Supreme Court ਵਿੱਚ ਅਡਾਨੀ ‘ਤੇ ਕਮੇਟੀ ਦੀ ਸੀਲਬੰਦ ਰਿਪੋਰਟ ਦਾਇਰ, 12 ਮਈ ਨੂੰ ਹੋਵੇਗੀ ਸੁਣਵਾਈ
ਇਸ ਪੈਨਲ ਦੀ ਅਗਵਾਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਏ ਐਮ ਸਪਰੇ ਕਰ ਰਹੇ ਹਨ ਅਤੇ ਇਸ ਵਿੱਚ ਸਾਬਕਾ ਬੈਂਕਰ ਕੇਵੀ ਕਾਮਥ ਅਤੇ ਓਪੀ ਭੱਟ, ਇਨਫੋਸਿਸ ਦੇ ਸਹਿ-ਸੰਸਥਾਪਕ ਨੰਦਨ ਨੀਲੇਕਣੀ, ਪ੍ਰਤੀਭੂਤੀ ਵਕੀਲ ਸੋਮਸ਼ੇਖਰ ਸੁੰਦਰੇਸਨ ਅਤੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਜੇਪੀ ਦੇਵਧਰ ਸ਼ਾਮਲ ਹਨ।

ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਸੁਪਰੀਮ ਕੋਰਟ ਨੇ ਅਡਾਨੀ ਗਰੁੱਪ ਦੀ ਜਾਂਚ ਲਈ ਛੇ ਮੈਂਬਰੀ ਮਾਹਿਰ ਪੈਨਲ ਦਾ ਗਠਨ ਕੀਤਾ ਸੀ ਅਤੇ ਦੋ ਮਹੀਨਿਆਂ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਪੈਨਲ ਨੇ 8 ਮਈ ਨੂੰ ਸੁਪਰੀਮ ਕੋਰਟ ਵਿੱਚ ਸੀਲਬੰਦ ਲਿਫਾਫੇ ਵਿੱਚ ਆਪਣੀ ਰਿਪੋਰਟ ਦਾਇਰ ਕੀਤੀ ਹੈ। ਹੁਣ ਪੂਰਾ ਮਾਮਲਾ 12 ਮਈ ਨੂੰ ਚੀਫ਼ ਜਸਟਿਸ ਡੀਵਾਈ ਚੰਦਰਚੂੜ ( Dhananjaya Y. Chandrachud) ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕਮੇਟੀ ਨੇ ਸਾਰੇ ਮੁੱਦਿਆਂ ਦੀ ਘੋਖ ਕਰਕੇ ਆਪਣੀ ਵਿਸਥਾਰਤ ਰਿਪੋਰਟ ਕਮੇਟੀ ਨੂੰ ਸੌਂਪੀ ਹੈ ਜਾਂ ਅਦਾਲਤ ਤੋਂ ਕੁਝ ਦਿਨ ਹੋਰ ਮੰਗੇ ਹਨ।
29 ਅਪ੍ਰੈਲ ਨੂੰ, ਭਾਰਤੀ ਪ੍ਰਤੀਭੂਤੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਅਡਾਨੀ ਸਮੂਹ ਦੇ ਖਿਲਾਫ ਹਿੰਡਨਬਰਗ (Hindenburg) ਦੁਆਰਾ ਲਗਾਏ ਗਏ ਧੋਖਾਧੜੀ ਅਤੇ ਸਟਾਕ ਵਿੱਚ ਹੇਰਾਫੇਰੀ ਦੇ ਦੋਸ਼ਾਂ ਦੀ ਜਾਂਚ ਨੂੰ ਪੂਰਾ ਕਰਨ ਲਈ ਛੇ ਮਹੀਨੇ ਹੋਰ ਸਮਾਂ ਮੰਗਦੇ ਹੋਏ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਅਦਾਲਤ ਨੇ ਕਮੇਟੀ ਅਤੇ ਸੇਬੀ ਦੋਵਾਂ ਨੂੰ ਦੋ ਮਹੀਨਿਆਂ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ।