ਖੇਤਾਂ ਰਾਹੀਂ ਬਣਦੀ ਤੇ ਵਿਗੜਦੀ ਹੈ ਪੰਜਾਬ ਦੀ ਸਿਆਸਤ ਦੀ ਤਸਵੀਰ, ਕਿਸਾਨ ਕਿਵੇਂ ਬਣਦੇ ਨੇ ਸੱਤਾ ਦੇ ਕਿੰਗਮੇਕਰ? ਜਾਣੋ…
ਮਾਲਵਾ ਖੇਤਰ ਵਿੱਚ ਇਸ ਵਾਰ ਮੌਸਮ ਅਨੁਕੂਲ ਹੋਣ ਕਾਰਨ ਕਣਕ ਦੀ ਬੰਪਰ ਪੈਦਾਵਾਰ ਹੋਈ ਹੈ। ਲੰਮੀ ਸਰਦੀ ਕਾਰਨ ਪੰਜਾਬ ਖੇਤੀਬਾੜੀ ਵਿਭਾਗ ਨੇ ਇਸ ਵਾਰ ਸੂਬੇ ਵਿੱਚ ਕੁੱਲ ਕਣਕ ਦੀ ਪੈਦਾਵਾਰ 162 ਲੱਖ ਟਨ ਹੋਣ ਦਾ ਅਨੁਮਾਨ ਲਗਾਇਆ ਹੈ। ਇਨ੍ਹਾਂ ਅਨੁਮਾਨਾਂ ਦੇ ਆਧਾਰ 'ਤੇ ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ 132 ਲੱਖ ਟਨ ਕਣਕ ਦੀ ਖਰੀਦ ਦਾ ਟੀਚਾ ਮਿੱਥਿਆ ਹੈ ਪਰ ਇਸ ਵਾਰ ਕਣਕ ਦੀ ਪੈਦਾਵਾਰ 182.57 ਲੱਖ ਟਨ ਦੇ ਸਭ ਤੋਂ ਉੱਚੇ ਪੱਧਰ ਦੇ ਨੇੜੇ ਪਹੁੰਚ ਸਕਦੀ ਹੈ।
ਖੇਤਾਂ ਰਾਹੀਂ ਬਣਦੀ ਤੇ ਵਿਗੜਦੀ ਹੈ ਪੰਜਾਬ ਦੀ ਸਿਆਸਤ ਦੀ ਤਸਵੀਰ, ਕਿਸਾਨ ਕਿਵੇਂ ਬਣਦੇ ਨੇ ਸੱਤਾ ਦੇ ਕਿੰਗਮੇਕਰ? ਜਾਣੋ…
ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਐਵੇਂ ਹੀ ਨਹੀਂ ਕਿਹਾ ਜਾਂਦਾ ਸਗੋਂ ਖੇਤੀ ਹੀ ਇੱਕ ਅਜਿਹਾ ਕਿੱਤਾ ਹੈ ਜੋ ਇਸ ਇਲਾਕੇ ਵਿੱਚ ਪ੍ਰਧਾਨਗੀ ਕਰਦਾ ਹੈ। ਚਾਹੇ ਫਿਰ ਉਹ ਗੱਲ ਆਰਥਿਕਤਾ ਦੀ ਹੋਵੇ ਜਾਂ ਫਿਰ ਸਿਆਸਤ ਦੀ। ਇੱਥੋਂ ਦੇ ਖੇਤਾਂ ਵਿੱਚ ਨਾ ਸਿਰਫ਼ ਫ਼ਸਲਾਂ ਦੇ ਬੀਜ ਬੀਜੇ ਜਾਂਦੇ ਹਨ, ਸਗੋਂ ਸਿਆਸਤ ਦੇ ਬੀਜ ਵੀ ਇੱਥੋਂ ਦੇ ਖੇਤਾਂ ਵਿੱਚ ਹੀ ਉੱਗਦੇ ਹਨ। ਸੂਬੇ ਦੀ ਆਰਥਿਕਤਾ ਤੋਂ ਇਲਾਵਾ ਮਾਲਵੇ ਦੀ ਵਾਹੀਯੋਗ ਜ਼ਮੀਨ ਪੰਜਾਬ ਦੀ ਸਿਆਸੀ ਤਸਵੀਰ ਵੀ ਤੈਅ ਕਰਦੀ ਹੈ। ਇਨ੍ਹਾਂ ਖੇਤਾਂ ਵਿੱਚ ਫ਼ਸਲਾਂ ਵਧਦੀਆਂ ਹਨ ਅਤੇ ਇਨ੍ਹਾਂ ਖੇਤਾਂ ਵਿੱਚੋਂ ਸਿਆਸੀ ਲਹਿਰਾਂ ਉੱਠਦੀਆਂ ਹਨ। ਪੰਜਾਬ ਦੀ ਖੇਤੀ ਅਤੇ ਸਿਆਸਤ ਦਾ ਨਹੁੰ ਮਾਸ ਵਾਲਾ ਰਿਸ਼ਤਾ ਹੈ।
ਪੰਜਾਬ ਨੇ ਚੰਗੇ ਮਾੜੇ ਦੌਰ ਦੇਖੇ ਹਨ ਪਰ ਹਰ ਇੱਕ ਦੌਰ ਵਿੱਚ ਜਿਸ ਨੇ ਸਾਥ ਦਿੱਤਾ ਉਹ ਪੰਜਾਬ ਦੀਆਂ ਕਿਸਾਨੀ ਅਤੇ ਖੇਤੀ ਹੀ ਸੀ ਜਿਸ ਨੇ ਸਿਰਫ਼ ਪੰਜਾਬ ਦੇ ਨਾਲ ਨਾਲ ਦੇਸ਼ ਦਾ ਢਿੱਡ ਹੀ ਨਹੀਂ ਭਰਿਆ ਸਗੋਂ ਪੰਜਾਬ ਦੇ ਲੋਕਾਂ ਦੀ ਜੇਬ ਅੰਦਰ ਪੈਸੇ ਵੀ ਪਾਏ। ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ। ਜਦੋਂ ਕੋਰੋਨਾ ਵੇਲੇ ਉਦਯੋਗ ਘਾਟੇ ਵਿੱਚ ਜਾ ਰਹੇ ਸਨ ਤਾਂ ਉਸ ਵੇਲੇ ਵੀ ਖੇਤੀ ਕਿਸਾਨਾਂ ਦੇ ਹੌਂਸਲੇ ਬੁਲੰਦ ਕਰ ਰਹੀ ਸੀ।
ਖੇਤੀ ਮਾਹਿਰਾਂ ਦੇ ਕੁੱਝ ਅਨੁਮਾਨਾਂ ਦੇ ਅਨੁਸਾਰ ਇਸ ਵਾਰ ਕਣਕ ਦੀ ਫ਼ਸਲ ਨੇ ਕਿਸਾਨਾਂ ਨੂੰ (ਕੁਝ ਇਲਾਕਾ ਤੋਂ ਬਿਨਾਂ) ਅਮੀਰ ਕਰ ਦਿੱਤਾ ਹੈ। ਅਜਿਹੇ ‘ਚ ਉਮੀਦ ਹੈ ਕਿ ਮਾਲਵੇ ਦੇ ਲੋਕ ਜਮਹੂਰੀਅਤ ਦੇ ਮੇਲੇ ਮੌਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਪਿਛਲਾ ਰਿਕਾਰਡ ਜ਼ਰੂਰ ਤੋੜ ਦੇਣਗੇ। ਕਿਉਂਕਿ ਮੰਨਿਆ ਜਾਂਦਾ ਹੈ ਕਿ ਜਦੋਂ ਫ਼ਸਲ ਚੰਗੀ ਰਹਿੰਦੀ ਹੈ ਤਾਂ ਕਿਸਾਨ ਖੁਸ਼ ਹੋਕੇ ਜ਼ਿਆਦਾ ਪੋਲਿੰਗ ਕਰਦੇ ਹਨ।


