ਇਟਾਲੀਅਨ ਟੀਵੀ ਸ਼ੋਅ ‘ਚ ਨਿਹੰਗ ਸਿੰਘ ਨੂੰ ‘ਗੇ’ ਦਿਖਾਉਣ ‘ਤੇ ਭੜਕਿਆ ਸਿੱਖ ਭਾਈਚਾਰਾ, ਅਕਾਲ ਤਖ਼ਤ ਸਾਹਿਬ ਤੋਂ ਸਖ਼ਤ ਕਾਰਵਾਈ ਦੀ ਮੰਗ
ਜਲੰਧਰ: ਇਟਲੀ ਦੇ ਇੱਕ ਟੀ.ਵੀ. ਸੀਰੀਅਲ ਇਸਤ੍ਰਾਨੀ (Estrani) ਵਿੱਚ ਨਿਹੰਗ ਸਿੰਘ ਦੇ ਬਾਣੇ ਅਤੇ ਕਿਰਦਾਰ ਨੂੰ ਸਮਲਿੰਗੀ ('ਗੇ') ਵਜੋਂ ਪੇਸ਼ ਕੀਤੇ ਜਾਣ ਕਾਰਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਨਾਟਕ ਵਿੱਚ ਫਿਲਮਾਏ ਗਏ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਲੈ ਕੇ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਵਿੱਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ।
ਜਲੰਧਰ: ਇਟਲੀ ਦੇ ਇੱਕ ਟੀ.ਵੀ. ਸੀਰੀਅਲ ਇਸਤ੍ਰਾਨੀ (Estrani) ਵਿੱਚ ਨਿਹੰਗ ਸਿੰਘ ਦੇ ਬਾਣੇ ਅਤੇ ਕਿਰਦਾਰ ਨੂੰ ਸਮਲਿੰਗੀ (‘ਗੇ’) ਵਜੋਂ ਪੇਸ਼ ਕੀਤੇ ਜਾਣ ਕਾਰਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਨਾਟਕ ਵਿੱਚ ਫਿਲਮਾਏ ਗਏ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਲੈ ਕੇ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਵਿੱਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ।
ਸਿੱਖ ਰਹਿਤ ਮਰਿਆਦਾ ਅਤੇ ਪਰੰਪਰਾਵਾਂ ਅਨੁਸਾਰ ਦਸਤਾਰ ਅਤੇ ਦਸਤਾਰਾ (ਦੁਮਾਲਾ) ਸਜਾਉਂਦੇ ਸਮੇਂ ਪੂਰੀ ਮਰਿਆਦਾ ਅਤੇ ਸਾਦਗੀ ਦਾ ਧਿਆਨ ਰੱਖਣਾ ਲਾਜ਼ਮੀ ਹੁੰਦਾ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਇਸ ਦਾ ਵਿਰੋਧ ਤੇਜ਼ ਹੋ ਗਿਆ ਹੈ। ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਸੀਰੀਅਲ ਦੇ ਨਿਰਮਾਤਾਵਾਂ ਦੇ ਨਾਲ-ਨਾਲ ਸਥਾਨਕ ਸਿੱਖ ਸੰਗਤ ਦੀ ਚੁੱਪ ‘ਤੇ ਵੀ ਤਿੱਖੇ ਸਵਾਲ ਚੁੱਕੇ ਹਨ। ਚਰਚਿਤ ਪੌਡਕਾਸਟ ‘ਦ ਸੰਘਾ ਐਂਡ ਜੂਜੂ ਸ਼ੋਅ’ ਵਿੱਚ ਵੀ ਇਸ ਸੀਰੀਅਲ ਦੀ ਸਖ਼ਤ ਆਲੋਚਨਾ ਕਰਦਿਆਂ ਇਤਰਾਜ਼ ਜਤਾਇਆ ਗਿਆ ਹੈ।
ਨਿਹੰਗ ਸਿੰਘ ਦੇ ਰੂਪ ‘ਚ ਦਿਖਾਇਆ ਗਿਆ ਸਿੱਖ ਨਹੀਂ
ਇਸ ਪੂਰੇ ਮਾਮਲੇ ਵਿੱਚ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਟਲੀ ਦੇ ਇੱਕ ਸਥਾਨਕ ਗੁਰਦੁਆਰਾ ਸਾਹਿਬ ਵੱਲੋਂ ਸ਼ੋਅ ਦੀ ਸ਼ੂਟਿੰਗ ਵਿੱਚ ਵਰਤਣ ਲਈ ਪਾਲਕੀ ਸਾਹਿਬ ਮੁਹੱਈਆ ਕਰਵਾਈ ਗਈ, ਪਰ ਸ਼ੋਅ ਦੀ ਸਮੱਗਰੀ ਨੂੰ ਲੈ ਕੇ ਕੋਈ ਇਤਰਾਜ਼ ਨਹੀਂ ਜਤਾਇਆ ਗਿਆ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਨੌਜਵਾਨ ਨੂੰ ਨਿਹੰਗ ਸਿੰਘ ਦੇ ਬਾਣੇ ਵਿੱਚ ਦਿਖਾਇਆ ਗਿਆ ਹੈ, ਉਹ ਅਸਲ ਵਿੱਚ ਸਿੱਖ ਨਹੀਂ ਹੈ। ਹਾਲਾਂਕਿ, ਉਸ ਨੌਜਵਾਨ ਦੇ ਸਿਰ ‘ਤੇ ਜਿਸ ਤਰੀਕੇ ਨਾਲ ਦੁਮਾਲਾ ਸਜਾਇਆ ਗਿਆ ਹੈ, ਉਹ ਕਿਸੇ ਪੰਜਾਬੀ ਜਾਂ ਸਿੱਖ ਵੱਲੋਂ ਹੀ ਸਜਾਇਆ ਜਾ ਸਕਦਾ ਹੈ। ਨਾਟਕ ਦੇ ਇਨ੍ਹਾਂ ਇਤਰਾਜ਼ਯੋਗ ਦ੍ਰਿਸ਼ਾਂ ਕਾਰਨ ਪੂਰੀ ਦੁਨੀਆ ਵਿੱਚ ਸਿੱਖ ਕਿਰਦਾਰ ਅਤੇ ਮਰਿਆਦਾ ਨੂੰ ਲੈ ਕੇ ਗੰਭੀਰ ਸਵਾਲ ਉੱਠ ਰਹੇ ਹਨ।
ਸੀਰੀਅਲ ਦੀ ਕਹਾਣੀ ਅਤੇ ਮੁੱਖ ਕਿਰਦਾਰਾਂ ਦਾ ਵੇਰਵਾ
ਸਾਹਮਣੇ ਆਈ ਜਾਣਕਾਰੀ ਮੁਤਾਬਕ, ਇਸ ਪ੍ਰੋਜੈਕਟ ਵਿੱਚ ਕੁਝ ਸਿੱਖ ਨੌਜਵਾਨਾਂ ਨੇ ਵੀ ਅਦਾਕਾਰੀ ਕੀਤੀ ਹੈ, ਜਿਨ੍ਹਾਂ ਵਿੱਚ ਬਲਜਿੰਦਰ ਸਿੰਘ ਪ੍ਰਮੁੱਖ ਹੈ। ਹਾਲਾਂਕਿ, ਬਲਜਿੰਦਰ ਸਿੰਘ ਦਾ ਪੰਜਾਬ ਵਿੱਚ ਕਿਸ ਇਲਾਕੇ ਨਾਲ ਸਬੰਧ ਹੈ, ਇਸ ਬਾਰੇ ਅਜੇ ਤੱਕ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ। ਨਾਟਕ ਵਿੱਚ ਬਲਜਿੰਦਰ ਸਿੰਘ ‘ਮਨਰਾਜ ਸਿੰਘ’ ਨਾਮਕ ਮੁੱਖ ਕਿਰਦਾਰ ਨਿਭਾਅ ਰਿਹਾ ਹੈ, ਜਿਸ ਨੂੰ ਕਹਾਣੀ ਵਿੱਚ ਆਪਣੀ ਇਟਾਲੀਅਨ ਪ੍ਰੇਮਿਕਾ ਨਾਲ ਅਚਾਨਕ ਲਾਪਤਾ ਹੁੰਦੇ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਇੱਕ ਹੋਰ ਪਾਤਰ ਨੂੰ ਸਿਰ ‘ਤੇ ਦੁਮਾਲਾ ਅਤੇ ਨਕਲੀ ਦਾੜ੍ਹੀ ਲਗਾ ਕੇ ਨਿਹੰਗ ਸਰੂਪ ਵਿੱਚ ਪੇਸ਼ ਕੀਤਾ ਗਿਆ ਹੈ।
ਇਹ ਟੀ.ਵੀ. ਸੀਰੀਅਲ ਇਟਲੀ ਦੇ ਐਮੀਲੀਆ-ਰੋਮਾਗਨਾ (Emilia-Romagna) ਖੇਤਰ ਦੇ ਕੋਰੇਜੀਓ (Correggio) ਕਸਬੇ ‘ਤੇ ਆਧਾਰਿਤ ਹੈ, ਜਿੱਥੇ ਇਟਲੀ ਦੇ ਸਭ ਤੋਂ ਵੱਡੇ ਸਿੱਖ ਭਾਈਚਾਰਿਆਂ ਵਿੱਚੋਂ ਇੱਕ ਵਸਦਾ ਹੈ। ਸੀਰੀਅਲ ਵਿੱਚ ਕੈਮਿਲਾ ਨਾਮ ਦੀ ਇਟਾਲੀਅਨ ਲੜਕੀ ਅਤੇ ਮਨਰਾਜ ਨਾਮ ਦੇ ਸਿੱਖ ਨੌਜਵਾਨ ਦੀ ਪ੍ਰੇਮ ਕਹਾਣੀ ਦਿਖਾਈ ਗਈ ਹੈ। ਕਹਾਣੀ ਅਨੁਸਾਰ ਦੋਵੇਂ ਅਚਾਨਕ ਲਾਪਤਾ ਹੋ ਜਾਂਦੇ ਹਨ, ਜਿਸ ਤੋਂ ਬਾਅਦ ਪੁਲਿਸ ਜਾਂਚ ਸ਼ੁਰੂ ਹੁੰਦੀ ਹੈ। ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਲੌਰਾ ਨਾਮ ਦੀ ਮਹਿਲਾ ਕਾਰਾਬਿਨੀਏਰੀ (ਪੁਲਿਸ) ਅਧਿਕਾਰੀ ਨੂੰ ਸੌਂਪੀ ਜਾਂਦੀ ਹੈ ਅਤੇ ਇਸ ਦੌਰਾਨ ਮਨਰਾਜ ਦਾ ਰਿਸ਼ਤੇਦਾਰ ਬੀਸਾਨ ਵੀ ਜਾਂਚ ਵਿੱਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ੂਟਿੰਗ ਦੇ ਪ੍ਰਬੰਧਾਂ ‘ਤੇ ਉੱਠੇ ਗੰਭੀਰ ਸਵਾਲ
ਇਸ ਵਿਵਾਦ ਦੇ ਚੱਲਦਿਆਂ ਇਟਲੀ ਦੇ ਇੱਕ ਸਥਾਨਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸ਼ੂਟਿੰਗ ਨਾਲ ਜੁੜੇ ਪ੍ਰਬੰਧਾਂ ‘ਤੇ ਵੀ ਸਿੱਧੇ ਸਵਾਲ ਖੜ੍ਹੇ ਕੀਤੇ ਗਏ ਹਨ। ਦੋਸ਼ ਲਗਾਇਆ ਗਿਆ ਹੈ ਕਿ ਸ਼ੂਟਿੰਗ ਦੌਰਾਨ ਗੁਰਦੁਆਰਾ ਸਿੰਘ ਸਭਾ ਨੋਵਾਲਾ (Novellara) ਤੋਂ ਪਾਲਕੀ ਸਾਹਿਬ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਸੰਗਤ ਦੇ ਮੈਂਬਰਾਂ ਨੂੰ ਬੈਕਗ੍ਰਾਊਂਡ ਕਲਾਕਾਰਾਂ ਵਜੋਂ ਸ਼ਾਮਲ ਕੀਤਾ ਗਿਆ ਸੀ। ਸਮੂਹ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਦਲਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਸਬੰਧਤ ਵਿਅਕਤੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ।


