ਯੂਰੀਆ ਉਤਪਾਦਨ ‘ਚ ਆਤਮਨਿਰਭਰਤਾ ਵੱਲ ਭਾਰਤ ਦਾ ਵੱਡਾ ਕਦਮ, 6 ਨਵੇਂ ਪਲਾਂਟਾਂ ਨੂੰ ਮਿਲੀ ਮਨਜ਼ੂਰੀ
ਯੂਰੀਆ ਉਤਪਾਦਨ ਦੇ ਖੇਤਰ ਵਿੱਚ ਪੂਰੀ ਤਰ੍ਹਾਂ ਆਤਮਨਿਰਭਰ ਬਣਨ ਦੀ ਦਿਸ਼ਾ ਵਿੱਚ ਭਾਰਤ ਸਰਕਾਰ ਨੇ ਇੱਕ ਇਤਿਹਾਸਕ ਕਦਮ ਚੁੱਕਦਿਆਂ ਦੇਸ਼ ਵਿੱਚ 6 ਨਵੇਂ ਯੂਰੀਆ ਪਲਾਂਟ ਸਥਾਪਿਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। 'ਰਾਸ਼ਟਰੀ ਯੂਰੀਆ ਨਿਵੇਸ਼ ਨੀਤੀ (NIPU)-2026' ਤਹਿਤ ਦੇਸ਼ ਭਰ ਵਿੱਚ ਇਹ 6 ਨਵੇਂ ਬ੍ਰਾਊਨਫੀਲਡ ਯੂਰੀਆ ਪਲਾਂਟ ਲਗਾਏ ਜਾਣਗੇ।
ਯੂਰੀਆ ਉਤਪਾਦਨ ਦੇ ਖੇਤਰ ਵਿੱਚ ਪੂਰੀ ਤਰ੍ਹਾਂ ਆਤਮਨਿਰਭਰ ਬਣਨ ਦੀ ਦਿਸ਼ਾ ਵਿੱਚ ਭਾਰਤ ਸਰਕਾਰ ਨੇ ਇੱਕ ਇਤਿਹਾਸਕ ਕਦਮ ਚੁੱਕਦਿਆਂ ਦੇਸ਼ ਵਿੱਚ 6 ਨਵੇਂ ਯੂਰੀਆ ਪਲਾਂਟ ਸਥਾਪਿਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ‘ਰਾਸ਼ਟਰੀ ਯੂਰੀਆ ਨਿਵੇਸ਼ ਨੀਤੀ (NIPU)-2026’ ਤਹਿਤ ਦੇਸ਼ ਭਰ ਵਿੱਚ ਇਹ 6 ਨਵੇਂ ਬ੍ਰਾਊਨਫੀਲਡ ਯੂਰੀਆ ਪਲਾਂਟ ਲਗਾਏ ਜਾਣਗੇ। ਇਨ੍ਹਾਂ ਸਾਰੇ 6 ਪ੍ਰੋਜੈਕਟਾਂ ‘ਤੇ ਲਗਭਗ 54,000 ਕਰੋੜ ਰੁਪਏ ਦਾ ਕੁੱਲ ਨਿਵੇਸ਼ ਪ੍ਰਸਤਾਵਿਤ ਹੈ ਅਤੇ ਹਰੇਕ ਪਲਾਂਟ ਦੀ ਸਥਾਪਨਾ ‘ਤੇ ਅੰਦਾਜ਼ਨ 9,000 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਨ੍ਹਾਂ ਨਵੇਂ ਪਲਾਂਟਾਂ ਦੇ ਸ਼ੁਰੂ ਹੋਣ ਨਾਲ ਦੇਸ਼ ਦੀ ਯੂਰੀਆ ਉਤਪਾਦਨ ਸਮਰੱਥਾ ਵਿੱਚ ਸਾਲਾਨਾ 76.2 ਲੱਖ ਮੀਟ੍ਰਿਕ ਟਨ (LMT) ਦਾ ਵੱਡਾ ਵਾਧਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਇਹ ਨਵੇਂ ਪਲਾਂਟ ਪੰਜਾਬ ਦੇ ਨੰਗਲ, ਤਾਮਿਲਨਾਡੂ ਦੇ ਮਦਰਾਸ, ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਅਤੇ ਜਗਦੀਸ਼ਪੁਰ, ਪੱਛਮੀ ਬੰਗਾਲ ਦੇ ਪਾਨਾਗੜ੍ਹ ਅਤੇ ਰਾਜਸਥਾਨ ਦੇ ਗਡੇਪਨ ਵਿਖੇ ਲਗਾਏ ਜਾਣਗੇ। ਇਸ ਦੇ ਨਾਲ ਹੀ ਪੁਰਾਣੀਆਂ ਅਤੇ ਜ਼ਿਆਦਾ ਊਰਜਾ ਦੀ ਖਪਤ ਕਰਨ ਵਾਲੀਆਂ ਮੌਜੂਦਾ ਯੂਰੀਆ ਇਕਾਈਆਂ ਨੂੰ ਵੀ ਆਧੁਨਿਕ ਤਕਨੀਕ ਨਾਲ ਅਪਗ੍ਰੇਡ ਕੀਤਾ ਜਾਵੇਗਾ। ਇਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਵਿੱਚ ਜਨਤਕ ਖੇਤਰ, ਨਿੱਜੀ ਖੇਤਰ ਅਤੇ ਸਹਿਕਾਰੀ ਖੇਤਰ ਦੀਆਂ ਕੰਪਨੀਆਂ ਵੱਲੋਂ ਸਾਂਝੇ ਤੌਰ ‘ਤੇ ਨਿਵੇਸ਼ ਕੀਤਾ ਜਾਵੇਗਾ।
ਦੇਸ਼ ਵਿੱਚ ਯੂਰੀਆ ਦੀ ਸਾਲਾਨਾ ਖਪਤ 400 ਲੱਖ ਮੀਟ੍ਰਿਕ ਟਨ
ਅੰਕੜਿਆਂ ਅਨੁਸਾਰ, ਭਾਰਤ ਵਿੱਚ ਯੂਰੀਆ ਦੀ ਸਾਲਾਨਾ ਖਪਤ ਕਰੀਬ 400 ਲੱਖ ਮੀਟ੍ਰਿਕ ਟਨ ਹੈ, ਜਦਕਿ ਵਿੱਤੀ ਸਾਲ 2025-26 ਦੌਰਾਨ ਘਰੇਲੂ ਉਤਪਾਦਨ 293.30 ਲੱਖ ਮੀਟ੍ਰਿਕ ਟਨ ਰਿਹਾ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਨਵੇਂ ਪਲਾਂਟਾਂ ਦੇ ਲੱਗਣ ਨਾਲ ਵਿਦੇਸ਼ਾਂ ਤੋਂ ਦਰਾਮਦ ਕੀਤੇ ਜਾਣ ਵਾਲੇ ਯੂਰੀਆ ‘ਤੇ ਨਿਰਭਰਤਾ ਘਟੇਗੀ ਅਤੇ ਦੇਸ਼ ਦੇ ਕੀਮਤੀ ਵਿਦੇਸ਼ੀ ਮੁਦਰਾ ਭੰਡਾਰ ਦੀ ਬਚਤ ਹੋਵੇਗੀ। ਇਸ ਤੋਂ ਇਲਾਵਾ ਇਨ੍ਹਾਂ ਪ੍ਰੋਜੈਕਟਾਂ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ ਅਤੇ ਦੇਸ਼ ਦੇ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਖਾਦ ਦੀ ਉਪਲਬਧਤਾ ਯਕੀਨੀ ਬਣਾਉਣ ਵਿੱਚ ਵੱਡੀ ਮਦਦ ਮਿਲੇਗੀ। ਦੂਜੇ ਪਾਸੇ, ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਨਵੀਂ ਨੀਤੀ ਵਿੱਚ 12 ਤੋਂ 16 ਫ਼ੀਸਦੀ ਤੱਕ ਰਿਟਰਨ ਆਨ ਇਕੁਇਟੀ (RoE) ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਹੈ।
ਨੰਗਲ ਅਤੇ ਮਦਰਾਸ ਵਿੱਚ ਲੱਗਣਗੇ ਜਨਤਕ ਖੇਤਰ ਦੇ ਪ੍ਰੋਜੈਕਟ
ਰਸਾਇਣ ਅਤੇ ਖਾਦ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਐੱਮ.ਐੱਫ.ਐੱਲ.-ਮਦਰਾਸ ਇੱਕ ਜਨਤਕ ਖੇਤਰ ਦਾ ਬ੍ਰਾਊਨਫੀਲਡ ਪ੍ਰੋਜੈਕਟ ਹੈ, ਜਿਸ ਦੀ ਸਾਲਾਨਾ ਉਤਪਾਦਨ ਸਮਰੱਥਾ 12.7 ਲੱਖ ਮੀਟ੍ਰਿਕ ਟਨ ਹੋਵੇਗੀ। ਇਹ ਨਵਾਂ ਪਲਾਂਟ ਮੌਜੂਦਾ ਇਕਾਈ ਦੀ ਥਾਂ ਲਵੇਗਾ, ਜੋ ਕਿ 60 ਸਾਲਾਂ ਤੋਂ ਵੀ ਜ਼ਿਆਦਾ ਪੁਰਾਣੀ ਹੋ ਚੁੱਕੀ ਹੈ। ਇਸੇ ਤਰ੍ਹਾਂ, ਪੰਜਾਬ ਵਿੱਚ ਐੱਨ.ਐੱਫ.ਐੱਲ. ਨੰਗਲ ਵੀ ਇੱਕ ਜਨਤਕ ਖੇਤਰ ਦਾ ਬ੍ਰਾਊਨਫੀਲਡ ਪ੍ਰੋਜੈਕਟ ਹੈ, ਜੋ ਲਗਭਗ 50 ਤੋਂ 55 ਸਾਲ ਪੁਰਾਣੇ ਪਲਾਂਟ ਦੀ ਥਾਂ ਲਵੇਗਾ। ਇਸ ਨਵੇਂ ਪਲਾਂਟ ਦੀ ਸਾਲਾਨਾ ਉਤਪਾਦਨ ਸਮਰੱਥਾ ਵੀ 12.7 ਲੱਖ ਮੀਟ੍ਰਿਕ ਟਨ ਹੋਵੇਗੀ।
ਸਹਿਕਾਰੀ ਅਤੇ ਨਿੱਜੀ ਖੇਤਰ ਦੇ ਪ੍ਰੋਜੈਕਟਾਂ ਦਾ ਵੇਰਵਾ
ਇਸੇ ਲੜੀ ਤਹਿਤ, ਕੇ.ਐੱਫ.ਐੱਲ.-ਸ਼ਾਹਜਹਾਂਪੁਰ, ਜੋ ਕਿ ਕ੍ਰਿਭਕੋ ਦਾ ਇੱਕ ਸਹਿਕਾਰੀ ਬ੍ਰਾਊਨਫੀਲਡ ਪ੍ਰੋਜੈਕਟ ਹੈ, ਸਾਲ 1995 ਵਿੱਚ ਸ਼ੁਰੂ ਹੋਈ ਇਕਾਈ ਦਾ ਵਿਸਤਾਰ ਕਰੇਗਾ ਅਤੇ ਇਸ ਦੀ ਸਾਲਾਨਾ ਸਮਰੱਥਾ 12.7 ਲੱਖ ਮੀਟ੍ਰਿਕ ਟਨ ਹੋਵੇਗੀ। ਇਸ ਤੋਂ ਇਲਾਵਾ ਮੈਟਿਕਸ-ਪਾਨਾਗੜ੍ਹ ਇੱਕ ਨਿੱਜੀ ਬ੍ਰਾਊਨਫੀਲਡ ਪ੍ਰੋਜੈਕਟ ਹੈ, ਜਿਸ ਨੂੰ ਸਾਲ 2017 ਵਿੱਚ ਸ਼ੁਰੂ ਹੋਏ ਮੌਜੂਦਾ ਆਧੁਨਿਕ ਪਲਾਂਟ ਦੇ ਨਾਲ 12.7 ਲੱਖ ਮੀਟ੍ਰਿਕ ਟਨ ਸਾਲਾਨਾ ਉਤਪਾਦਨ ਸਮਰੱਥਾ ਨਾਲ ਤਿਆਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ
ਇਸ ਦੇ ਨਾਲ ਹੀ, ਸੀ.ਐੱਫ.ਸੀ.ਐੱਲ. ਗਡੇਪਨ ਇੱਕ ਨਿੱਜੀ ਬ੍ਰਾਊਨਫੀਲਡ ਪ੍ਰੋਜੈਕਟ ਹੈ, ਜੋ ਸਾਲ 1994 ਤੋਂ ਚੱਲ ਰਹੇ ਕੰਪਲੈਕਸ ਦਾ ਵਿਸਤਾਰ ਕਰੇਗਾ ਅਤੇ ਇਸ ਦੀ ਸਾਲਾਨਾ ਉਤਪਾਦਨ ਸਮਰੱਥਾ 12.7 ਲੱਖ ਮੀਟ੍ਰਿਕ ਟਨ ਹੋਵੇਗੀ। ਇਸ ਤੋਂ ਇਲਾਵਾ ਆਈ.ਆਈ.ਪੀ.ਐੱਲ.-ਜਗਦੀਸ਼ਪੁਰ ਵੀ ਇੱਕ ਨਿੱਜੀ ਬ੍ਰਾਊਨਫੀਲਡ ਪ੍ਰੋਜੈਕਟ ਹੈ, ਜੋ ਸਾਲ 1988 ਵਿੱਚ ਬਣੇ ਪਲਾਂਟ ਵਿੱਚ 12.7 ਲੱਖ ਮੀਟ੍ਰਿਕ ਟਨ ਸਾਲਾਨਾ ਉਤਪਾਦਨ ਸਮਰੱਥਾ ਵਧਾਉਣ ਦਾ ਪ੍ਰਸਤਾਵ ਪੇਸ਼ ਕਰਦਾ ਹੈ।


