ਕੀ ਤੁਹਾਡੇ ਮਨਪਸੰਦ ਰੈਸਟੋਰੈਂਟ ‘ਚ ਰੱਖਿਆ ਜਾਂਦਾ ਹੈ ਸਫਾਈ ਦਾ ਧਿਆਨ? ਸਰਵੇ ਵਿੱਚ ਸਾਹਮਣੇ ਆਇਆ ਡਰਾਉਣਾ ਅੰਕੜਾ
Restaurant Hygiene: ਸ਼ਾਨਦਾਰ ਦਿਖਣ ਵਾਲੇ AC ਰੈਸਟੋਰੈਂਟਾਂ ਦੀ ਚਮਕ ਦੇ ਪਿੱਛੇ ਦਾ ਗੰਦਾ ਸੱਚ ਸਾਹਮਣੇ ਆਇਆ ਹੈ। ਇੱਕ ਵੱਡੇ ਸਰਵੇਖਣ ਨੇ ਸਾਫ਼ ਕੀਤਾ ਹੈ ਕਿ ਜਿਨ੍ਹਾਂ ਥਾਵਾਂ ਨੂੰ ਅਸੀਂ ਸੁਰੱਖਿਅਤ ਮੰਨਦੇ ਹਾਂ, ਉੱਥੇ ਸਾਡੀ ਸਿਹਤ ਨਾਲ ਵੱਡਾ ਖਿਲਵਾੜ ਹੋ ਰਿਹਾ ਹੈ।
ਰੈਸਟੋਰੈਂਟ ਦੀ ਸਫਾਈ 'ਤੇ ਡਰਾਉਣ ਵਾਲਾ ਸਰਵੇ
ਜਦੋਂ ਵੀ ਅਸੀਂ ਪਰਿਵਾਰ ਨਾਲ ਬਾਹਰ ਖਾਣਾ ਖਾਣ ਦੀ ਯੋਜਨਾ ਬਣਾਉਂਦੇ ਹਾਂ, ਤਾਂ ਸਭ ਤੋਂ ਪਹਿਲਾਂ ਕਿਸੇ ਚੰਗੇ ਏਅਰ ਕੰਡੀਸ਼ਨਡ (AC) ਰੈਸਟੋਰੈਂਟ ਦਾ ਹੀ ਖ਼ਿਆਲ ਆਉਂਦਾ ਹੈ। ਅਸੀਂ ਅਕਸਰ ਇਹ ਮੰਨ ਕੇ ਚੱਲਦੇ ਹਾਂ ਕਿ AC ਰੈਸਟੋਰੈਂਟ ਦੀ ਸ਼ਾਨਦਾਰ ਸਜਾਵਟ ਅਤੇ ਚਮਕ-ਦਮਕ ਦੇ ਪਿੱਛੇ ਉੱਥੇ ਪਰੋਸੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਅਤੇ ਸਾਫ਼-ਸਫ਼ਾਈ ਵੀ ਉਨੀ ਹੀ ਵਧੀਆ ਹੋਵੇਗੀ। ਪਰ ਹਾਲ ਹੀ ਵਿੱਚ ਹੋਏ ਇੱਕ ਸਰਵੇਖਣ ਨੇ ਇਸ ਧਾਰਣਾ ਨੂੰ ਪੂਰੀ ਤਰ੍ਹਾਂ ਗਲਤ ਸਾਬਤ ਕਰ ਦਿੱਤਾ ਹੈ। ਲੋਕਲਸਰਕਲਜ਼ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਨੇ ਦੇਸ਼ ਭਰ ਦੇ ਰੈਸਟੋਰੈਂਟਾਂ ਦੀ ਅਸਲ ਸਥਿਤੀ ਸਾਹਮਣੇ ਲਿਆਂਦੀ ਹੈ। ਇਸ ਰਿਪੋਰਟ ਦੇ ਅੰਕੜੇ ਇੰਨੇ ਚਿੰਤਾਜਨਕ ਹਨ ਕਿ ਅਗਲੀ ਵਾਰ ਬਾਹਰ ਖਾਣਾ ਖਾਣ ਤੋਂ ਪਹਿਲਾਂ ਤੁਸੀਂ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਹੋ ਜਾਓਗੇ।
91 ਹਜ਼ਾਰ ਤੋਂ ਵੱਧ ਗਾਹਕਾਂ ਨੇ ਖੋਲ੍ਹੀ ਅਸਲ ਸੱਚਾਈ
ਇਹ ਸਰਵੇਖਣ ਕੋਈ ਛੋਟਾ-ਮੋਟਾ ਅਧਿਐਨ ਨਹੀਂ ਹੈ, ਸਗੋਂ ਇਸ ਵਿੱਚ ਭਾਰਤ ਦੇ 244 ਜ਼ਿਲ੍ਹਿਆਂ ਦੇ 91,000 ਤੋਂ ਵੱਧ ਗਾਹਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਰਵੇਖਣ ਵਿੱਚ ਸ਼ਾਮਲ ਲੋਕਾਂ ਵਿੱਚ 64 ਫੀਸਦੀ ਪੁਰਸ਼ ਅਤੇ 36 ਫੀਸਦੀ ਮਹਿਲਾਵਾਂ ਸਨ। ਇਹ ਅਧਿਐਨ ਦੇਸ਼ ਦੇ ਹਰ ਹਿੱਸੇ ਤੱਕ ਪਹੁੰਚਿਆ, ਜਿਸ ਵਿੱਚ 47 ਫੀਸਦੀ ਲੋਕ ਟੀਅਰ-1 ਯਾਨੀ ਵੱਡੇ ਸ਼ਹਿਰਾਂ ਤੋਂ ਸਨ, 33 ਫੀਸਦੀ ਟੀਅਰ-2 ਸ਼ਹਿਰਾਂ ਤੋਂ ਅਤੇ ਬਾਕੀ 20 ਫੀਸਦੀ ਲੋਕ ਟੀਅਰ-3 ਅਤੇ ਟੀਅਰ-4 ਦੇ ਛੋਟੇ ਸ਼ਹਿਰਾਂ ਤੇ ਕਸਬਿਆਂ ਤੋਂ ਸਨ।
ਜਦੋਂ ਇਨ੍ਹਾਂ ਗਾਹਕਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਸ਼ਹਿਰ ਦੇ AC ਰੈਸਟੋਰੈਂਟਾਂ ਵਿੱਚ ਸਾਫ਼-ਸਫ਼ਾਈ ਦਾ ਪੱਧਰ ਕਿਹੋ ਜਿਹਾ ਹੈ, ਤਾਂ ਸਿਰਫ਼ 32 ਫੀਸਦੀ ਲੋਕਾਂ ਨੇ ਇਸ ਨੂੰ ਚੰਗਾ ਜਾਂ ਸ਼ਾਨਦਾਰ ਦੱਸਿਆ। ਇਨ੍ਹਾਂ 32 ਫੀਸਦੀ ਵਿੱਚੋਂ ਵੀ ਸਿਰਫ਼ 4 ਫੀਸਦੀ ਲੋਕਾਂ ਨੂੰ ਹੀ ਉੱਥੇ ਦੀ ਵਿਵਸਥਾ ਸ਼ਾਨਦਾਰ ਲੱਗੀ, ਜਦਕਿ 28 ਫੀਸਦੀ ਨੇ ਇਸ ਨੂੰ ਸਿਰਫ਼ ਚੰਗਾ ਕਿਹਾ। ਉੱਥੇ ਹੀ, 42 ਫੀਸਦੀ ਗਾਹਕਾਂ ਨੇ ਸਾਫ਼-ਸਫ਼ਾਈ ਦੀ ਵਿਵਸਥਾ ਨੂੰ ਸਿਰਫ਼ ਔਸਤ ਦਰਜੇ ਦੀ ਮੰਨਿਆ, ਜਦਕਿ 9 ਫੀਸਦੀ ਲੋਕਾਂ ਦਾ ਸਪੱਸ਼ਟ ਕਹਿਣਾ ਸੀ ਕਿ ਇਹ ਖਰਾਬ ਜਾਂ ਬਹੁਤ ਖਰਾਬ ਹੈ।
ਕਿਚਨ ਤੋਂ ਲੈ ਕੇ ਡਾਈਨਿੰਗ ਟੇਬਲ ਤੱਕ ਫੈਲੀ ਗੰਦਗੀ
ਸਰਵੇ ਦੌਰਾਨ ਗਾਹਕਾਂ ਵੱਲੋਂ ਸਾਂਝੇ ਕੀਤੇ ਨਿੱਜੀ ਤਜਰਬੇ ਸਿੱਧੇ ਤੌਰ ‘ਤੇ ਸਿਹਤ ਨਾਲ ਖਿਲਵਾੜ ਵੱਲ ਇਸ਼ਾਰਾ ਕਰਦੇ ਹਨ। 57 ਫੀਸਦੀ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਰੈਸਟੋਰੈਂਟ ਦੇ ਡਾਈਨਿੰਗ ਏਰੀਆ, ਕਿਚਨ ਜਾਂ ਵਾਸ਼ਰੂਮ ਵਿੱਚ ਕਾਫੀ ਗੰਦਗੀ ਦੇਖੀ ਹੈ। 53 ਫੀਸਦੀ ਗਾਹਕਾਂ ਨੇ ਉੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬਹੁਤ ਗੰਦੇ ਅਤੇ ਅਸੁਰੱਖਿਅਤ ਤਰੀਕੇ ਨਾਲ ਖਾਣਾ ਬਣਾਉਂਦੇ ਜਾਂ ਪਰੋਸਦੇ ਦੇਖਿਆ। ਇੰਨੇ ਹੀ ਯਾਨੀ 53 ਫੀਸਦੀ ਲੋਕਾਂ ਨੇ ਇਹ ਵੀ ਦੇਖਿਆ ਕਿ ਖਾਣਾ ਪਕਾਉਣ ਲਈ ਇੱਕੋ ਤੇਲ ਨੂੰ ਵਾਰ-ਵਾਰ ਵਰਤਿਆ ਜਾ ਰਿਹਾ ਹੈ।
ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। 50 ਫੀਸਦੀ ਗਾਹਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਖਾਣਾ ਅਜਿਹੇ ਪਲਾਸਟਿਕ ਦੇ ਭਾਂਡਿਆਂ ਵਿੱਚ ਗਰਮ ਕੀਤਾ ਜਾਂ ਪਰੋਸਿਆ ਜਾ ਰਿਹਾ ਸੀ, ਜੋ ਫੂਡ-ਗ੍ਰੇਡ ਮਾਪਦੰਡਾਂ ‘ਤੇ ਖਰੇ ਨਹੀਂ ਉਤਰਦੇ ਅਤੇ ਮਾਈਕ੍ਰੋਵੇਵ ਲਈ ਸੁਰੱਖਿਅਤ ਨਹੀਂ ਹਨ। ਇਸ ਤੋਂ ਇਲਾਵਾ, 45 ਫੀਸਦੀ ਲੋਕਾਂ ਨੇ ਰੈਸਟੋਰੈਂਟ ਦੇ ਅੰਦਰ ਕਾਕਰੋਚ, ਚੂਹੇ, ਮੱਖੀਆਂ ਅਤੇ ਹੋਰ ਕੀੜੇ-ਮਕੌੜੇ ਦੇਖੇ ਹਨ।
ਇਹ ਵੀ ਪੜ੍ਹੋ
ਇੰਨੇ ਹੀ (45 ਫੀਸਦੀ) ਲੋਕਾਂ ਨੇ ਸ਼ਿਕਾਇਤ ਕੀਤੀ ਕਿ ਖਾਣਾ ਬਣਾਉਂਦੇ ਜਾਂ ਪਰੋਸਦੇ ਸਮੇਂ ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਨੂੰ ਵੱਖ-ਵੱਖ ਰੱਖਣ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। 40 ਫੀਸਦੀ ਗਾਹਕਾਂ ਨੂੰ ਅਜਿਹਾ ਖਾਣਾ ਪਰੋਸਿਆ ਗਿਆ ਜੋ ਜਾਂ ਤਾਂ ਬਾਸੀ ਲੱਗ ਰਿਹਾ ਸੀ ਜਾਂ ਉਸ ਨੂੰ ਵਾਰ-ਵਾਰ ਗਰਮ ਕੀਤਾ ਗਿਆ ਸੀ। ਰਿਪੋਰਟ ਮੁਤਾਬਕ, ਹਰ 10 ਵਿੱਚੋਂ 9 ਗਾਹਕਾਂ ਨੇ ਪਿਛਲੇ 12 ਮਹੀਨਿਆਂ ਦੌਰਾਨ ਘੱਟੋ-ਘੱਟ ਇੱਕ ਵਾਰ ਸਫਾਈ ਦੇ ਨਿਯਮਾਂ ਦੀ ਉਲੰਘਣਾ ਹੁੰਦੀ ਆਪਣੀਆਂ ਅੱਖਾਂ ਨਾਲ ਦੇਖੀ ਹੈ।
ਬਾਸੀ ਖਾਣਾ ਅਤੇ ਗੰਦੇ ਕੁਕਿੰਗ ਆਇਲ ਨੇ ਵਧਾਈ ਗਾਹਕਾਂ ਦੀ ਚਿੰਤਾ
ਜਦੋਂ ਗਾਹਕਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਰੈਸਟੋਰੈਂਟ ਵਿੱਚ ਸਭ ਤੋਂ ਜ਼ਿਆਦਾ ਡਰ ਜਾਂ ਚਿੰਤਾ ਕਿਸ ਗੱਲ ਦੀ ਰਹਿੰਦੀ ਹੈ, ਤਾਂ 79 ਫੀਸਦੀ ਲੋਕਾਂ ਨੇ ਗੰਦੇ ਕਿਚਨ, ਡਾਈਨਿੰਗ ਏਰੀਆ ਅਤੇ ਵਾਸ਼ਰੂਮ ਨੂੰ ਆਪਣੀ ਸਭ ਤੋਂ ਵੱਡੀ ਚਿੰਤਾ ਦੱਸਿਆ। 74 ਫੀਸਦੀ ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਸਨ ਕਿ ਰੈਸਟੋਰੈਂਟ ਵਿੱਚ ਬਾਸੀ ਜਾਂ ਬਚੇ ਹੋਏ ਖਾਣੇ ਨੂੰ ਦੁਬਾਰਾ ਵਰਤਿਆ ਜਾਂਦਾ ਹੈ। 72 ਫੀਸਦੀ ਨੇ ਕੁਕਿੰਗ ਆਇਲ ਦੀ ਵਾਰ-ਵਾਰ ਵਰਤੋਂ ਨੂੰ ਖਤਰਨਾਕ ਮੰਨਿਆ।
63 ਫੀਸਦੀ ਲੋਕਾਂ ਨੂੰ ਐਕਸਪਾਇਰ ਹੋ ਚੁੱਕੇ ਜਾਂ ਗਲਤ ਤਰੀਕੇ ਨਾਲ ਰੱਖੇ ਕੱਚੇ ਮਾਲ ਦੀ ਵਰਤੋਂ ਦਾ ਡਰ ਸੀ। 61 ਫੀਸਦੀ ਲੋਕ ਕਰਮਚਾਰੀਆਂ ਦੀ ਖਰਾਬ ਨਿੱਜੀ ਸਫਾਈ ਅਤੇ ਚੂਹਿਆਂ-ਕਾਕਰੋਚਾਂ ਦੀ ਮੌਜੂਦਗੀ ਨੂੰ ਲੈ ਕੇ ਪਰੇਸ਼ਾਨ ਦਿਖਾਈ ਦਿੱਤੇ। 60 ਫੀਸਦੀ ਨੇ ਖਰਾਬ ਪਲਾਸਟਿਕ ਦੇ ਭਾਂਡਿਆਂ ਵਿੱਚ ਖਾਣਾ ਗਰਮ ਕਰਨ ‘ਤੇ ਚਿੰਤਾ ਜਤਾਈ, ਜਦਕਿ 47 ਫੀਸਦੀ ਲੋਕ ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਦੇ ਇਕੱਠੇ ਮਿਲ ਜਾਣ ਨੂੰ ਲੈ ਕੇ ਫਿਕਰਮੰਦ ਸਨ।
ਮਹਾਰਾਸ਼ਟਰ ਦੇ ਨਾਮੀ ਕਲੱਬਾਂ ‘ਤੇ ਕਾਰਵਾਈ ਨਾਲ ਸੱਚ ਸਾਬਤ ਹੋਏ ਸਰਵੇ ਦੇ ਅੰਕੜੇ
ਲੋਕਲਸਰਕਲਸ ਦੇ ਇਸ ਸਰਵੇ ਦੇ ਨਤੀਜੇ ਅਜਿਹੇ ਸਮੇਂ ਸਾਹਮਣੇ ਆਏ ਹਨ, ਜਦੋਂ ਮਹਾਰਾਸ਼ਟਰ ਦਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਰੈਸਟੋਰੈਂਟਾਂ ਦੀ ਸਫਾਈ ਨੂੰ ਲੈ ਕੇ ਇੱਕ ਵੱਡੀ ਮੁਹਿੰਮ ਚਲਾ ਰਿਹਾ ਹੈ। ਪਿਛਲੇ ਮਹੀਨੇ ਹੀ ਮਹਾਰਾਸ਼ਟਰ FDA ਨੇ ਅਚਾਨਕ ਕੀਤੇ ਗਏ ਨਿਰੀਖਣ ਤੋਂ ਬਾਅਦ ਕਈ ਵੱਡੇ ਅਤੇ ਪ੍ਰਸਿੱਧ ਕਲੱਬਾਂ ਦੇ ਫੂਡ ਸੇਫਟੀ (FSSAI) ਲਾਇਸੈਂਸ ਮੁਅੱਤਲ ਕਰ ਦਿੱਤੇ ਸਨ। ਇਨ੍ਹਾਂ ਵਿੱਚ ਕ੍ਰਿਕਟ ਕਲੱਬ ਆਫ ਇੰਡੀਆ (CCI), ਵਿਲਿੰਗਡਨ ਸਪੋਰਟਸ ਕਲੱਬ, MIG ਕ੍ਰਿਕਟ ਕਲੱਬ, RK ਜੂਹੂ ਜਿਮਖਾਨਾ ਅਤੇ ਅਪਰਨਾਂ ਜੂਹੂ ਜਿਮਖਾਨਾ ਵਰਗੇ ਵੱਡੇ ਨਾਮ ਸ਼ਾਮਲ ਸਨ।
ਜਦੋਂ FDA ਨੇ ਇੱਥੇ ਛਾਪੇਮਾਰੀ ਕੀਤੀ ਤਾਂ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਕਾਕਰੋਚ ਅਤੇ ਮੱਖੀਆਂ, ਐਕਸਪਾਇਰ ਹੋ ਚੁੱਕਾ ਖਾਣ-ਪੀਣ ਦਾ ਸਮਾਨ, ਸੜੀਆਂ ਹੋਈਆਂ ਸਬਜ਼ੀਆਂ, ਗੰਦੇ ਹਾਲਾਤ, ਜਾਮ ਪਈਆਂ ਨਾਲੀਆਂ, ਖੜ੍ਹਾ ਪਾਣੀ ਅਤੇ ਖਾਣਾ ਰੱਖਣ ਦੇ ਬੇਹੱਦ ਗੰਦੇ ਤਰੀਕੇ ਮਿਲੇ। ਲੋਕਲਸਰਕਲਸ ਦੀ ਰਿਪੋਰਟ ਵੀ ਬਿਲਕੁਲ ਅਜਿਹੀ ਹੀ ਤਸਵੀਰ ਦਿਖਾਉਂਦੀ ਹੈ, ਜਿਹੜੀ FDA ਅਧਿਕਾਰੀਆਂ ਨੇ ਮਹਾਰਾਸ਼ਟਰ ਵਿੱਚ ਆਪਣੀ ਕਾਰਵਾਈ ਦੌਰਾਨ ਦਰਜ ਕੀਤੀ ਸੀ।
ਨਿਯਮ ਸਖ਼ਤ ਕਰਨ ਦੀ ਉੱਠੀ ਮੰਗ
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਣ ਗਾਹਕ ਵੀ ਫੂਡ ਸੇਫਟੀ ਵਿਭਾਗਾਂ ਤੋਂ ਸਖ਼ਤ ਕਦਮ ਚੁੱਕਣ ਦੀ ਮੰਗ ਕਰ ਰਹੇ ਹਨ। ਸਰਵੇ ਵਿੱਚ 21,904 ਲੋਕਾਂ ਨੇ ਇਸ ਸਵਾਲ ਦਾ ਜਵਾਬ ਦਿੱਤਾ ਕਿ ਸਰਕਾਰ ਨੂੰ ਕੀ ਲਾਜ਼ਮੀ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚੋਂ 74 ਫੀਸਦੀ ਲੋਕਾਂ ਦਾ ਸਪੱਸ਼ਟ ਕਹਿਣਾ ਹੈ ਕਿ ਸਾਰੇ ਰੈਸਟੋਰੈਂਟਾਂ ਅਤੇ ਫੂਡ ਡਿਲੀਵਰੀ ਐਪਸ ‘ਤੇ ਹਾਈਜੀਨ ਰੇਟਿੰਗ (ਸਫਾਈ ਦੀ ਰੇਟਿੰਗ) ਜਨਤਕ ਤੌਰ ‘ਤੇ ਦਿਖਾਈ ਜਾਣੀ ਚਾਹੀਦੀ ਹੈ। 72 ਫੀਸਦੀ ਲੋਕਾਂ ਨੇ ਮੰਗ ਕੀਤੀ ਹੈ ਕਿ ਹਰ ਤਿੰਨ ਮਹੀਨਿਆਂ ਵਿੱਚ ਰੈਸਟੋਰੈਂਟਾਂ ਦਾ ਨਿਰੀਖਣ ਕੀਤਾ ਜਾਣਾ ਚਾਹੀਦਾ ਹੈ।
71 ਫੀਸਦੀ ਲੋਕ ਚਾਹੁੰਦੇ ਹਨ ਕਿ ਵਾਰ-ਵਾਰ ਨਿਯਮ ਤੋੜਨ ਵਾਲੇ ਰੈਸਟੋਰੈਂਟਾਂ ‘ਤੇ ਭਾਰੀ ਜੁਰਮਾਨਾ ਲਗਾਇਆ ਜਾਵੇ। 69 ਫੀਸਦੀ ਗਾਹਕਾਂ ਨੇ ਖਰਾਬ ਪਲਾਸਟਿਕ ਦੇ ਭਾਂਡਿਆਂ ਵਿੱਚ ਖਾਣਾ ਗਰਮ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਵਕਾਲਤ ਕੀਤੀ। ਉੱਥੇ ਹੀ 68 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਨਿਯਮ ਤੋੜਨ ਵਾਲੇ ਰੈਸਟੋਰੈਂਟਾਂ ਦੇ ਨਾਮ ਜਨਤਾ ਸਾਹਮਣੇ ਜਾਰੀ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਲੋਕ ਉੱਥੇ ਜਾਣ ਤੋਂ ਬਚ ਸਕਣ। ਇਸ ਤੋਂ ਇਲਾਵਾ 66 ਫੀਸਦੀ ਲੋਕ ਚਾਹੁੰਦੇ ਹਨ ਕਿ ਗੰਭੀਰ ਲਾਪਰਵਾਹੀ ਮਿਲਣ ‘ਤੇ ਤੁਰੰਤ ਲਾਇਸੈਂਸ ਰੱਦ ਕਰ ਦਿੱਤਾ ਜਾਵੇ।
