ਰਦੂਸ਼ਣ ਕੇਸ ਵਿੱਚ ਐਮਿਕਸ ਕਿਊਰੀ, ਸੀਨੀਅਰ ਵਕੀਲ ਅਪਰਾਜਿਤਾ ਸਿੰਘ ਨੇ ਕਿਹਾ ਕਿ BS-IV 2010 ਵਿੱਚ ਆਇਆ ਸੀ ਅਤੇ BS-III ਮਾਡਲ ਉਸ ਤੋਂ ਪਹਿਲਾਂ ਦੇ ਹਨ।


