ਭਾਜਪਾ ਵਿੱਚ ਜਾਂ ਤਾਂ ਕਾਂਗਰਸੀ ਹਨ ਜਾਂ AAP ਵਾਲੇ, ਉਨ੍ਹਾਂ ਕੋਲ 117 ਆਗੂ ਵੀ ਨਹੀਂ ਹਨ, ਬੋਲੇ- CM ਮਾਨ
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। TV9 ਦੇ ਵਿਸ਼ੇਸ਼ ਪ੍ਰੋਗਰਾਮ ਸੱਤਾ ਸੰਮੇਲਨ-ਪੰਜਾਬ ਵਿੱਚ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ 'ਤੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਤੋੜ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਦਾ ਦੋਸ਼ ਲਗਾਇਆ।
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। TV9 ਦੇ ਵਿਸ਼ੇਸ਼ ਪ੍ਰੋਗਰਾਮ ਸੱਤਾ ਸੰਮੇਲਨ-ਪੰਜਾਬ ਵਿੱਚ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ ‘ਤੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਤੋੜ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਆਪਣੇ ਆਗੂ ਤੱਕ ਨਹੀਂ ਹਨ ਅਤੇ ਪਾਰਟੀ ਵਿੱਚ ਜਾਂ ਤਾਂ ਕਾਂਗਰਸ ਤੋਂ ਆਏ ਆਗੂ ਹਨ ਜਾਂ ਫਿਰ ਆਮ ਆਦਮੀ ਪਾਰਟੀ ਤੋਂ ਗਏ ਲੋਕ ਸ਼ਾਮਲ ਹਨ।
ਸੀਐੱਮ ਭਗਵੰਤ ਮਾਨ ਨੇ ਭਾਜਪਾ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਪਾਰਟੀ ਵੱਖ-ਵੱਖ ਥਾਵਾਂ ਤੋਂ ਪੁਰਜ਼ੇ ਇਕੱਠੇ ਕਰਕੇ ਇੰਜਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, “ਭਾਜਪਾ ਵਿੱਚ ਜਾਂ ਤਾਂ ਕਾਂਗਰਸੀ ਹਨ ਜਾਂ AAP ਵਾਲੇ… ਉਨ੍ਹਾਂ ਕੋਲ 117 ਬੰਦੇ ਵੀ ਨਹੀਂ ਹਨ… ਸਾਡੇ ਵਾਲਿਆਂ ਨੂੰ ਲੈ ਜਾਣਗੇ।” ਭਗਵੰਤ ਮਾਨ ਨੇ ਕਿਹਾ ਕਿ ਅੱਜ ਭਾਜਪਾ ਵਿੱਚ ਕਾਂਗਰਸ ਦੇ ਵੱਡੇ-ਵੱਡੇ ਆਗੂ ਮੂਹਰਲੀ ਕਤਾਰ ਵਿੱਚ ਬੈਠੇ ਨਜ਼ਰ ਆਉਂਦੇ ਹਨ।
ਭਾਜਪਾ ‘ਚ ਸ਼ਾਮਲ ਹੋਏ ਸਾਬਕਾ ਕਾਂਗਰਸੀ ਆਗੂਆਂ ਦੇ ਨਾਮ ਗਿਣਾਏ
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਵਿੱਚ ਸ਼ਾਮਲ ਹੋਏ ਪੰਜਾਬ ਦੇ ਸਾਬਕਾ ਕਾਂਗਰਸੀ ਆਗੂਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਢੇ ਚਾਰ ਸਾਲ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਹੁਣ ਭਾਜਪਾ ਵਿੱਚ ਹਨ, ਜਦੋਂਕਿ ਮਨਪ੍ਰੀਤ ਸਿੰਘ ਬਾਦਲ ਪੰਜ ਸਾਲ ਤੱਕ ਉਨ੍ਹਾਂ ਦੀ ਸਰਕਾਰ ਵਿੱਚ ਵਿੱਤ ਮੰਤਰੀ ਰਹੇ, ਪਰ ਹੁਣ ਉਹ ਵੀ ਭਾਜਪਾ ਵਿੱਚ ਹਨ। ਮਾਨ ਨੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਤਿੰਨ ਵਾਰ ਸੰਸਦ ਮੈਂਬਰ ਰਹੇ ਰਵਨੀਤ ਸਿੰਘ ਬਿੱਟੂ ਦਾ ਵੀ ਨਾਮ ਲਿਆ। ਉਨ੍ਹਾਂ ਕਿਹਾ ਕਿ ਇਹ ਸਾਰੇ ਆਗੂ ਪਹਿਲਾਂ ਕਾਂਗਰਸ ਵਿੱਚ ਸਨ ਅਤੇ ਹੁਣ ਭਾਜਪਾ ਵਿੱਚ ਹਨ। ਮਾਨ ਨੇ ਇਸ ਨੂੰ ਵੱਖ-ਵੱਖ ਪਾਰਟੀਆਂ ਤੋਂ ਆਏ ਆਗੂਆਂ ਦਾ ਇਕੱਠ ਦੱਸਦਿਆਂ ਕਿਹਾ ਕਿ ਭਾਜਪਾ ਦਾ ਇੰਜਣ ਵੱਖ-ਵੱਖ ਕੰਪਨੀਆਂ ਦੇ ਪੁਰਜ਼ਿਆਂ ਤੋਂ ਬਣਿਆ ਹੈ ਅਤੇ ਅਜਿਹੇ ਇੰਜਣ ਜ਼ਿਆਦਾ ਦੇਰ ਤੱਕ ਨਹੀਂ ਚੱਲਦੇ।
ਟਿਕਟ ਕੱਟਣ ‘ਤੇ ਵਿਧਾਇਕ ਛੱਡ ਰਹੇ ਨੇ ਪਾਰਟੀ: CM ਮਾਨ
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਬਾਗ਼ੀ ਹੋਣ ਅਤੇ ਕੁਝ ਆਗੂਆਂ ਦੇ ਭਾਜਪਾ ਵਿੱਚ ਜਾਣ ਦੇ ਸਵਾਲ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਂਦੀਆਂ ਹਨ, ਉਹ ਪਾਰਟੀ ਛੱਡ ਸਕਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਦੋ-ਚਾਰ ਵਿਧਾਇਕ ਅਜਿਹਾ ਕਰ ਸਕਦੇ ਹਨ। ਮਾਨ ਨੇ ਸਪੱਸ਼ਟ ਕੀਤਾ ਕਿ ਜਦੋਂ ਪਾਰਟੀ ਨੇ ਇਨ੍ਹਾਂ ਆਗੂਆਂ ਨੂੰ ਵਿਧਾਇਕ ਬਣਾਇਆ ਸੀ, ਉਦੋਂ ਇਨ੍ਹਾਂ ਨੂੰ ਘਰੋਂ ਚੁੱਕ ਕੇ ਲਿਆਂਦਾ ਗਿਆ ਸੀ—ਇਹ ਕੋਈ ਪੱਕੀ ਨੰਬਰਦਾਰੀ ਨਹੀਂ ਹੈ ਕਿ ਟਿਕਟ ਹਮੇਸ਼ਾ ਉਸੇ ਕੋਲ ਹੀ ਰਹੇਗੀ।
ਸੀਐੱਮ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਜਿਨ੍ਹਾਂ ਵਿਧਾਇਕਾਂ ਨੇ ਚੰਗਾ ਕੰਮ ਕੀਤਾ ਹੈ, ਉਨ੍ਹਾਂ ਨੂੰ ਮੁੜ ਮੌਕਾ ਵੀ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ AAP ਵਿੱਚ ਟਿਕਟ ਦੇਣ ਲਈ ਨਾ ਤਾਂ ਕੋਈ ਲੌਬਿੰਗ ਹੁੰਦੀ ਹੈ, ਨਾ ਸਿਫ਼ਾਰਸ਼ ਅਤੇ ਨਾ ਹੀ ਕਿਸੇ ਦਾ ਕੋਟਾ ਚੱਲਦਾ ਹੈ, ਸਗੋਂ ਪਾਰਟੀ ਸਰਵੇ ਕਰਵਾਉਂਦੀ ਹੈ ਅਤੇ ਜਨਤਾ ਦੀ ਪਸੰਦ ਦੇ ਆਧਾਰ ‘ਤੇ ਹੀ ਉਮੀਦਵਾਰਾਂ ਦੀ ਚੋਣ ਕਰਦੀ ਹੈ।


