ਮੋਹਾਲੀ ਨੇੜੇ ਡਰੇਨ ਤੋਂ ਨੌਜਵਾਨ ਲੜਕੀ ਦੀ ਲਾਸ਼ ਬਰਾਮਦ, ਪੁਲਿਸ ਵੱਲੋਂ ਜਾਂਚ ਜਾਰੀ
Mohali Girl Body Found: ਮਿਲੀ ਜਾਣਕਾਰੀ ਅਨੁਸਾਰ, ਘਟਨਾ ਵਾਲੇ ਇਲਾਕੇ ਵਿੱਚ ਲੰਗਰ ਲੱਗਿਆ ਹੋਇਆ ਸੀ। ਲੰਗਰ ਦੌਰਾਨ ਇੱਕ ਹਲਵਾਈ ਜਦੋਂ ਗੰਦਾ ਪਾਣੀ ਨਿਕਾਸੀ ਵਾਲੀ ਡਰੇਨ ਵਿੱਚ ਸੁੱਟਣ ਗਿਆ, ਤਾਂ ਉਸ ਦੀ ਨਜ਼ਰ ਡਰੇਨ ਵਿੱਚ ਪਏ ਇਕ ਸ਼ੱਕੀ ਅਵਸਥਾ ਵਾਲੇ ਸ਼ਰੀਰ ਤੇ ਪਈ। ਉਸ ਨੇ ਤੁਰੰਤ 112 ਨੰਬਰ ਤੇ ਫ਼ੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾ।
ਮੋਹਾਲੀ ਦੇ ਏਅਰਪੋਰਟ ਰੋਡ ਤੇ ਸਥਿਤ ਐਰੋਸਿਟੀ ਦੇ ਐਚ-ਬਲਾਕ ਨੇੜੇ ਸ਼ੁੱਕਰਵਾਰ ਨੂੰ ਬਰਸਾਤੀ ਡਰੇਨ ਵਿੱਚੋਂ ਇੱਕ ਨੌਜਵਾਨ ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕਾ ਦੀ ਉਮਰ ਕਰੀਬ 20 ਤੋਂ 25 ਸਾਲ ਦਰਮਿਆਨ ਦੱਸੀ ਜਾ ਰਹੀ ਹੈ, ਹਾਲਾਂਕਿ ਅਜੇ ਤੱਕ ਉਸਦੀ ਪਛਾਣ ਨਹੀਂ ਹੋ ਸਕੀ। ਪੁਲਿਸ ਮੁਤਾਬਕ ਲਾਸ਼ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੌਤ ਇੱਕ ਤੋਂ ਦੋ ਦਿਨ ਪਹਿਲਾਂ ਹੋਈ ਹੋ ਸਕਦੀ ਹੈ, ਕਿਉਂਕਿ ਲਾਸ਼ ਸੜਨ ਦੀ ਅਵਸਥਾ ਵਿੱਚ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਡੇਰਾਬੱਸੀ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟਿਆਂ ਲਈ ਪਛਾਣ ਵਾਸਤੇ ਰੱਖਵਾ ਦਿੱਤਾ ਹੈ।
ਹਲਵਾਈ ਨੇ ਦੇਖੀ ਲਾਸ਼
ਮਿਲੀ ਜਾਣਕਾਰੀ ਅਨੁਸਾਰ, ਘਟਨਾ ਵਾਲੇ ਇਲਾਕੇ ਵਿੱਚ ਲੰਗਰ ਲੱਗਿਆ ਹੋਇਆ ਸੀ। ਲੰਗਰ ਦੌਰਾਨ ਇੱਕ ਹਲਵਾਈ ਜਦੋਂ ਗੰਦਾ ਪਾਣੀ ਨਿਕਾਸੀ ਵਾਲੀ ਡਰੇਨ ਵਿੱਚ ਸੁੱਟਣ ਗਿਆ, ਤਾਂ ਉਸ ਦੀ ਨਜ਼ਰ ਡਰੇਨ ਵਿੱਚ ਪਏ ਇਕ ਸ਼ੱਕੀ ਅਵਸਥਾ ਵਾਲੇ ਸ਼ਰੀਰ ਤੇ ਪਈ। ਉਸ ਨੇ ਤੁਰੰਤ 112 ਨੰਬਰ ਤੇ ਫ਼ੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਜੀਰਕਪੁਰ ਥਾਣਾ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਅਤੇ ਡਰੇਨ ਵਿੱਚੋਂ ਲਾਸ਼ ਨੂੰ ਬਾਹਰ ਕੱਢਿਆ। ਪੁਲਿਸ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ
ਪੁਲਿਸ ਅਨੁਸਾਰ, ਮ੍ਰਿਤਕਾ ਕੋਲੋਂ ਕੋਈ ਵੀ ਮੋਬਾਈਲ ਫ਼ੋਨ, ਦਸਤਾਵੇਜ਼ ਜਾਂ ਪਛਾਣ ਪੱਤਰ ਨਹੀਂ ਮਿਲਿਆ। ਇਸ ਕਾਰਨ ਲਾਸ਼ ਦੀ ਪਛਾਣ ਮੁਸ਼ਕਲ ਬਣੀ ਹੋਈ ਹੈ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇਹ ਘਟਨਾ ਹਾਦਸਾ ਹੈ ਜਾਂ ਕਿਸੇ ਨੇ ਕਤਲ ਕਰਕੇ ਲਾਸ਼ ਇੱਥੇ ਸੁੱਟੀ ਹੈ। ਇਸ ਸਬੰਧੀ ਏਅਰਪੋਰਟ ਰੋਡ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
72 ਘੰਟਿਆਂ ਲਈ ਮੋਰਚਰੀ ਵਿੱਚ ਰੱਖੀ ਲਾਸ਼
ਜੀਰਕਪੁਰ ਥਾਣੇ ਦੇ ਏਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ 112 ਨੰਬਰ ਤੇ ਸੂਚਨਾ ਮਿਲਣ ਉਪਰੰਤ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ। ਪ੍ਰਾਰੰਭਿਕ ਜਾਂਚ ਵਿੱਚ ਲਾਸ਼ ਕਰੀਬ ਦੋ ਦਿਨ ਪੁਰਾਣੀ ਲੱਗ ਰਹੀ ਹੈ। ਲਾਸ਼ ਨੂੰ ਪਛਾਣ ਲਈ ਡੇਰਾਬੱਸੀ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟਿਆਂ ਲਈ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਹਰ ਪੱਖੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।