ਜੰਗ ਦੇ ਮਾਹੌਲ ‘ਚ ਵੀ ਭਾਰਤ ਨੇ ਲੱਭੇ ਕੱਚੇ ਤੇਲ ਦੇ ਨਵੇਂ ਰਸਤੇ, ਬਿਨਾਂ ਕਿਸੇ ਰੁਕਾਵਟ ਦੇ ਆ ਰਿਹਾ ਤੇਲ
India crude oil imports: ਈਰਾਨ ਯੁੱਧ ਦੌਰਾਨ ਭਾਰਤ ਨੇ ਕੱਚੇ ਤੇਲ ਦੀ ਸਪਲਾਈ ਲਈ 31 ਦੇਸ਼ਾਂ ਦਾ ਰੁਖ ਕੀਤਾ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰੂਸ 47 ਫੀਸਦੀ ਹਿੱਸੇਦਾਰੀ ਨਾਲ ਸਭ ਤੋਂ ਵੱਡਾ ਸਪਲਾਇਰ ਬਣਿਆ ਹੋਇਆ ਹੈ, ਜਦਕਿ ਇਰਾਕ ਤੋਂ ਕੱਚੇ ਤੇਲ ਦੀ ਦਰਾਮਦ ਵਿੱਚ ਕਾਫ਼ੀ ਗਿਰਾਵਟ ਆਈ ਹੈ।
ਈਰਾਨ ਯੁੱਧ ਦੇ 6 ਮਹੀਨਿਆਂ ਦੌਰਾਨ ਗਲੋਬਲ ਮਾਰਕੀਟ ਵਿੱਚ ਕਾਫ਼ੀ ਉਥਲ-ਪੁਥਲ ਰਹੀ। ਕੱਚੇ ਤੇਲ ਦੀ ਸਪਲਾਈ ਚੇਨ ਟੁੱਟਣ ਦਾ ਡਰ ਹਰ ਦੇਸ਼ ਨੂੰ ਸਤਾ ਰਿਹਾ ਸੀ। ਅਜਿਹੇ ਸੰਕਟ ਦੇ ਸਮੇਂ ਭਾਰਤ ਨੇ ਆਪਣੀ ਰਣਨੀਤੀ ਵਿੱਚ ਬਦਲਾਅ ਕੀਤਾ। ਦੇਸ਼ ਨੇ ਕੱਚੇ ਤੇਲ ਦੀ ਸਪਲਾਈ ਲਈ 31 ਨਵੇਂ ਦੇਸ਼ਾਂ ਦਾ ਰੁਖ ਕੀਤਾ। ਹਾਲਾਂਕਿ, ਅੰਕੜੇ ਦੱਸਦੇ ਹਨ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ ਦੀ ਨਿਰਭਰਤਾ ਕੁਝ ਹੀ ਦੇਸ਼ਾਂ ਤੱਕ ਸੀਮਤ ਰਹੀ ਹੈ। ਖ਼ਾਸ ਤੌਰ ਤੇ ਰੂਸ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਪਕੜ ਕਾਫ਼ੀ ਮਜ਼ਬੂਤ ਕਰ ਲਈ ਹੈ।
10 ਨਵੇਂ ਦੇਸ਼ਾਂ ਤੋਂ ਵੀ ਖਰੀਦਿਆ ਕੱਚਾ ਤੇਲ
ਐਨਾਲਿਟਿਕਸ ਫਰਮ ਕੇਪਲਰ ਦੇ ਅੰਕੜਿਆਂ ਅਨੁਸਾਰ, ਮਾਰਚ ਤੋਂ ਅਗਸਤ ਦੇ ਦਰਮਿਆਨ ਭਾਰਤ ਨੇ 10 ਨਵੇਂ ਦੇਸ਼ਾਂ ਤੋਂ ਵੀ ਕੱਚਾ ਤੇਲ ਖਰੀਦਿਆ। ਪਰ ਇਨ੍ਹਾਂ ਵਿੱਚੋਂ 9 ਦੇਸ਼ਾਂ ਦਾ ਕੁੱਲ ਯੋਗਦਾਨ ਸਿਰਫ਼ 1.4 ਫੀਸਦੀ ਰਿਹਾ। ਸਿਰਫ਼ ਵੈਨੇਜ਼ੁਏਲਾ ਹੀ ਇੱਕ ਅਜਿਹਾ ਨਵਾਂ ਦੇਸ਼ ਰਿਹਾ, ਜਿਸ ਨੇ ਭਾਰਤ ਦੀ ਕੁੱਲ ਦਰਾਮਦ ਵਿੱਚ ਲਗਭਗ 5 ਫੀਸਦੀ ਹਿੱਸੇਦਾਰੀ ਦਰਜ ਕੀਤੀ। ਭਾਰਤ ਦੀ ਤੇਲ ਦਰਾਮਦ ਵਿੱਚ ਟੌਪ 5 ਸਪਲਾਇਰਾਂ ਦੀ ਹਿੱਸੇਦਾਰੀ 76 ਫੀਸਦੀ ਰਹੀ। ਪਿਛਲੇ ਛੇ ਮਹੀਨਿਆਂ ਵਿੱਚ ਇਹ ਅੰਕੜਾ 79 ਫੀਸਦੀ ਸੀ।
ਟੌਪ ਲਿਸਟ ਤੋਂ ਅਮਰੀਕਾ ਬਾਹਰ
ਟੌਪ 5 ਸਪਲਾਇਰਾਂ ਦੀ ਸੂਚੀ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਅਮਰੀਕਾ ਦੇ ਨਾਲ-ਨਾਲ ਨਾਈਜੀਰੀਆ ਵੀ ਇਸ ਸੂਚੀ ਤੋਂ ਬਾਹਰ ਹੋ ਗਏ ਹਨ। ਇਨ੍ਹਾਂ ਦੀ ਜਗ੍ਹਾ ਵੈਨੇਜ਼ੁਏਲਾ ਅਤੇ ਬ੍ਰਾਜ਼ੀਲ ਨੇ ਲੈ ਲਈ ਹੈ। ਰੂਸ, UAE ਦੇ ਨਾਲ ਸਾਊਦੀ ਅਰਬ ਅਜੇ ਵੀ ਸਭ ਤੋਂ ਵੱਡੇ ਸਪਲਾਇਰ ਬਣੇ ਹੋਏ ਹਨ। ਸਪਲਾਇਰਾਂ ਦੀ ਨਿਰਭਰਤਾ (Concentration) ਨੂੰ ਮਾਪਣ ਵਾਲਾ ਹੇਰਫਿੰਡਾਲ-ਹਿਰਸ਼ਮੈਨ ਇੰਡੈਕਸ (HHI) 1606 ਤੋਂ 56 ਫੀਸਦੀ ਵਧ ਕੇ 2513 ਹੋ ਗਿਆ ਹੈ। 2500 ਤੋਂ ਉੱਪਰ ਦੇ HHI ਨੂੰ ਬਹੁਤ ਜ਼ਿਆਦਾ ਨਿਰਭਰਤਾ ਮੰਨਿਆ ਜਾਂਦਾ ਹੈ।
ਰੂਸ ਦਾ ਦਬਦਬਾ ਸਭ ਤੋਂ ਜ਼ਿਆਦਾ
ਭਾਰਤ ਦੀ ਕੱਚੇ ਤੇਲ ਦੀ ਦਰਾਮਦ ਵਿੱਚ ਰੂਸ ਦੀ ਹਿੱਸੇਦਾਰੀ ਤੇਜ਼ੀ ਨਾਲ ਵਧੀ ਹੈ। ਪਿਛਲੇ 6 ਮਹੀਨਿਆਂ ਵਿੱਚ ਇਹ 29 ਫੀਸਦੀ ਤੋਂ ਵਧ ਕੇ ਸਿੱਧੀ 47 ਫੀਸਦੀ ਹੋ ਗਈ ਹੈ। ਇਸ ਦੌਰਾਨ ਭਾਰਤ ਦੀ ਕੁੱਲ ਦਰਾਮਦ 5 ਫੀਸਦੀ ਘਟ ਕੇ 4.77 ਮਿਲੀਅਨ ਬੈਰਲ ਪ੍ਰਤੀ ਦਿਨ (bpd) ਰਹਿ ਗਈ। ਸਭ ਤੋਂ ਵੱਡੀ ਗਿਰਾਵਟ ਇਰਾਕ ਤੋਂ ਆਉਣ ਵਾਲੇ ਤੇਲ ਵਿੱਚ ਦਰਜ ਕੀਤੀ ਗਈ। ਇਰਾਕ ਦੀ ਹਿੱਸੇਦਾਰੀ 18 ਫੀਸਦੀ ਤੋਂ ਘਟ ਕੇ ਸਿਰਫ਼ 2 ਫੀਸਦੀ ਰਹਿ ਗਈ। ਇਰਾਕ ਤੋਂ ਹੋਣ ਵਾਲੀ 8.20 ਲੱਖ bpd ਦੀ ਇਸ ਕਮੀ ਨੂੰ ਰੂਸ ਨੇ 7.70 ਲੱਖ bpd ਦੇ ਵਾਧੇ ਨਾਲ ਲਗਭਗ ਪੂਰਾ ਕਰ ਦਿੱਤਾ। ਹੁਣ ਰੂਸ ਤੋਂ 2.25 ਮਿਲੀਅਨ bpd ਤੇਲ ਆ ਰਿਹਾ ਹੈ।
ਇਹ ਵੀ ਪੜ੍ਹੋ
ਨਵੇਂ ਸਪਲਾਇਰਾਂ ਦਾ ਕਿਹੋ ਜਿਹਾ ਰਿਹਾ ਪ੍ਰਦਰਸ਼ਨ?
ਇਸ ਦੌਰਾਨ ਭਾਰਤ ਨੇ 10 ਅਜਿਹੇ ਨਵੇਂ ਦੇਸ਼ਾਂ ਤੋਂ ਤੇਲ ਖਰੀਦਿਆ, ਜਿਨ੍ਹਾਂ ਤੋਂ ਪਿਛਲੇ 6 ਮਹੀਨਿਆਂ ਵਿੱਚ ਕੋਈ ਖਰੀਦ ਨਹੀਂ ਹੋਈ ਸੀ। ਵੈਨੇਜ਼ੁਏਲਾ ਨੂੰ ਛੱਡ ਕੇ ਬਾਕੀ 9 ਨਵੇਂ ਸਪਲਾਇਰਾਂ ਦਾ ਕੁੱਲ ਯੋਗਦਾਨ ਸਿਰਫ਼ 1.4 ਫੀਸਦੀ ਰਿਹਾ। ਵੈਨੇਜ਼ੁਏਲਾ ਨੇ ਲਗਭਗ 5 ਫੀਸਦੀ ਹਿੱਸੇਦਾਰੀ ਹਾਸਲ ਕੀਤੀ। ਈਰਾਨ, ਇਕਵਾਡੋਰ, ਬਹਾਮਾਸ, ਅਲਜੀਰੀਆ ਅਤੇ ਕੈਨੇਡਾ ਵਰਗੇ ਨਵੇਂ ਸਪਲਾਇਰਾਂ ਦੀ ਭੂਮਿਕਾ ਬਹੁਤ ਸੀਮਤ ਰਹੀ। ਇਨ੍ਹਾਂ ਨੇ 6 ਮਹੀਨਿਆਂ ਵਿੱਚੋਂ ਸਿਰਫ਼ ਕਿਸੇ ਇੱਕ ਮਹੀਨੇ ਵਿੱਚ ਹੀ ਕੱਚੇ ਤੇਲ ਦੀ ਸਪਲਾਈ ਕੀਤੀ। ਉਦਯੋਗ ਮਾਹਰਾਂ ਦਾ ਮੰਨਣਾ ਹੈ ਕਿ ਇਹ ਕੋਈ ਵੱਡੀ ਰਣਨੀਤਕ ਤਬਦੀਲੀ ਨਹੀਂ ਸੀ। ਖਾੜੀ ਦੇਸ਼ਾਂ ਤੋਂ ਸਪਲਾਈ ਪ੍ਰਭਾਵਿਤ ਹੋਣ ਤੋਂ ਬਾਅਦ ਗਲੋਬਲ ਟ੍ਰੇਡਰਾਂ ਨੇ ਭਾਰਤੀ ਰਿਫਾਈਨਰੀਆਂ ਦੀ ਤੁਰੰਤ ਲੋੜ ਪੂਰੀ ਕਰਨ ਲਈ ਇਹ ਬਦਲਵੇਂ ਇੰਤਜ਼ਾਮ ਕੀਤੇ ਸਨ।
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮੁੜ ਉਛਾਲ
ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਮੁੜ 6 ਹਫ਼ਤਿਆਂ ਦੇ ਸਭ ਤੋਂ ਉੱਚੇ ਪੱਧਰ ਦੇ ਨੇੜੇ ਪਹੁੰਚ ਗਈਆਂ ਹਨ। ਮੰਗਲਵਾਰ ਸਵੇਰੇ 7 ਵਜੇ ਤੱਕ ਬ੍ਰੈਂਟ ਕ੍ਰੂਡ ਫਿਊਚਰਜ਼ 97.04 ਡਾਲਰ ਪ੍ਰਤੀ ਬੈਰਲ ਤੇ ਕਾਰੋਬਾਰ ਕਰ ਰਿਹਾ ਸੀ।


