8ਵਾਂ ਤਨਖਾਹ ਕਮਿਸ਼ਨ: ਫੌਜ ‘ਚ ਵੱਡੇ ਬਦਲਾਅ ਦੀ ਤਿਆਰੀ… ਖ਼ਤਮ ਹੋਵੇਗਾ ਬ੍ਰਿਗੇਡੀਅਰ ਰੈਂਕ, ਰਿਟਾਇਰਮੈਂਟ ਦੀ ਉਮਰ ਵਧਾਉਣ ਦਾ ਵੀ ਪ੍ਰਸਤਾਵ!
ਪ੍ਰਸਤਾਵ ਮੁਤਾਬਕ ਫੌਜ 'ਚ ਅਧਿਕਾਰੀਆਂ ਨੂੰ ਘੱਟ ਸਮੇਂ 'ਚ ਤਰੱਕੀ ਦੇ ਵੱਧ ਮੌਕੇ ਦੇਣ ਦੀ ਯੋਜਨਾ ਹੈ। ਇਸ ਲਈ ਕਰਨਲ ਬਣਨ ਦੀ ਸਮਾਂ-ਸੀਮਾ 14 ਸਾਲ ਤੇ ਮੇਜਰ ਜਨਰਲ ਦੇ ਪੇ-ਲੈਵਲ ਤੱਕ ਪਹੁੰਚਣ ਦੀ ਸਮਾਂ-ਸੀਮਾ 26 ਸਾਲ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਇਸ ਪ੍ਰਸਤਾਵ ਨੂੰ ਰੱਖਿਆ ਮੰਤਰਾਲੇ ਰਾਹੀਂ 8ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਸਾਹਮਣੇ ਰੱਖਣ ਦੀ ਤਿਆਰੀ ਹੈ।
ਭਾਰਤੀ ਫੌਜ ‘ਚ ਅਧਿਕਾਰੀਆਂ ਦੇ ਤਰੱਕੀ ਸਿਸਟਮ (Promotion System) ‘ਚ ਵੱਡੇ ਬਦਲਾਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਹਿਤ ਬ੍ਰਿਗੇਡੀਅਰ ਰੈਂਕ ਖ਼ਤਮ ਕਰਨ ਤੇ ਕਰਨਲ ਤੋਂ ਬਾਅਦ ਸਿੱਧਾ ਮੇਜਰ ਜਨਰਲ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਦੀ ਰਿਟਾਇਰਮੈਂਟ ਦੀ ਉਮਰ 54 ਸਾਲ ਤੋਂ ਵਧਾ ਕੇ 56 ਸਾਲ ਕਰਨ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।
ਫੌਜ ਤਰੱਕੀ ਸਿਸਟਮ ‘ਚ ਬਦਲਾਅ ਕਿਉਂ ਕਰਨਾ ਚਾਹੁੰਦੀ ਹੈ?
ਦਰਅਸਲ, ਫੌਜ ‘ਚ ਅਧਿਕਾਰੀਆਂ ਦਾ ਮੌਜੂਦਾ ਢਾਂਚਾ ਪਿਰਾਮਿਡ ਵਰਗਾ ਹੈ। ਯਾਨੀ ਹੇਠਲੇ ਰੈਂਕਾਂ ‘ਤੇ ਅਧਿਕਾਰੀਆਂ ਦੀ ਗਿਣਤੀ ਜ਼ਿਆਦਾ ਹੈ, ਜਦਕਿ ਉੱਚੇ ਅਹੁਦਿਆਂ ਤੱਕ ਪਹੁੰਚਣ ਦੇ ਮੌਕੇ ਕਾਫ਼ੀ ਘੱਟ ਹਨ। ਇਸ ਕਾਰਨ ਕਈ ਯੋਗ ਅਧਿਕਾਰੀਆਂ ਨੂੰ ਲੰਬੇ ਸਮੇਂ ਤੱਕ ਤਰੱਕੀ ਦੀ ਉਡੀਕ ਕਰਨੀ ਪੈਂਦੀ ਹੈ। ਪ੍ਰਸਤਾਵ’ਚ ਦੱਸਿਆ ਗਿਆ ਹੈ ਕਿ ਫੌਜ ਦੇ ਲਗਭਗ 86 ਫ਼ੀਸਦੀ ਅਧਿਕਾਰੀ ਲੈਫਟੀਨੈਂਟ ਕਰਨਲ ਜਾਂ ਇਸ ਤੋਂ ਹੇਠਲੇ ਰੈਂਕ ‘ਤੇ ਹਨ। ਜਦਕਿ ਕਰਨਲ ਦੇ ਅਹੁਦੇ ਲਗਭਗ 10.5 ਫ਼ੀਸਦੀ, ਬ੍ਰਿਗੇਡੀਅਰ ਦੇ 2.5 ਫ਼ੀਸਦੀ ਤੇ ਮੇਜਰ ਜਨਰਲ ਦੇ ਅਹੁਦੇ ਸਿਰਫ਼ 0.8 ਫ਼ੀਸਦੀ ਹਨ।
14 ਸਾਲ ‘ਚ ਕਰਨਲ, 26 ਸਾਲ ‘ਚ ਮੇਜਰ ਜਨਰਲ ਬਣਾਉਣ ਦਾ ਪ੍ਰਸਤਾਵ
ਨਵੇਂ ਤਰੱਕੀ ਸਿਸਟਮ ਵਿੱਚ ਅਧਿਕਾਰੀਆਂ ਲਈ ਸੇਵਾ ਦੇ ਆਧਾਰ ‘ਤੇ ਸਮਾਂ-ਸੀਮਾ ਤੈਅ ਕਰਨ ਦਾ ਸੁਝਾਅ ਦਿੱਤਾ ਗਿਆ ਹੈ।
4 ਸਾਲ ਦੀ ਸੇਵਾ ਤੋਂ ਬਾਅਦ ਮੇਜਰ।
10 ਸਾਲ ਦੀ ਸੇਵਾ ਤੋਂ ਬਾਅਦ ਲੈਫਟੀਨੈਂਟ ਕਰਨਲ।
ਇਹ ਵੀ ਪੜ੍ਹੋ
14 ਸਾਲ ਦੀ ਸੇਵਾ ਤੋਂ ਬਾਅਦ ਕਰਨਲ।
20 ਤੋਂ 21 ਸਾਲ ਦੀ ਸੇਵਾ ਤੋਂ ਬਾਅਦ ਮੇਜਰ ਜਨਰਲ ਰੈਂਕ।
26 ਸਾਲ ਦੀ ਸੇਵਾ ਤੋਂ ਬਾਅਦ ਮੇਜਰ ਜਨਰਲ ਦੇ ਪੇ-ਲੈਵਲ ਤੱਕ ਟਾਈਮ-ਸਕੇਲ ਤਰੱਕੀ।
27 ਤੋਂ 28 ਸਾਲ ਦੀ ਸੇਵਾ ਤੋਂ ਬਾਅਦ ਲੈਫਟੀਨੈਂਟ ਜਨਰਲ ਰੈਂਕ ਲਈ ਪ੍ਰਬੰਧ।
ਬ੍ਰਿਗੇਡੀਅਰ ਰੈਂਕ ਖ਼ਤਮ ਕਰਨ ਦੀ ਤਿਆਰੀ
ਇਸ ਪ੍ਰਸਤਾਵ ਦਾ ਸਭ ਤੋਂ ਵੱਡਾ ਬਦਲਾਅ ਬ੍ਰਿਗੇਡੀਅਰ ਰੈਂਕ ਨੂੰ ਖ਼ਤਮ ਕਰਨਾ ਹੈ। ਮੌਜੂਦਾ ਸਮੇਂ ‘ਚ ਬ੍ਰਿਗੇਡੀਅਰ ਬ੍ਰਿਗੇਡ ਦੀ ਕਮਾਨ ਸੰਭਾਲਦੇ ਹਨ, ਜਦਕਿ ਮੇਜਰ ਜਨਰਲ ਕੋਲ ਆਮ ਤੌਰ ‘ਤੇ ਡਿਵੀਜ਼ਨ ਦੀ ਜ਼ਿੰਮੇਵਾਰੀ ਹੁੰਦੀ ਹੈ। ਨਵੇਂ ਪ੍ਰਸਤਾਵ ਮੁਤਾਬਕ ਮੇਜਰ ਜਨਰਲ ਰੈਂਕ ਦੇ ਅਧਿਕਾਰੀ ਬ੍ਰਿਗੇਡ ਤੇ ਡਿਵੀਜ਼ਨ ਦੋਵਾਂ ਦੀ ਕਮਾਨ ਸੰਭਾਲ ਸਕਣਗੇ। ਇਸ ਨਾਲ ਫੌਜ ਦੇ ਕਮਾਂਡ ਸਟ੍ਰਕਚਰ ‘ਚੋਂ ਇੱਕ ਰੈਂਕ ਘੱਟ ਹੋ ਜਾਵੇਗਾ ਤੇ ਅਧਿਕਾਰੀਆਂ ਲਈ ਤਰੱਕੀ ਦੇ ਰਸਤੇ ਖੁੱਲ੍ਹ ਸਕਣਗੇ।
Source: TV9Hindi.com


