SAD-BJP ਦੇ ਮੁੜ ਗੱਠਜੋੜ ਨਾਲ ਬਦਲੇ ਸਮੀਕਰਨ, ਅਕਾਲੀ ਪਿਛੋਕੜ ਵਾਲੇ ਭਾਜਪਾ ਆਗੂਆਂ ਸਾਹਮਣੇ ਖੜ੍ਹੀ ਹੋਈ ਨਵੀਂ ਚੁਣੌਤੀ
ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਇਕੱਠੇ ਹੋਣ ਨਾਲ ਪੰਜਾਬ ਦੀ ਸਿਆਸਤ ਵਿੱਚ ਇੱਕ ਨਵੀਂ ਸਿਆਸੀ ਸਥਿਤੀ ਪੈਦਾ ਹੋ ਗਈ ਹੈ। ਇਸ ਸੰਭਾਵੀ ਗੱਠਜੋੜ ਦੀ ਚਰਚਾ ਦਰਮਿਆਨ ਸਭ ਤੋਂ ਵੱਡਾ ਸਵਾਲ ਉਨ੍ਹਾਂ ਆਗੂਆਂ ਦੇ ਸਿਆਸੀ ਭਵਿੱਖ 'ਤੇ ਖੜ੍ਹਾ ਹੋ ਗਿਆ ਹੈ, ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ ਦਾ ਪੱਲਾ ਫੜਿਆ ਸੀ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਇਕੱਠੇ ਹੋਣ ਨਾਲ ਪੰਜਾਬ ਦੀ ਸਿਆਸਤ ਵਿੱਚ ਇੱਕ ਨਵੀਂ ਸਿਆਸੀ ਸਥਿਤੀ ਪੈਦਾ ਹੋ ਗਈ ਹੈ। ਇਸ ਸੰਭਾਵੀ ਗੱਠਜੋੜ ਦੀ ਚਰਚਾ ਦਰਮਿਆਨ ਸਭ ਤੋਂ ਵੱਡਾ ਸਵਾਲ ਉਨ੍ਹਾਂ ਆਗੂਆਂ ਦੇ ਸਿਆਸੀ ਭਵਿੱਖ ‘ਤੇ ਖੜ੍ਹਾ ਹੋ ਗਿਆ ਹੈ, ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ ਦਾ ਪੱਲਾ ਫੜਿਆ ਸੀ। ਹੁਣ ਜਦੋਂ ਭਾਜਪਾ ਅਤੇ ਅਕਾਲੀ ਦਲ ਮੁੜ ਇੱਕ ਮੰਚ ‘ਤੇ ਆ ਰਹੇ ਹਨ, ਤਾਂ ਇਨ੍ਹਾਂ ਆਗੂਆਂ ਸਾਹਮਣੇ ਆਪਣੀ ਸਿਆਸੀ ਜ਼ਮੀਨ ਬਚਾਉਣ ਦੀ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ।
ਭਾਜਪਾ ਸਾਹਮਣੇ ਦੋਹਰੀ ਚੁਣੌਤੀ
ਸਿਆਸੀ ਹਲਕਿਆਂ ਵਿੱਚ ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਜਿਸ ਅਕਾਲੀ ਦਲ ਨੂੰ ਛੱਡ ਕੇ ਇਹ ਆਗੂ ਭਾਜਪਾ ਵਿੱਚ ਸ਼ਾਮਲ ਹੋਏ ਸਨ, ਹੁਣ ਉਸੇ ਪਾਰਟੀ ਨਾਲ ਗੱਠਜੋੜ ਹੋਣ ਦੀ ਸੂਰਤ ਵਿੱਚ ਇਨ੍ਹਾਂ ਦੀ ਕੀ ਭੂਮਿਕਾ ਅਤੇ ਥਾਂ ਹੋਵੇਗੀ। ਭਾਜਪਾ ਹਾਈਕਮਾਨ ਨੂੰ ਇਹ ਤੈਅ ਕਰਨਾ ਪਵੇਗਾ ਕਿ ਉਹ ਅਕਾਲੀ ਪਿਛੋਕੜ ਵਾਲੇ ਆਪਣੇ ਇਨ੍ਹਾਂ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰੇਗੀ ਜਾਂ ਫਿਰ ਗੱਠਜੋੜ ਤਹਿਤ ਇਨ੍ਹਾਂ ਨੂੰ ਕੋਈ ਸਿਆਸੀ ਸਮਝੌਤਾ ਕਰਨਾ ਪਵੇਗਾ। ਇਸ ਵੇਲੇ ਭਾਜਪਾ ਸਾਹਮਣੇ ਦੋਹਰੀ ਚੁਣੌਤੀ ਬਣੀ ਹੋਈ ਹੈ—ਇੱਕ ਪਾਸੇ ਉਸ ਨੂੰ ਅਕਾਲੀ ਦਲ ਨਾਲ ਗੱਠਜੋੜ ਦੀਆਂ ਸ਼ਰਤਾਂ ਅਤੇ ਸੀਟਾਂ ਦੀ ਵੰਡ ਦਾ ਸਨਮਾਨ ਕਰਨਾ ਹੋਵੇਗਾ, ਉੱਥੇ ਹੀ ਦੂਜੇ ਪਾਸੇ ਪਾਰਟੀ ਵਿੱਚ ਸ਼ਾਮਲ ਹੋਏ ਇਨ੍ਹਾਂ ਸੀਨੀਅਰ ਆਗੂਆਂ ਨੂੰ ਵੀ ਸੰਤੁਸ਼ਟ ਰੱਖਣਾ ਪਵੇਗਾ।
ਅਕਾਲੀ ਪਿਛੋਕੜ ਤੋਂ ਭਾਜਪਾ ‘ਚ ਸ਼ਾਮਲ ਹੋਏ ਪ੍ਰਮੁੱਖ ਸਿਆਸੀ ਚਿਹਰੇ
ਪਿਛਲੇ ਕੁਝ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂਆਂ ਦੀ ਸੂਚੀ ਕਾਫ਼ੀ ਲੰਬੀ ਹੈ। ਇਨ੍ਹਾਂ ਵੱਡੇ ਚਿਹਰਿਆਂ ਵਿੱਚ ਅਵਿਨਾਸ਼ ਚੰਦਰ, ਸਰਬਜੀਤ ਸਿੰਘ ਮੱਕੜ, ਜਗਬੀਰ ਸਿੰਘ ਬਰਾੜ ਅਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਮੁੱਖ ਤੌਰ ‘ਤੇ ਸ਼ਾਮਲ ਹਨ।
ਇਸ ਤੋਂ ਇਲਾਵਾ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਅਤੇ ਉਨ੍ਹਾਂ ਦੇ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਵੀ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਇਨ੍ਹਾਂ ਆਗੂਆਂ ਦੇ ਨਾਲ-ਨਾਲ ਜਗਦੀਪ ਸਿੰਘ ਚੀਮਾ, ਰਵੀਕਰਨ ਸਿੰਘ ਕਾਹਲੋਂ, ਮਨਜੀਤ ਸਿੰਘ ਮੰਨਾ, ਜਗਮੀਤ ਸਿੰਘ ਬਰਾੜ, ਰਿਪਜੀਤ ਸਿੰਘ ਬਰਾੜ ਅਤੇ ਚਰਨਜੀਤ ਸਿੰਘ ਬਰਾੜ ਵਰਗੇ ਕਈ ਹੋਰ ਦਿੱਗਜ ਆਗੂ ਵੀ ਅਕਾਲੀ ਪਿਛੋਕੜ ਤੋਂ ਨਿਕਲ ਕੇ ਭਾਜਪਾ ਦੇ ਖੇਮੇ ਵਿੱਚ ਪਹੁੰਚੇ ਸਨ, ਜਿਨ੍ਹਾਂ ਦੀਆਂ ਨਜ਼ਰਾਂ ਹੁਣ ਗੱਠਜੋੜ ਦੇ ਅਗਲੇ ਕਦਮ ‘ਤੇ ਟਿਕੀਆਂ ਹੋਈਆਂ ਹਨ।