6 ਮਹੀਨਿਆਂ ਬਾਅਦ ਸਸਤਾ ਹੋਇਆ ਗੈਸ ਸਿਲੰਡਰ, ਨਵੇਂ ਸਾਲ ‘ਚ ਚੁਕਾਉਣੀ ਹੋਵੇਗੀ ਇੰਨੀ ਕੀਮਤ
Gas Cylinder New Rates: 1 ਜਨਵਰੀ, 2025 ਨੂੰ ਘਰੇਲੂ ਗੈਸ ਸਿਲੰਡਰਾਂ ਦੇ ਨਾਲ-ਨਾਲ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਨੂੰ ਵੀ ਅਪਡੇਟ ਕੀਤਾ ਗਿਆ ਹੈ। ਆਓ ਤੁਹਾਨੂੰ ਵੀ ਜਾਣਕਾਰੀ ਦਿੰਦੇ ਹਾਂ ਕਿ ਨਵੇਂ ਸਾਲ ਦੇ ਪਹਿਲੇ ਦਿਨ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਆਮ ਲੋਕਾਂ ਨੂੰ ਕਿੰਨੀ ਰਾਹਤ ਮਿਲੀ ਹੈ।
ਨਵੇਂ ਸਾਲ ਦੇ ਪਹਿਲੇ ਦਿਨ ਵੱਡੀ ਰਾਹਤ ਦੀ ਖ਼ਬਰ ਆਈ ਹੈ। ਜੁਲਾਈ ਤੋਂ ਬਾਅਦ ਪਹਿਲੀ ਵਾਰ ਦੇਸ਼ ‘ਚ ਗੈਸ ਸਿਲੰਡਰ ਦੀ ਕੀਮਤ ‘ਚ ਕਮੀ ਆਈ ਹੈ। ਦਰਅਸਲ ਇਹ ਗਿਰਾਵਟ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਦੇਖਣ ਨੂੰ ਮਿਲੀ ਹੈ। ਜਿਸ ‘ਚ ਮਾਮੂਲੀ ਕਮੀ ਦੇਖਣ ਨੂੰ ਮਿਲੀ ਹੈ। ਦੂਜੇ ਪਾਸੇ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਆਖ਼ਰੀ ਵਾਰ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕਮੀ ਮਾਰਚ 2024 ਵਿੱਚ ਹੋਲੀ ਤੋਂ ਪਹਿਲਾਂ ਦੇਖੀ ਗਈ ਸੀ। ਦੇਸ਼ ਦੀਆਂ ਤੇਲ ਕੰਪਨੀਆਂ ਮਹੀਨੇ ਦੀ ਪਹਿਲੀ ਤਾਰੀਖ ਨੂੰ ਗੈਸ ਸਿਲੰਡਰਾਂ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ। ਆਓ ਅਸੀਂ ਤੁਹਾਨੂੰ ਇਹ ਦੱਸਦੇ ਹਾਂ ਕਿ ਤੁਹਾਨੂੰ 2025 ਦੇ ਪਹਿਲੇ ਮਹੀਨੇ ਘਰੇਲੂ ਅਤੇ ਵਪਾਰਕ ਗੈਸ ਸਿਲੰਡਰ ਲਈ ਕੀ ਕੀਮਤ ਅਦਾ ਕਰਨੀ ਪਵੇਗੀ।
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ
IOCL ਦੇ ਅੰਕੜਿਆਂ ਮੁਤਾਬਕ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੇਸ਼ ਦੇ ਚਾਰ ਮਹਾਨਗਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਹੀ ਕੀਮਤ ਅਦਾ ਕਰਨੀ ਪਵੇਗੀ, ਜੋ ਆਖਰੀ ਵਾਰ 9 ਮਾਰਚ, 2024 ਨੂੰ ਅਪਡੇਟ ਕੀਤੀ ਗਈ ਸੀ। ਉਦੋਂ ਤੇਲ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰ ਦੀ ਕੀਮਤ 100 ਰੁਪਏ ਘਟਾ ਦਿੱਤੀ ਸੀ। ਜਿਸ ਤੋਂ ਬਾਅਦ ਦਿੱਲੀ ‘ਚ LPG ਗੈਸ ਸਿਲੰਡਰ ਦੀ ਕੀਮਤ 803 ਰੁਪਏ, ਕੋਲਕਾਤਾ ‘ਚ 829 ਰੁਪਏ, ਮੁੰਬਈ ‘ਚ 802.50 ਰੁਪਏ ਅਤੇ ਚੇਨਈ ‘ਚ 818.50 ਰੁਪਏ ਹੋ ਗਈ ਸੀ।
ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ
ਦੂਜੇ ਪਾਸੇ ਕਰੀਬ 6 ਮਹੀਨਿਆਂ ਬਾਅਦ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਗਿਰਾਵਟ ਆਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 14.5 ਰੁਪਏ ਦੀ ਮਾਮੂਲੀ ਗਿਰਾਵਟ ਆਈ ਹੈ ਅਤੇ ਇਹ 1,804 ਰੁਪਏ ਹੋ ਗਿਆ ਹੈ। ਕੋਲਕਾਤਾ ਵਿੱਚ 16 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਵਪਾਰਕ ਗੈਸ ਸਿਲੰਡਰ ਦੀ ਕੀਮਤ 1,911 ਰੁਪਏ ਹੋ ਗਈ ਹੈ। ਮੁੰਬਈ ‘ਚ 15 ਰੁਪਏ ਦੀ ਗਿਰਾਵਟ ਤੋਂ ਬਾਅਦ ਕੀਮਤ 1,756 ਰੁਪਏ ਹੋ ਗਈ ਹੈ। ਉਥੇ ਹੀ ਚੇਨਈ ‘ਚ 14.5 ਰੁਪਏ ਦੀ ਗਿਰਾਵਟ ਦੇਖੀ ਗਈ ਹੈ ਅਤੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1,966 ਰੁਪਏ ‘ਤੇ ਵੇਖਣ ਨੂੰ ਮਿਲ ਰਹੀ ਹੈ।
5 ਮਹੀਨਿਆਂ ‘ਚ ਕਿੰਨਾ ਮਹਿੰਗਾ ਹੋਇਆ ਸੀ ਸਿਲੰਡਰ?
ਇਸ ਤੋਂ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰ 5 ਮਹੀਨੇ ਯਾਨੀ ਜੁਲਾਈ ਤੋਂ ਦਸੰਬਰ ਤੱਕ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਸੀ। ਦਿੱਲੀ ‘ਚ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 172.5 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਸੀ। ਉਥੇ ਹੀ ਕੋਲਕਾਤਾ ਅਤੇ ਚੇਨਈ ‘ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ 171 ਰੁਪਏ ਦਾ ਵਾਧਾ ਦੇਖਿਆ ਗਿਆ ਸੀ। ਜਦਕਿ ਮੁੰਬਈ ‘ਚ ਕੀਮਤ ਸਭ ਤੋਂ ਵੱਧ 173 ਰੁਪਏ ਵਧੀ ਸੀ। ਮਾਹਿਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ‘ਚ ਕਮਰਸ਼ੀਅਲ ਗੈਸ ਸਿਲੰਡਰ ਅਤੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕਮੀ ਆ ਸਕਦੀ ਹੈ।